ਫੀਫਾ ਵਿਸ਼ਵ ਕੱਪ 2026: ਨਿਊਜ਼ੀਲੈਂਡ ਦਾ ਦੂਜਾ ਵੱਡਾ ਮੁਕਾਬਲਾ ਕੱਲ੍ਹ ਮਿਸਰ (Egypt) ਨਾਲ ਦੁਪਹਿਰ 1 ਵਜੇ ਹੋਵੇਗਾ
-ਹੋਵੇਗਾ ਫਸਵਾਂ ਮੈਚ, ਮਿਸਰ ਇਕ ਵਾਰ ਹਰਾ ਚੁੱਕਾ ਹੈ ਨਿਊਜ਼ੀਲੈਂਡ ਨੂੰ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 21 ਜੂਨ, 2026:- ਵਿਸ਼ਵ ਫੁੱਟਬਾਲ ਕੱਪ ਦੇ ਵਿਚ ਨਿਊਜ਼ੀਲੈਂਡ ਦਾ ਦੂਜਾ ਵੱਡਾ ਮੁਕਾਬਲਾ ਕੱਲ੍ਹ ਮਿਸਰ ਦੇਸ਼ ਦੇ ਨਾਲ ਹੋਣ ਜਾ ਰਹੀ ਹੈ। ਇਹ ਮੈਚ ਦੁਪਹਿਰ 1 ਵਜੇ TVNZ ਉਤੇ ਨਿਊਜ਼ੀਲੈਂਡ ਵਾਸੀਆਂ ਲਈ ਪ੍ਰਸਾਰਿਤ ਵੀ ਹੋਵੇਗਾ। ਇਹ ਮੈਚ ਕੈਨੇਡਾ ਦੇ ਵੈਨਕੂਵਰ ਵਿੱਚ ਸਥਿਤ ਬੀਸੀ ਪਲੇਸ (BC Place) ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਵੈਨਕੂਵਰ ਦੇ ਸਥਾਨਕ ਸਮੇਂ ਮੁਤਾਬਕ ਇਹ ਮੈਚ ਐਤਵਾਰ, 21 ਜੂਨ ਨੂੰ ਸ਼ਾਮੀ 6:00 ਵਜੇ (Local Time) ਸ਼ੁਰੂ ਹੋਵੇਗਾ। ਵੈਨਕੂਵਰ ਅਤੇ ਨਿਊਜ਼ੀਲੈਂਡ ਦੇ ਸਮੇਂ ਵਿੱਚ 19 ਘੰਟੇ ਦਾ ਫਰਕ ਹੈ (ਮਤਲਬ ਕਿ ਨਿਊਜ਼ੀਲੈਂਡ ਕੈਨੇਡਾ ਦੇ ਵੈਨਕੂਵਰ ਸ਼ਹਿਰ ਤੋਂ 19 ਘੰਟੇ ਅੱਗੇ ਚੱਲ ਰਿਹਾ ਹੈ)।
ਨਿਊਜ਼ੀਲੈਂਡ ਵਿੱਚ ਰਹਿਣ ਵਾਲੇ ਪ੍ਰਸ਼ੰਸਕ ਇਸ ਮੈਚ ਨੂੰ TVNZ 1 ’ਤੇ ਬਿਲਕੁਲ ਮੁਫ਼ਤ (Free-to-Air) ਦੇਖ ਸਕਦੇ ਹਨ ਅਤੇ TVNZ ਐਪ ’ਤੇ ਮੁਫ਼ਤ ਲਾਈਵ ਸਟਰੀਮ ਵੀ ਕਰ ਸਕਦੇ ਹਨ।
ਵਰਨਣਯੋਗ ਹੈ ਕਿ ਫੀਫਾ ਵਿਸ਼ਵ ਕੱਪ 2026 ਦੇ ਗਰੁੱਪ-ਜੀ ਦੇ ਆਪਣੇ ਪਹਿਲੇ ਹੀ ਮੈਚ ਵਿੱਚ ਨਿਊਜ਼ੀਲੈਂਡ ਨੇ ਇਰਾਨ ਵਿਰੁੱਧ 2-2 ਨਾਲ ਸ਼ਾਨਦਾਰ ਡਰਾਅ ਖੇਡ ਕੇ ਫੁੱਟਬਾਲ ਜਗਤ ਵਿੱਚ ਸਨਸਨੀ ਫੈਲਾ ਦਿੱਤੀ ਹੋਈ ਹੈ। 16 ਸਾਲਾਂ ਬਾਅਦ ਵਿਸ਼ਵ ਸਟੇਜ ’ਤੇ ਵਾਪਸੀ ਕਰ ਰਹੀ ਕੀਵੀ ਟੀਮ ਨੇ ਆਪਣੇ ਹੌਸਲੇ ਅਤੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਵਿਸ਼ਵ ਕੱਪ ਵਿੱਚ ਇੱਕ ਇਤਿਹਾਸਕ ਅੰਕ ਹਾਸਲ ਕੀਤਾ ਹੈ।
ਪਹਿਲੇ ਮੈਚ: ਐਲਿਜਾ ਜਸਟ ਦਾ ਡਬਲ ਧਮਾਕਾ ਅਤੇ ਪੰਜਾਬੀ ਪੁੱਤਰ ਸਰਪ੍ਰੀਤ ਸਿੰਘ ਦਾ ਕਮਾਲ
ਇਸ ਰੋਮਾਂਚਕ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਦੋ ਵਾਰ ਬੜ੍ਹਤ ਬਣਾਈ। ਟੀਮ ਦੇ ਸਟਾਰ ਖਿਡਾਰੀ ਐਲਿਜਾ ਜਸਟ ਨੇ ਦੋ ਸ਼ਾਨਦਾਰ ਗੋਲ (7ਵੇਂ ਅਤੇ 54ਵੇਂ ਮਿੰਟ ਵਿੱਚ) ਦਾਗ ਕੇ ਇਤਿਹਾਸ ਰਚ ਦਿੱਤਾ। ਉਹ ਨਿਊਜ਼ੀਲੈਂਡ ਲਈ ਕਿਸੇ ਇੱਕ ਵਿਸ਼ਵ ਕੱਪ ਮੈਚ ਵਿੱਚ ਦੋ ਗੋਲ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਦੀ ਇਸ ਇਤਿਹਾਸਕ ਖੇਡ ਸਦਕਾ ਉਹ ਟੀਮ ਲਈ ਵੱਡੇ ਸਟਾਰ ਵਜੋਂ ਉਭਰੇ ਹਨ।
ਇਸ ਮੈਚ ਵਿੱਚ ਇੱਕ ਹੋਰ ਵੱਡਾ ਰਿਕਾਰਡ ਜਲੰਧਰ (ਪੰਜਾਬ) ਦੇ ਪਿਛੋਕੜ ਵਾਲੇ ਸਰਪ੍ਰੀਤ ਸਿੰਘ ਦੇ ਨਾਮ ਰਿਹਾ। ਨੰਬਰ 10 ਦੀ ‘ਸਿੰਘ’ ਨਾਂਅ ਲਿਖੀ ਜਰਸੀ ਪਹਿਨ ਕੇ ਮੈਦਾਨ ਵਿੱਚ ਉਤਰੇ ਸਰਪ੍ਰੀਤ ਸਿੰਘ ਫੀਫਾ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸ਼ੁਰੂਆਤੀ 11 ਖਿਡਾਰੀਆਂ ਵਿੱਚ ਖੇਡਣ ਵਾਲੇ ਪਹਿਲੇ ਭਾਰਤੀ ਮੂਲ ਦੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਕਪਤਾਨ ਕ੍ਰਿਸ ਵੁੱਡ ਅਤੇ ਐਲਿਜਾ ਜਸਟ ਨਾਲ ਮਿਲ ਕੇ ਅਹਿਮ ਭੂਮਿਕਾ ਨਿਭਾਈ ਅਤੇ 90 ਮਿੰਟ ਤੱਕ ਮੈਦਾਨ ’ਤੇ ਸ਼ਾਨਦਾਰ ਖੇਡ ਦਿਖਾਉਣ ਤੋਂ ਬਾਅਦ ਉਹ ਇੰਜਰੀ ਟਾਈਮ ਵਿੱਚ ਸਬਸਟੀਚਿਊਟ ਹੋਏ।
ਤੀਜਾ ਮੈਚ ਕਦੋਂ ਹੈ?
