ਬਠਿੰਡਾ: ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਵੱਲੋਂ ਆਪਣੇ ਬਲਬੂਤੇ 'ਤੇ ਚੋਣਾਂ ਲੜਨ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 21 ਜਨਵਰੀ 2026 : ਭਾਜਪਾ ਜ਼ਿਲ੍ਹਾ ਬਠਿੰਡਾ ਪ੍ਰਧਾਨ ਅਤੇ ਬਠਿੰਡਾ ਸ਼ਹਿਰੀ ਹਲਕੇ ਤੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਆਖਿਆ ਹੈ ਕਿ ਭਾਰਤੀ ਜਨਤਾ ਪਾਰਟੀ ਕਿਸੇ ਨਾਲ ਗਠਜੋੜ ਨਹੀਂ ਕਰੇਗੀ ਅਤੇ ਵਿਧਾਨ ਸਭਾ ਚੋਣਾਂ ਤੋਂ ਇਲਾਵਾ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਵੀ ਆਪਣੇ ਦਮ 'ਤੇ ਲੜੀਆਂ ਜਾਣਗੀਆਂ। ਇਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਉਹਨਾਂ ਉਹਨਾਂ ਸਭ ਤੋਂ ਪਹਿਲਾਂ ਭਾਜਪਾ ਦੇ ਨਵੇਂ ਬਣੇ ਕੌਮੀ ਪ੍ਰਧਾਨ ਨਿਤਨ ਨਾਬੀਨ ਨੂੰ ਵਧਾਈ ਦਿੱਤੀ ਅਤੇ ਸ਼ਹਿਰੀ ਹਲਕੇ ਲਈ ਆਪਣਾ ਏਜੰਡਾ ਪੇਸ਼ ਕੀਤਾ।
ਉਹਨਾਂ ਆਖਿਆ ਕਿ ਪਾਰਟੀ ਨਗਰ ਨਿਗਮ ਚੋਣਾਂ ਲਈ ਪੂਰੀ ਤਰਾਂ ਤਿਆਰ ਹੈ । ਉਨਾਂ ਕਿਹਾ ਕਿ ਇੱਕ ਵਾਰਡ ਵਿੱਚ ਕਈ ਕਈ ਆਗੂ ਦਾਅਵੇਦਾਰੀ ਜਿਤਾ ਰਹੇ ਹਨ ਪਰ ਪਾਰਟੀ ਪੂਰੀ ਤਰਾਂ ਸੋਚ ਵਿਚਾਰ ਅਤੇ ਸਰਵੇਖਣ ਤੋਂ ਬਾਅਦ ਜਿੱਤਣ ਵਾਲੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰੇਗੀ। ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਸਰਕਾਰ ਦੇ ਹੱਥੋਂ ਨਿਕਲ ਚੁੱਕੇ ਹਨ ਹਰ ਪਾਸੇ ਕਤਲੋ ਗਾਰਦ, ਲੁੱਟ ਖੋਹ, ਡਕੈਤੀਆਂ ਹੋ ਰਹੀਆਂ ਹਨ, ਫਰੌਤੀਆਂ ਮੰਗੀਆਂ ਜਾ ਰਹੀਆਂ ਹਨ।
ਉਹਨਾਂ ਕਿਹਾ ਕਿ ਫਰੌਤੀ ਨਾ ਦੇਣ ਤੇ ਗੈਂਗਸਟਰਾਂ ਵੱਲੋਂ ਫਾਇਰਿੰਗ ਕਰਕੇ ਦਹਿਸ਼ਤ ਬਣਾਈ ਜਾ ਰਹੀ ਹੈ।ਵਿਆਹਾਂ ਵਿੱਚ ਬੈਠੇ ਵਿਅਕਤੀ ਵੀ ਸੁਰੱਖਿਤ ਨਹੀਂ, ਜਿਸ ਕਰਕੇ ਪੰਜਾਬੀਆਂ ਅਤੇ ਖਾਸ ਕਰ ਵਪਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ, ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇਸ ਪਾਸੇ ਕੋਈ ਧਿਆਨ ਨਹੀਂ।
ਉਹਨਾਂ ਕਿਹਾ ਕਿ ਚਾਰ ਸਾਲ ਹੋਰਨਾ ਪਾਰਟੀਆਂ ਤੇ ਦੂਸ਼ਣਬਾਜੀ ਕਰਕੇ ਸਮਾਂ ਟਪਾ ਦਿੱਤਾ ਪਰ ਲੋਕਾਂ ਨਾਲ ਕੀਤੇ ਵਾਅਦੇ ਦਿੱਤੀਆਂ ਗਰੰਟੀਆਂ ਵੀ ਪੂਰੀਆਂ ਨਹੀਂ ਕੀਤੀਆਂ ਜਿਸ ਕਰਕੇ ਸਰਕਾਰ ਤੋਂ ਹਰ ਵਰਗ ਨਿਰਾਸ਼ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਡਬਲ ਇੰਜਨ ਵਾਲੀ ਭਾਜਪਾ ਦੀ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਤਿਆਰ ਬਰ ਤਿਆਰ ਹੈ।
ਉਹਨਾਂ ਕਿਹਾ ਕਿ ਨਗਰ ਨਿਗਮ ਚੋਣਾਂ ਵਿੱਚ ਵੀ ਭਾਜਪਾ ਪੂਰਨ ਬਹੁਮਤ ਲਵੇਗੀ ਜਿਸ ਲਈ ਭਾਜਪਾ ਲੀਡਰਸ਼ਿਪ ਅਤੇ ਵਰਕਰਾਂ ਵਿੱਚ ਪੂਰਾ ਉਤਸਾਹ ਹੈ। ਸਿੰਗਲਾ ਨੇ ਕਿਹਾ ਕਿ ਸਰਕਾਰ ਦਾ ਕੰਮ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਮੁਹਈਆ ਕਰਵਾਉਣਾ ਹੁੰਦਾ ਹੈ ਨਾ ਕਿ ਜੁਮਲੇਬਾਜ਼ੀ ਕਰਕੇ ਗੁਮਰਾਹ ਕਰਨਾ ਹੁੰਦਾ ਹੈ, ਜਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਮਾਹਰ ਹਨ ਪਰ ਪੰਜਾਬੀ ਸਮਝ ਚੁੱਕੇ ਹਨ ਕਿ ਸੂਬੇ ਦੇ ਹਾਲਾਤ ਮਾੜੇ ਹਨ ਅਤੇ ਸਰਕਾਰ ਨੇ ਚਾਰ ਸਾਲ ਵਿੱਚ ਲੋਕਾਂ ਦੀ ਭਲਾਈ ਲਈ ਕੋਈ ਕੰਮ ਨਹੀਂ ਕੀਤਾ ਜਿਸ ਕਰਕੇ ਲੋਕ ਬਦਲਾਵ ਲਿਆਉਣ ਅਤੇ ਭਾਜਪਾ ਦੀ ਸਰਕਾਰ ਬਣਾਉਣ ਲਈ ਸਹਿਯੋਗ ਕਰਨਗੇ।