ਬਠਿੰਡਾ ਪੁਲਿਸ ਨੇ ਗੁੰਮ ਹੋਏ 22 2 ਮੋਬਾਈਲ ਫੋਨ ਮਾਲਕਾਂ ਦੇ ਕੀਤੇ ਹਵਾਲੇ
ਬਠਿੰਡਾ, 19 ਸਤੰਬਰ 2025 : ਐੱਸ.ਐੱਸ.ਪੀ ਮੈਡਮ ਅਮਨੀਤ ਕੌਂਡਲ ਨੇ ਦੱਸਿਆ ਕਿ ਬਠਿੰਡਾ ਪੁਲਿਸ ਵਲੋਂ ਸੈਂਟਰਲ ਅਕਿਊਪਮੈਂਟ ਅਡੈਂਟਿਟੀ ਰਜਿਸਟਰ (ਸੀ.ਈ.ਆਈ.ਆਰ.) ਦੀ ਮੱਦਦ ਨਾਲ ਪੁਲਿਸ ਦੀ ਸਮੁੱਚੀ ਟੀਮ ਦੇ ਤਜ਼ਰਬੇਕਾਰ ਕਰਮਚਾਰੀਆਂ ਦੀ ਇੱਕ ਸਾਂਝੀ ਟੀਮ ਨੇ ਪ੍ਰੰਪਰਾਗਤ ਤੇ ਆਧੁਨਿਕ ਵਿਗਿਆਨਕ ਤਕਨੀਕ ਦੇ ਸੁਮੇਲ ਨਾਲ ਅੱਜ 222 ਗੁੰਮ ਹੋਏ ਮੋਬਾਇਲ ਫੋਨ ਲੱਭ ਕੇ ਮਾਲਕਾਂ ਦੇ ਹਵਾਲੇ ਕੀਤੇ ਗਏ, ਜਿਨ੍ਹਾਂ ਦੀ ਕੀਮਤ ਕਰੀਬ 25,47,400/- ਰੁਪਏ ਹੈ।
ਐਸਐਸਪੀ ਨੇ ਦੱਸਿਆ ਕਿ ਸੀ.ਈ.ਆਈ.ਆਰ ਪੋਰਟਲ ਅਪ੍ਰੈਲ ਸਾਲ 2023 ਤੋ ਚਾਲੂ ਹੋਇਆ ਹੈ, ਜਿਸ ਦੀ ਮਦਦ ਨਾਲ ਹੁਣ ਤੱਕ ਬਠਿੰਡਾ ਪੁਲਿਸ ਵੱਲੋਂ ਕੁੱਲ 1052 ਮੋਬਾਈਲ ਫੋਨ ਰਿਕਵਰ ਕਰਕੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਬਠਿੰਡਾ ਪੁਲਿਸ ਲਗਾਤਾਰ 24 ਘੰਟੇ ਆਪਣੇ ਕੰਮ ਵਿਚ ਮੁਸਤੈਦ ਹੈ, ਜਿਸ ਦੇ ਸਿੱਟੇ ਵਜੋਂ ਭਵਿਖ ਵਿਚ ਪਬਲਿਕ ਦੇ ਬਾਕੀ ਰਹਿੰਦੇ ਗੁੰਮਸ਼ੁਦਾ ਮੋਬਾਈਲ ਫੋਨ ਬਰਾਮਦ ਹੋਣ ਦੀ ਵੱਡੀ ਉਮੀਦ ਹੈ।
ਐਸਐਸਪੀ ਮੈਡਮ ਅਮਨੀਤ ਕੌਂਡਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪਿਛਲੇ ਦਿਨਾਂ ਵਿੱਚ 488 ਮੋਬਾਈਲ ਫੋਨ ਟਰੇਸ ਕਰਕੇ ਉਨ੍ਹਾਂ ਦੇ ਅਸਲੀ ਮਾਲਕਾਂ ਹਵਾਲੇ ਕੀਤੇ ਗਏ, ਜਿਨ੍ਹਾਂ ਦੀ ਕੁੱਲ ਕੀਮਤ 66 ਲੱਖ ਰੁਪਏ ਦੇ ਕਰੀਬ ਬਣਦੀ ਸੀ। ਮਹੀਨਾ ਜਨਵਰੀ 2025 ਤੋਂ ਹੁਣ ਤੱਕ ਬਠਿੰਡਾ ਪੁਲਿਸ ਵੱਲੋਂ ਕੁੱਲ 710 ਮੋਬਾਈਲ ਫੋਨ ਟਰੇਸ ਕੀਤੇ ਗਏ ਹਨ ਜਿਨ੍ਹਾਂ ਦੀ ਕੁੱਲ ਕੀਮਤ ਕਰੀਬ 91 ਲੱਖ ਰੁਪਏ ਬਣਦੀ ਹੈ।
ਐਸਐਸਪੀ ਨੇ ਆਮ ਲੋਕਾਂ ਨੂੰ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਮੋਬਾਈਲ ਫੋਨ ਗੁੰਮ ਹੋ ਜਾਦਾ ਹੈ ਤਾਂ ਉਹ ਤੁਰੰਤ ਸੀ.ਈ.ਆਈ.ਆਰ ਪੋਰਟਲ ਤੇ ਆਨ-ਲਾਇਨ ਜਾਂ ਨੇੜਲੇ ਪੁਲਿਸ ਸਾਂਝ ਕੇਂਦਰ ਵਿੱਚ ਇਸ ਸਬੰਧੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।