ਤੀਜਾ ਅਤੇ ਆਖਰੀ ਸਭ ਤੋਂ ਮੁਸ਼ਕਲ ਮੁਕਾਬਲਾ ਵਿਸ਼ਵ ਦੀ ਦਿੱਗਜ ਟੀਮ ਬੈਲਜੀਅਮ ਨਾਲ ਸ਼ਨੀਵਾਰ, 27 ਜੂਨ 2026 ਨੂੰ ਦੁਪਹਿਰੇ 3:00 ਵਜੇ (NZDT / NZT) (ਵੈਨਕੂਵਰ ਵਿੱਚ ਸ਼ੁੱਕਰਵਾਰ, 26 ਜੂਨ ਨੂੰ ਸ਼ਾਮੀ 8:00 ਵਜੇ) ਹੋਵੇਗਾ।
ਗਰੁੱਪ ਦੀ ਮੌਜੂਦਾ ਸਥਿਤੀ ਅਤੇ ਅਗਲੇ ਦੌਰ (ਨੌਕਆਊਟ) ਦੀਆਂ ਸਮੀਕਰਨਾਂ
ਗਰੁੱਪ-ਜੀ ਵਿੱਚ ਇਸ ਵੇਲੇ ਸਾਰੀਆਂ ਚਾਰ ਟੀਮਾਂ (ਨਿਊਜ਼ੀਲੈਂਡ, ਇਰਾਨ, ਬੈਲਜੀਅਮ ਅਤੇ ਮਿਸਰ) ਆਪਣੇ ਪਹਿਲੇ ਮੈਚ ਡਰਾਅ ਹੋਣ ਕਾਰਨ 1-1 ਅੰਕ ’ਤੇ ਬਰਾਬਰ ਹਨ। ਬੈਲਜੀਅਮ ਅਤੇ ਮਿਸਰ ਦਾ ਮੈਚ ਵੀ 1-1 ਨਾਲ ਡਰਾਅ ਰਿਹਾ ਸੀ। ਨਿਊਜ਼ੀਲੈਂਡ ਵਧੀਆ ਫੇਅਰ-ਪਲੇ ਰਿਕਾਰਡ ਕਾਰਨ ਅਧਿਕਾਰਤ ਤੌਰ ’ਤੇ ਗਰੁੱਪ ਵਿੱਚ ਚੋਟੀ ’ਤੇ ਚੱਲ ਰਿਹਾ ਹੈ।
ਅਗਲੇ ਦੌਰ ਵਿੱਚ ਸੁਰੱਖਿਅਤ ਥਾਂ ਬਣਾਉਣ ਲਈ ਨਿਊਜ਼ੀਲੈਂਡ ਨੂੰ ਘੱਟੋ-ਘੱਟ 4 ਤੋਂ 5 ਅੰਕਾਂ ਦੀ ਲੋੜ ਹੈ। ਇਸ ਲਈ ਅਗਲੇ ਦੋ ਮੈਚਾਂ ਵਿੱਚੋਂ ਇੱਕ ਜਿੱਤ ਬਹੁਤ ਜ਼ਰੂਰੀ ਹੈ।
ਮੈਦਾਨ ’ਤੇ ਨਵੀਂ ਉਮੀਦ ਬਣੀ ਸਰਪ੍ਰੀਤ ਅਤੇ ਐਲਿਜਾ ਜਸਟ ਦੀ ‘ਜੁਗਲਬੰਦੀ’
ਨਿਊਜ਼ੀਲੈਂਡ ਫੁੱਟਬਾਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਦੇਖਿਆ ਜਾ ਰਿਹਾ ਹੈ ਜਦੋਂ ਮਿਡਫੀਲਡ ਅਤੇ ਫਾਰਵਰਡ ਲਾਈਨ ਵਿੱਚ ਦੋ ਨੌਜਵਾਨ ਖਿਡਾਰੀ ਇਸ ਕਦਰ ਇੱਕ-ਦੂਜੇ ਦੇ ਪੂਰਕ ਬਣ ਕੇ ਉਭਰੇ ਹਨ। ‘ਆਲ ਵ੍ਹਾਈਟਸ’ ਟੀਮ ਦੀ ਇਸ ਨਵੀਂ ਜੋੜੀ ਨੇ ਪੂਰੇ ਵਿਸ਼ਵ ਕੱਪ ਵਿੱਚ ਸਾਰੀਆਂ ਵਿਰੋਧੀ ਟੀਮਾਂ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ:
-
