ਬੱਸ ਅੱਡਾ ਬਚਾਓ ਮੋਰਚਾ ਵੱਲੋਂ ਟਰਾਂਸਪੋਰਟ ਕਾਮਿਆਂ ਤੇ ਤਾਨਾਸ਼ਾਹੀ ਜਬਰ ਦੀ ਨਿਖੇਧੀ
ਅਸ਼ੋਕ ਵਰਮਾ
ਬਠਿੰਡਾ, 28 ਨਵੰਬਰ 2025: ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਪਨਬੱਸ ਅਤੇ ਪੀ.ਆਰ.ਟੀ.ਸੀ. ਕਰਮਚਾਰੀਆਂ ਤੇ ਪੰਜਾਬ ਸਰਕਾਰ ਵਲੋਂ ਹੋਏ ਪੁਲਿਸ ਤਸ਼ੱਦਦ ਦੀ ਬੱਸ ਅੱਡਾ ਬਚਾਓ ਮੋਰਚੇ ਵੱਲੋਂ ਤਿੱਖੀ ਨਿੰਦਾ ਕੀਤੀ ਗਈ ਹੈ। ਇਸ ਸੰਬੰਧੀ ਮੋਰਚੇ ਦੇ ਆਗੂ ਬਲਤੇਜ ਸਿੰਘ ਵਾਂਦਰ ਨੇ ਕਿਹਾ ਕਿ ਲੋਕਤੰਤਰ ਵਿੱਚ ਆਵਾਜ਼ ਬੁਲੰਦ ਕਰਨਾ ਹਰ ਨਾਗਰਿਕ ਦਾ ਹੱਕ ਹੈ, ਪਰ ਮੌਜੂਦਾ ਸਰਕਾਰ ਵਿਰੋਧ ਦੀ ਹਰ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਕੇ ਤਾਨਾਸ਼ਾਹੀ ਸੋਚ ਨੂੰ ਅਪਣਾ ਰਹੀ ਹੈ। ਉਹਨਾਂ ਕਿਹਾ ਕਿ ਇਹ ਰਵੱਈਆ ਨਾ ਸਿਰਫ਼ ਅਤਿ ਨਿੰਦਣਯੋਗ ਹੈ, ਸਗੋਂ ਚਿੰਤਾਜਨਕ ਵੀ ਹੈ। ਵਾਂਦਰ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ‘ਤੇ ਬੁਰੀ ਤਰ੍ਹਾਂ ਅਸਫਲ ਹੋ ਰਹੀ ਹੈ। ਇੱਕ ਪਾਸੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ, ਜੋ ਆਰਥਿਕ ਤੌਰ ‘ਤੇ ਕੰਗਾਲ ਹੋ ਚੁੱਕੀ ਹੈ।
ਉਹਨਾਂ ਕਿਹਾ ਕਿ ਬਠਿੰਡਾ ਬੱਸ ਅੱਡੇ ਨੂੰ ਵੇਚਣ ਲਈ ਦਿਨ ਰਾਤ ਜੋਰ ਲਗਾ ਰਹੀ ਹੈ ਓਥੇ ਹੀ ਦੂਜੇ ਪਾਸੇ, ਆਪਣੇ ਹੱਕਾਂ ਅਤੇ ਜਾਇਜ਼ ਮੰਗਾਂ ਲਈ ਆਵਾਜ਼ ਚੁੱਕਣ ਵਾਲੇ ਕਰਮਚਾਰੀਆਂ ਤੇ ਪੁਲਿਸ ਦੇ ਜ਼ਰੀਏ ਤਸ਼ੱਦਦ ਕਰਵਾ ਕੇ ਧੱਕੇਸ਼ਾਹੀ ਕਰ ਰਹੀ ਹੈ। ਸੰਦੀਪ ਬੋਬੀ ਅਤੇ ਹਰਵਿੰਦਰ ਹੈਪੀ ਕਿਹਾ ਕਿ ਸੰਘਰਸ਼ ਕਰ ਰਹੇ ਕਰਮਚਾਰੀਆਂ ਦਾ ਦੋਸ਼ ਸਿਰਫ਼ ਇੰਨਾ ਹੈ ਕਿ ਉਹ ਆਪਣੀਆਂ ਮੰਗਾਂ ਜਿਵੇਂ ਕਿ ਤਨਖਾਹਾਂ, ਸੁਰੱਖਿਆ ਅਤੇ ਰੋਜ਼ਗਾਰ ਦੀ ਗਾਰੰਟੀ ਨੂੰ ਕਾਨੂੰਨੀ ਅਤੇ ਸ਼ਾਂਤਮਈ ਤਰੀਕੇ ਨਾਲ ਉੱਠਾ ਰਹੇ ਹਨ। ਇਹ ਉਹੀ ਕਰਮਚਾਰੀ ਹਨ ਜਿਨ੍ਹਾਂ ਨੇ ਪੰਜਾਬ ਦੀ ਜਨਤਾ ਨੂੰ ਕਈ ਦਹਾਕਿਆਂ ਤੱਕ ਸੇਵਾ ਦਿੱਤੀ ਹੈ।
ਮੋਰਚੇ ਦੇ ਆਗੂ ਸੰਦੀਪ ਅਗਰਵਾਲ ਅਤੇ ਗੁਰਪ੍ਰੀਤ ਸਿੰਘ ਆਰਟਿਸਟ ਨੇ ਚਿਤਾਵਨੀ ਦਿੱਤੀ ਕਿ ਬੱਸ ਅੱਡਾ ਬਚਾਓ ਮੋਰਚਾ ਨਾ ਤਾਂ ਤਾਨਾਸ਼ਾਹੀ ਰਵੱਈਏ ਨੂੰ ਬਰਦਾਸ਼ਤ ਕਰੇਗਾ ਤੇ ਨਾ ਹੀ ਲੋਕਾਂ ਦੇ ਹੱਕਾਂ ਨਾਲ ਖਿਲਵਾੜ ਕਰਨ ਦੇ ਕਿਸੇ ਯਤਨ ਨੂੰ ਸਹਿਣ ਕਰੇਗਾ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਜਬਰ ਜ਼ੁਲਮ ਵਾਲਾ ਰਵਈਆ ਨਾ ਛੱਡਿਆ, ਤਾਂ ਪੰਜਾਬ ਭਰ ਵਿੱਚ ਵੱਡੇ ਪੱਧਰ ਦਾ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ। ਅਰਸ਼ਵੀਰ ਸਿੱਧੂ ਅਤੇ ਸੁਖਦੇਵ ਸਿੰਘ ਨੇ ਕਿਹਾ ਕਿ ਬਠਿੰਡਾ ਬੱਸ ਅੱਡੇ ਨੂੰ ਬਚਾਉਣਾ ਕੇਵਲ ਇਕ ਮੰਗ ਨਹੀਂ, ਸਗੋਂ ਸ਼ਹਿਰੀਆਂ ਦੇ ਹੱਕਾਂ ਨੂੰ ਬਚਾਉਣ ਦੀ ਲੜਾਈ ਹੈ। ਮੋਰਚਾ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਉਹ ਇਸ ਸੰਘਰਸ਼ ਵਿੱਚ ਆਪਣਾ ਭਰਪੂਰ ਸਮਰਥਨ ਦੇਣ।