ਬੰਗਲਾਦੇਸ਼ੀ ਹਿੰਦੂਆਂ ਤੇ ਅੱਤਿਆਚਾਰਾਂ ਖਿਲਾਫ ਹਿੰਦੂ ਮਹਾਗਠਜੋੜ ਨੇ ਫੂਕਿਆ ਪੁਤਲਾ
ਅਸ਼ੋਕ ਵਰਮਾ
ਬਠਿੰਡਾ, 21 ਦਸੰਬਰ 2025 : ਬੰਗਲਾਦੇਸ਼ ਵਿੱਚ ਘੱਟ ਗਿਣਤੀ ਹਿੰਦੂਆਂ ਤੇ ਹੋ ਰਹੇ ਕਾਤਲਾਨਾ ਹਮਲਿਆਂ ਅਤੇ ਇਸਲਾਮਿਕ ਅੱਤਵਾਦ ਖਿਲਾਫ ਬਠਿੰਡਾ ਵਿਖੇ ਹਿੰਦੂ ਮਹਾਂ ਗਠਬੰਧਨ ਦੀ ਅਗਵਾਈ ਹੇਠ ਵੱਖ-ਵੱਖ ਵਪਾਰਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਸ਼ਹਿਰ ਦੇ ਫਾਇਰ ਬ੍ਰਿਗੇਡ ਚੌਂਕ ਵਿੱਚ ਅੱਤਵਾਦ ਦਾ ਪੁਤਲਾ ਫੂਕਿਆ। ਇਸ ਮੌਕੇ ਹਾਜ਼ਰ ਲੋਕਾਂ ਨੇ ਅੱਤਵਾਦ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਇਸ ਮੌਕੇ ਹਿੰਦੂ ਮਹਾ ਗਠਬੰਧਨ ਦੇ ਕੌਮੀ ਪ੍ਰਧਾਨ ਐਡਵੋਕੇਟ ਸੰਦੀਪ ਪਾਠਕ ਨੇ ਤਿੱਖਾ ਰੋਸ ਜਤਾਉਂਦਿਆਂ ਕਿਹਾ ਕਿ ਬੰਗਲਾਦੇਸ਼ ਵਿੱਚ ਜੋ ਹਾਲਾਤ ਬਣੇ ਹੋਏ ਹਨ ਉਹ ਬੇਹੱਦ ਚਿੰਤਾਜਨਕ ਹਨ । ਉਹਨਾਂ ਕਿਹਾ ਕਿ ਬੰਗਲਾਦੇਸ਼ ਵਿੱਚ ਸਿਰਫ ਇੱਕ ਹਿੰਦੂ ਦਾ ਕਤਲ ਨਹੀਂ ਹੋਇਆ ਬਲਕਿ ਉੱਥੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੇ ਕਾਰੇ ਵੀ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਚੁਣ ਚੁਣ ਕੇ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਹ ਪੂਰੀ ਮਨੁੱਖਤਾ ਲਈ ਕਾਲਾ ਅਧਿਆਏ ਹੈ।
ਉਹਨਾਂ ਕਿਹਾ ਕਿ ਹਿੰਦੂ ਮੰਦਿਰਾਂ ਅਤੇ ਹਿੰਦੂਆਂ 'ਤੇ ਹੋ ਰਹੇ ਹਮਲਿਆਂ ਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਕਿਹਾ ਭਾਰਤ ਸਰਕਾਰ ਨੂੰ ਬੰਗਲਾਦੇਸ਼ ਵਿੱਚ ਸ਼ਾਂਤੀ ਬਹਾਲ ਕਰਨ ਲਈ ਸਿਆਸੀ ਅਤੇ ਫੌਜੀ ਕਾਰਵਾਈ ਦੇ ਬਦਲ ਖੁੱਲ੍ਹੇ ਰੱਖਣੇ ਚਾਹੀਦੇ ਹਨ। ਇਸ ਮੌਕੇ ਹਾਜ਼ਰ ਆਗੂਆਂ ਨੇ ਭਾਰਤ ਸਰਕਾਰ ਤੋਂ ਬੰਗਲਾਦੇਸ਼ ਵਿੱਚ ਹਿੰਦੂਆਂ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਅੱਤਵਾਦੀਆਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਤੇ ਰੋਕ ਲਾਉਣ ਲਈ ਦਖਲ ਦੇਣ ਦੀ ਮੰਗ ਵੀ ਕੀਤੀ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਜੀਵਨ ਗੋਇਲ, ਭਾਜਪਾ ਆਗੂ ਆਸ਼ੂਤੋਸ਼ ਤਿਵਾੜੀ, ਸੰਦੀਪ ਅਗਰਵਾਲ, ਰਾਜਨ ਗਰਗ ਅਤੇ ਹਿੰਦੂ ਮਹਾਂ ਗਠਬੰਧਨ ਦੇ ਮਹਿਲਾ ਵਿੰਗ ਦੀ ਪ੍ਰਧਾਨ ਰੀਤੂ ਸਮੇਤ ਸ਼ਹਿਰ ਦੇ ਵੱਡੀ ਗਿਣਤੀ ਪਤਵੰਤੇ ਵਿਅਕਤੀ ਹਾਜ਼ਰ ਸਨ।