ਕਿਉਂ ਖ਼ਾਸ ਹੈ ਇਹ ਜੋੜੀ? ਜਦੋਂ ਸਰਪ੍ਰੀਤ ਸਿੰਘ ਮਿਡਫੀਲਡ ਵਿੱਚੋਂ ਗੇਂਦ ਨੂੰ ਹਵਾ ਵਿੱਚ ਜਾਂ ਜ਼ਮੀਨ ਦੇ ਰਸਤੇ ਅੱਗੇ ਵਧਾਉਂਦੇ ਹਨ, ਤਾਂ ਐਲਿਜਾ ਜਸਟ ਉਸ ਦਾ ਫਾਇਦਾ ਚੁੱਕਣ ਲਈ ਬਿਲਕੁਲ ਸਹੀ ਜਗ੍ਹਾ ’ਤੇ ਮੌਜੂਦ ਹੁੰਦੇ ਹਨ। ਇੱਕ ਰਚਨਾਤਮਕ ਮਾਈਂਡ (ਸਰਪ੍ਰੀਤ) ਅਤੇ ਇੱਕ ਖ਼ਤਰਨਾਕ ਫਿਨਿਸ਼ਰ (ਜਸਟ) ਦਾ ਇਹ ਸੁਮੇਲ ਨਿਊਜ਼ੀਲੈਂਡ ਟੀਮ ਨੂੰ ਹਮਲਾਵਰ ਫੁੱਟਬਾਲ ਖੇਡਣ ਦੀ ਤਾਕਤ ਦੇ ਰਿਹਾ ਹੈ। ਖੇਡ ਮਾਹਰਾਂ ਮੁਤਾਬਕ, ਜੇਕਰ ਨਿਊਜ਼ੀਲੈਂਡ ਨੇ ਅਗਲੇ ਰਾਊਂਡ ਵਿੱਚ ਪਹੁੰਚਣਾ ਹੈ, ਤਾਂ ਮਿਸਰ ਖ਼ਿਲਾਫ਼ ਮੈਚ ਵਿੱਚ ਵਿੱਚ ਵੀ ਇਸ ਜੋੜੀ ਦਾ ਤਾਲਮੇਲ ਸਭ ਤੋਂ ਅਹਿਮ ਭੂਮਿਕਾ ਨਿਭਾਏਗਾ। ਕੀਵੀ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਸਰਪ੍ਰੀਤ ਸਿੰਘ ਅਤੇ ਐਲਿਜਾ ਜਸਟ ਦੀ ਇਹ ਜੋੜੀ ਮਿਸਰ ਖ਼ਿਲਾਫ਼ ਵੀ ਇਤਿਹਾਸਕ ਪ੍ਰਦਰਸ਼ਨ ਦੁਹਰਾਏਗੀ!
ਹੋਵੇਗਾ ਫਸਵਾਂ ਮੈਚ
-
ਫੁੱਟਬਾਲ ਦੇ ਇਤਿਹਾਸ ਵਿੱਚ ਨਿਊਜ਼ੀਲੈਂਡ (All Whites) ਦੀ ਟੀਮ ਨੇ ਮਿਸਰ (Egypt) ਖ਼ਿਲਾਫ਼ ਇੱਕ ਵੀ ਮੈਚ ਨਹੀਂ ਜਿੱਤਿਆ ਹੈ।
-
ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਸਿਰਫ਼ 1 ਅੰਤਰਰਾਸ਼ਟਰੀ ਮੁਕਾਬਲਾ (ਦੋਸਤਾਨਾ ਮੈਚ / Friendly Match) ਖੇਡਿਆ ਗਿਆ ਹੈ, ਜਿਸ ਵਿੱਚ ਨਿਊਜ਼ੀਲੈਂਡ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੁਸਤਫਾ ਮੁਹੰਮਦ ਨੇ ਪੈਨਲਟੀ ਰਾਹੀਂ ਗੋਲ ਕੀਤਾ ਸੀ।
-
ਨਿਊਜ਼ੀਲੈਂਡ ਦਾ ਰੈਂਕ ਇਸ ਵੇਲੇ 48ਵਾਂ ਹੈ। ਭਾਰਤ ਵੈਸੇ ਤਾਂ ਵਿਸ਼ਵ ਕੱਪ ਦੇ ਵਿਚ ਨਹੀਂ ਹੈ ਪਰ ਉਸਦਾ ਸਥਾਨ 130ਵਾਂ ਹੈ। ਪਾਕਿਸਤਾਨ 138ਵੇਂ ਨੰਬਰ ਉਤੇ ਹੈ ਅਤੇ ਆਸਟਰੇਲੀਆ 56ਵੇਂ ਨੰਬਰ ਉਤੇ ਹੈ।
