ਬੰਦ ਕੀਤੀ ਝੋਨੇ ਦੀ ਖਰੀਦ ਚਾਲੂ ਕਰਾਉਣ ਲਈ ਬਠਿੰਡਾ ਦੇ ਡੀਸੀ ਦਫਤਰ ਅੱਗੇ ਧਰਨਾ
ਅਸ਼ੋਕ ਵਰਮਾ
ਬਠਿੰਡਾ, 21 ਨਵੰਬਰ 2025:ਮੰਡੀਆਂ ਵਿੱਚ ਵਿਕਣ ਲਈ ਪਿਆ ਅਤੇ ਖੇਤਾਂ ਵਿੱਚ ਖੜ੍ਹਾ ਝੋਨਾ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਦੁਆਰਾ ਝੋਨੇ ਦੀ ਬੰਦ ਕੀਤੀ ਹੋਈ ਖਰੀਦ ਨੂੰ ਜਾਰੀ ਕਰਾਉਣ ਲਈ ਅੱਜ ਭਾਰਤੀ ਕਿਸਾਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਨੇ ਡਿਪਟੀ ਕਮਿਸ਼ਨਰ ਬਠਿੰਡਾ ਅੱਗੇ ਧਰਨਾ ਦਿੱਤਾ ਜਿਸ ਤੋਂ ਬਾਅਦ ਡੀਸੀ ਅਤੇ ਜ਼ਿਲ੍ਹਾ ਖੁਰਾਕ ਸਪਲਾਈ ਅਫਸਰ ਨੇ ਕਿਸਾਨਾਂ ਨਾਲ ਮੀਟਿੰਗ ਕਰਕੇ ਸਮੱਸਿਆਵਾਂ ਦਾ ਅੱਜ ਹੀ ਹੱਲ ਕਰਨ ਦਾ ਭਰੋਸਾ ਦਿਵਾਇਆ ਹੈ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜਗਸੀਰ ਸਿੰਘ ਝੁੰਬਾ ਅਤੇ ਔਰਤ ਜਥੇਬੰਦੀ ਦੇ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਅਜੇ ਝੋਨਾ ਮੰਡੀਆਂ ਵਿੱਚ ਵਿਕਣ ਵਾਲਾ ਹੈ ਪਿਆ ਹੈ ਅਤੇ ਖੇਤਾਂ ਵਿੱਚ ਹਾਲੇ ਤੱਕ ਝੋਨੇ ਦੀ ਫਸਲ ਖੜੀ ਹੈ ਪਰ ਸਰਕਾਰ ਨੇ ਜਾਣਬੁਝ ਕੇ ਖਰੀਦ ਬੰਦ ਕਰ ਦਿੱਤੀ ਤਾਂ ਕਿ ਕਿਸਾਨਾਂ ਦੀ ਧੀਆਂ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਨੂੰ ਵਪਾਰੀ ਅਤੇ ਸ਼ੈਲਰ ਮਾਲਕ ਲੁੱਟ ਸਕਣ।
ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਹਰ ਵਾਰ ਲਿਫਟਿੰਗ ਦੀ ਸਮੱਸਿਆ ਆਉਂਦੀ ਹੈ ਜਿਸ ਨਾਲ ਜੋ ਵੀ ਮਜ਼ਦੂਰ ਮੰਡੀਆਂ ਵਿੱਚ ਕੰਮ ਕਰਨ ਆਉਂਦੇ ਹਨ ਉਹਨਾਂ ਨੂੰ ਵੱਧ ਖਜਲ ਖੁਆਰੀ ਅਤੇ ਵੇਹਲੇ ਬੈਠਿਆਂ ਖਰਚੇ ਪੈਂਦੇ ਹਨ। ਮੰਡੀਆਂ ਵਿੱਚੋਂ ਖਰੀਦ ਏਜੰਸੀਆਂ ਤੇ ਲਿਫਟਿੰਗ ਸਬੰਧੀ ਟਰੱਕਾਂ ਦੇ ਪਹੁੰਚਣ ਦੀ ਰਿਪੋਰਟ ਮਿਲਣ ਤੋਂ ਬਾਅਦ ਅੱਜ ਦਾ ਧਰਨਾ ਸਮਾਪਤ ਕਰ ਦਿੱਤਾ ਗਿਆ ਆਗੂਆਂ ਨੇ ਐਲਾਨ ਕੀਤਾ ਜੇਕਰ ਸਰਕਾਰ ਨੇ ਫਿਰ ਝੋਨੇ ਦਾ ਦਾਣਾ- ਦਾਣਾ ਸਰਕਾਰੀ ਖਰੀਦ ਮੁੱਲ ਤੇ ਖਰੀਦ ਸਬੰਧੀ ਕੋਈ ਕਿਸਾਨਾਂ ਮਜ਼ਦੂਰਾਂ ਲਈ ਸਮੱਸਿਆਵਾਂ ਖੜ੍ਹੀਆਂ ਕੀਤੀਆਂ ਤਾਂ ਦੁਬਾਰਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਅੱਜ ਦੇ ਧਰਨੇ ਵਿੱਚ ਮਾਲਣ ਕੌਰ ਕੋਠਾ ਗੁਰੂ, ਜਸਵੀਰ ਸਿੰਘ ਬੁਰਜ ਸੇਮਾ, ਗੁਰਪਾਲ ਸਿੰਘ ਦਿਓਣ, ਨਿਰਮਲ ਸਿੰਘ ਭੂੰਦੜ, ਗੁਰਦੀਪ ਸਿੰਘ ਮਾਈਸਰਖਾਨਾ, ਗੁਰਮੇਲ ਸਿੰਘ ਢੱਡੇ, ਬੂਟਾ ਸਿੰਘ ਬੱਲੋ ਸਮੇਤ ਵੱਖ ਵੱਖ ਬਲਾਕਾਂ/ ਪਿੰਡਾਂ ਦੇ ਆਗੂ ਵਰਕਰ ਸ਼ਾਮਲ ਸਨ।