ਬ੍ਰਮ ਸ਼ੰਕਰ ਜਿੰਪਾ ਨੇ 16.14 ਲੱਖ ਦੀ ਲਾਗਤ ਨਾਲ ਲੱਗੀਆਂ ਸਟਰੀਟ ਲਾਈਟਾਂ ਦੀ ਕਰਵਾਈ ਸ਼ੁਰੂਆਤ
- ਪੰਜਾਬ ਸਰਕਾਰ ਨੇ ਪਿੰਡਾਂ-ਸ਼ਹਿਰਾਂ ‘ਚ ਬੁਨਿਆਦੀ ਸਹੂਲਤਾਂ ਦਾ ਪੱਧਰ ਹੋਰ ਉੱਚਾ ਚੁੱਕਿਆ: ਜਿੰਪਾ
ਹੁਸ਼ਿਆਰਪੁਰ, 19 ਜਨਵਰੀ 2025: ਪੰਜਾਬ ਸਰਕਾਰ ਵਲੋਂ ਸ਼ਹਿਰਾਂ ਵਿਚ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਕਰਵਾਏ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਸਥਾਨਕ ਟਾਂਡਾ ਚੌਕ ਤੋਂ ਭਗਵਾਨ ਵਾਲਮੀਕਿ ਚੌਕ ਤੱਕ 16.14 ਲੱਖ ਰੁਪਏ ਦੀ ਲਾਗਤ ਨਾਲ ਸਟਰੀਟ ਲਾਈਟਾਂ ਲਗਵਾਈਆਂ ਗਈਆਂ ਜਿਨ੍ਹਾਂ ਦੀ ਸ਼ੁਰੂਆਤ ਸ਼ਨੀਵਾਰ ਸ਼ਾਮ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਵਲੋੰ ਕਰਵਾਈ ਗਈ।
ਮੇਅਰ ਸੁਰਿੰਦਰ ਕੁਮਾਰ ਸ਼ਿੰਦਾ ਸਮੇਤ ਸਟਰੀਟ ਲਾਈਟਾਂ ਦਾ ਉਦਘਾਟਨ ਕਰਨ ਉਪਰੰਤ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿਚ ਬੁਨਿਆਦੀ ਢਾਂਚੇ ਦੀ ਹੋਰ ਮਜ਼ਬੂਤੀ ਅਤੇ ਇਸ ਦਾ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਟਾਂਡਾ ਰੋਡ ਤੋਂ ਭਗਵਾਨ ਵਾਲਮੀਕਿ ਚੌਕ ਤੱਕ ਸੜਕ ਵਿਚ ਰੌਸ਼ਨੀ ਘੱਟ ਹੋਣ ਕਾਰਨ ਆਉਣ-ਜਾਣ ਵਾਲਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈੰਦਾ ਸੀ ਜਿਸ ਦੇ ਮੱਦੇਨਜਰ ਨਗਰ ਨਿਗਮ ਵੱਲੋਂ ਇਸ ਕਾਰਜ ਨੂੰ ਮੁਕੰਮਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿਚ 30 ਸਟਰੀਟ ਲਾਈਟਾਂ ਲਗਾਈਆਂ ਗਈਆਂ ਹਨ ਜਿਸ ਨਾਲ ਲੋਕਾਂ ਨੂੰ ਰਾਤ ਸਮੇਂ ਅਤੇ ਧੁੰਦ ਦੇ ਮੌਸਮ ਵਿਚ ਸਹੂਲਤ ਮਿਲੇਗੀ ਅਤੇ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਦੇ ਹੋਰਨਾਂ ਖੇਤਰਾਂ ਵਿਚ ਵੀ ਸਟਰੀਟ ਲਾਈਟਾਂ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਵਿਧਾਇਕ ਜਿੰਪਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਬੁਨਿਆਦੀ ਢਾਂਚੇ ਦੀ ਹੋਰ ਮਜ਼ਬੂਤੀ ਲਈ ਲਗਾਤਾਰ ਕੰਮ ਕਰਵਾਏ ਜਾ ਹਨ ਜਿਸ ਤਹਿਤ ਕਰੀਬ 650 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਦਿਨ ਵਿਚ 607 ਮੈਗਾਲੀਟਰ ਸਮਰਥਾ ਵਾਲੇ ਨਵੇਂ ਸੀਵਰੇਜ ਟਰੀਟਮੈਂਟ ਪਲਾਂਟ ਸਥਾਪਤ ਕੀਤੇ ਜਾ ਰਹੇ ਹਨ ਜਿਹੜੇ ਆਉਂਦੇ ਕਰੀਬ ਡੇਢ ਸਾਲ ਤੱਕ ਮੁਕੰਮਲ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਸ਼ਹਿਰੀ ਬੁਨਿਆਦੀ ਢਾਂਚੇ ਵਿਚ ਹੋਰ ਸੁਧਾਰ ਲਿਆਉਣ ਦੀ ਲੜੀ ਤਹਿਤ ਮੌਜੂਦਾ ਵਿੱਤੀ ਸਾਲ ਦੌਰਾਨ ਵੱਖ-ਵੱਖ ਨਗਰ ਨਿਗਮਾਂ ਦੇ ਖੇਤਰਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਲਈ ਕਰੀਬ 450 ਕਰੋੜ ਰੁਪਏ ਜਾਰੀ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਹੋਰਨਾਂ ਬੁਨਿਆਦੀ ਸਹੂਲਤਾਂ ਦੀ ਉਪਲਬਧਤਾ ਲਈ ਵੀ ਲਗਾਤਾਰ ਕਾਰਜ ਪ੍ਰਗਤੀ ਅਧੀਨ ਹਨ ਜਿਨ੍ਹਾਂ ਵਿਚ ਸਵੱਛ ਭਾਰਤ ਮਿਸ਼ਨ ਤਹਿਤ ਸ਼ਹਿਰੀ ਸਥਾਨਕ ਇਕਾਈਆਂ ਨੂੰ ਠੋਸ ਰਹਿੰਦ ਖੂੰਹਦ ਪ੍ਰਬੰਧਨ ਮਸ਼ੀਨਰੀ ਲਈ 401.73 ਕਰੋੜ ਰੁਪਏ ਜਾਰੀ ਕੀਤੇ ਗਏ ਸਨ ਅਤੇ ਪਿਛਲੇ ਦਿਨਾਂ ਦੌਰਾਨ ਸੀਵਰੇਜਾਂ ਦੀ ਸਫਾਈ ਲਈ ਸੂਬੇ ਵਿਚ 730 ਮਸ਼ੀਨਾਂ ਦੀ ਖ੍ਰੀਦ ਕੀਤੀ ਜਾ ਚੁੱਕੀ ਹੈ।
ਹੁਸ਼ਿਆਰਪੁਰ ਸ਼ਹਿਰ ਵਿਚ ਨਗਰ ਨਿਗਨ ਵੱਲੋਂ ਹਰ ਲੋੜੀਂਦੀ ਸਹੂਲਤ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਵਿਧਾਇਕ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋੰ ਸ਼ਹਿਰ ਵਿਚ ਹਰ ਖੇਤਰ ਵਿਚ ਬੁਨਿਆਦੀ ਸਹੂਲਤਾਂ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਵੱਲੋਂ ਪਾਣੀ ਦੀ ਸਪਲਾਈ ਲਈ ਨਵੇਂ ਟਿਊਬਵੈੱਲਾਂ ਦੀ ਸ਼ੁਰੂਆਤ ਕਰਵਾਈ ਗਈ ਹੈ ਜਿਸ ਨਾਲ ਸੰਬੰਧਤ ਇਲਾਕਿਆਂ ਵਿਚ ਪਾਣੀ ਦੀ ਘਾਟ ਨੂੰ ਦੂਰ ਕੀਤਾ ਗਿਆ । ਇਸ ਮੌਕੇ ਬਲਦੀਪ ਕੌਰ, ਸਤਪਾਲ ਸਲਬਾੜਾ, ਸਾਬਕਾ ਕੌਂਸਲਰ ਤੀਰਥ ਰਾਮ, ਕੌਂਸਲਰ ਸੁਨੀਤਾ ਬਾਘਾ, ਕੌਂਸਲਰ ਗੁਰਮੀਤ ਰਾਮ, ਬਲਵਿੰਦਰ ਸਿੰਘ ਬਾਘਾ, ਮਨਜੀਤ ਸਿੰਘ, ਅਜੇ ਰਾਣਾ, ਹਰਜਿੰਦਰ ਵਿਰਦੀ ਆਦਿ ਵੀ ਮੌਜੂਦ ਸਨ।