ਆਪੇ ਬਣੇ ਵਿਸ਼ਵ ਗੁਰੂ ਦਾ ਹਾਲ: ਭਾਰਤ ਦਾ ਫੀਫਾ (FIFA) ਵਿਸ਼ਵ ਕੱਪ ਯੋਗਤਾ ਇਤਿਹਾਸ
ਦਿਲਚਸਪ: ਬਿਨਾਂ ਖੇਡੇ ਕੁਆਲੀਫਾਈ ਹੋਇਆ ਪਰ ਮੌਕੇ ’ਤੇ ਖੇਡਣ ਹੀ ਨਹੀਂ ਗਏ
ਭਾਰਤੀ ਪੁਰਸ਼ ਫੁੱਟਬਾਲ ਟੀਮ ਨੇ ਮੈਦਾਨ ’ਤੇ ਉਤਰ ਕੇ ਹੁਣ ਤੱਕ 10 ਵਾਰ ਫੀਫਾ ਵਿਸ਼ਵ ਕੱਪ ਕੁਆਲੀਫਾਈਂਗ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ। ਹਾਲਾਂਕਿ ਭਾਰਤ ਦਾ ਨਾਮ ਕੁੱਲ 12 ਵਾਰ ਦਰਜ ਹੋਇਆ ਸੀ, ਪਰ ਅਸਲ ਵਿੱਚ ਮੈਦਾਨ ’ਤੇ ਖੇਡ ਕੇ ਕੁਆਲੀਫਾਈ ਕਰਨ ਦੀਆਂ ਕੋਸ਼ਿਸ਼ਾਂ 1980 ਦੇ ਦਹਾਕੇ ਵਿੱਚ ਸ਼ੁਰੂ ਹੋਈਆਂ ਸਨ।
ਕੁਆਲੀਫਾਈਂਗ ਸਫ਼ਰ ਦਾ ਪੂਰਾ ਵੇਰਵਾ
-
1950 (ਬਿਨਾਂ ਖੇਡੇ ਕੁਆਲੀਫਾਈ ਹੋਇਆ): ਭਾਰਤ ਨੂੰ ਬ੍ਰਾਜ਼ੀਲ ਵਿੱਚ ਹੋਏ 1950 ਦੇ ਵਿਸ਼ਵ ਕੱਪ ਲਈ ਸਿੱਧੀ ਐਂਟਰੀ ਮਿਲ ਗਈ ਸੀ, ਕਿਉਂਕਿ ਉਨ੍ਹਾਂ ਦੇ ਏਸ਼ੀਆਈ ਗਰੁੱਪ ਦੀਆਂ ਬਾਕੀ ਸਾਰੀਆਂ ਟੀਮਾਂ (ਮਿਆਂਮਾਰ, ਇੰਡੋਨੇਸ਼ੀਆ ਅਤੇ ਫਿਲੀਪੀਨਜ਼) ਪਿੱਛੇ ਹਟ ਗਈਆਂ ਸਨ। ਪਰ ਸਫ਼ਰ ਦੇ ਖਰਚੇ ਅਤੇ ਪ੍ਰਬੰਧਕੀ ਫੈਸਲਿਆਂ (ਅਤੇ ਬਿਨਾਂ ਬੂਟਾਂ ਦੇ ਖੇਡਣ ਦੀ ਪਾਬੰਦੀ ਵਰਗੇ ਕਾਰਨਾਂ) ਕਰਕੇ ਭਾਰਤ ਨੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣਾ ਨਾਮ ਵਾਪਸ ਲੈ ਲਿਆ ਅਤੇ ਇੱਕ ਵੀ ਮੈਚ ਨਹੀਂ ਖੇਡਿਆ।
-
1954 ਤੋਂ 1982 (ਹਿੱਸਾ ਨਹੀਂ ਲਿਆ): ਇਸ ਦੌਰਾਨ ਭਾਰਤ ਨੇ ਕੁਆਲੀਫਾਈਇੰਗ ਗੇੜ ਵਿੱਚ ਹਿੱਸਾ ਨਹੀਂ ਲਿਆ (ਅਤੇ 1954 ਵਿੱਚ ਫੀਫਾ ਵੱਲੋਂ ਐਂਟਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ)।
-
1986 (ਪਹਿਲੀ ਅਸਲ ਕੋਸ਼ਿਸ਼): ਭਾਰਤ ਨੇ ਮੈਦਾਨ ’ਤੇ ਉਤਰ ਕੇ ਪਹਿਲੀ ਵਾਰ ਆਧਿਕਾਰਿਕ ਤੌਰ ’ਤੇ ਵਿਸ਼ਵ ਕੱਪ ਕੁਆਲੀਫਾਈਂਗ ਮੈਚ ਖੇਡੇ। ਇਸ ਦੌਰਾਨ ਟੀਮ ਇੰਡੋਨੇਸ਼ੀਆ ਤੋਂ ਪਿੱਛੇ ਰਹਿ ਕੇ ਆਪਣੇ ਪਹਿਲੇ ਗੇੜ ਦੇ ਗਰੁੱਪ ਵਿੱਚ ਦੂਜੇ ਨੰਬਰ ’ਤੇ ਰਹੀ।
-
1990 (ਨਾਮ ਵਾਪਸ ਲਿਆ): ਭਾਰਤ ਨੇ ਐਂਟਰੀ ਤਾਂ ਕੀਤੀ ਸੀ, ਪਰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਾਮ ਵਾਪਸ ਲੈ ਲਿਆ।
-
1994 ਤੋਂ 2026 (ਲਗਾਤਾਰ ਭਾਗੀਦਾਰੀ): 1994 ਤੋਂ ਬਾਅਦ ਭਾਰਤ ਨੇ ਹਰੇਕ ਵਿਸ਼ਵ ਕੱਪ ਕੁਆਲੀਫਾਈਂਗ ਟੂਰਨਾਮੈਂਟ ਵਿੱਚ ਲਗਾਤਾਰ ਹਿੱਸਾ ਲਿਆ ਹੈ, ਪਰ ਟੀਮ ਅਜੇ ਤੱਕ ਮੁਢਲੇ ਗਰੁੱਪ ਪੜਾਅ (Preliminary Group Stages) ਤੋਂ ਅੱਗੇ ਵਧ ਕੇ ਵਿਸ਼ਵ ਕੱਪ ਦੇ ਮੁੱਖ ਟੂਰਨਾਮੈਂਟ ਤੱਕ ਪਹੁੰਚਣ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ।
ਖੇਡੇ ਗਏ ਕੁਆਲੀਫਾਈੰਗ ਸੀਜ਼ਨ ਕੁੱਲ 10: (1986, 1994, 1998, 2002, 2006, 2010, 2014, 2018, 2022, 2026)
-
ਕੁੱਲ ਖੇਡੇ ਗਏ ਮੈਚ: 57
-
ਜਿੱਤਾਂ: 12
-
ਡਰਾਅ (ਬਰਾਬਰ): 17
-
ਹਾਰਾਂ: 28
ਖਾਸ ਨੋਟ: ਭਾਰਤ ਦਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ 2002 ਦੇ ਕੁਆਲੀਫਾਇਰਜ਼ ਦੌਰਾਨ ਰਿਹਾ ਸੀ, ਜਿੱਥੇ ਟੀਮ ਨੇ ਆਪਣੇ ਗਰੁੱਪ ਵਿੱਚ 11 ਅੰਕ ਹਾਸਲ ਕਰਕੇ ਸੰਯੁਕਤ ਤੌਰ ’ਤੇ ਦੂਜਾ ਸਥਾਨ ਹਾਸਲ ਕੀਤਾ ਸੀ ਅਤੇ ਅਗਲੇ ਗੇੜ ਵਿੱਚ ਜਾਣ ਤੋਂ ਸਿਰਫ਼ ਇੱਕ ਅੰਕ ਨਾਲ ਖੁੰਝ ਗਈ ਸੀ।
- Download Babushahi App
-
-