ਪੰਜਾਬ ਲਹੂ-ਲੁਹਾਨ, ਗੁੰਡੇ ਰਾਜ ਕਰ ਰਹੇ ਨੇ ਗਲੀਆਂ ‘ਚ: ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ
ਚੰਡੀਗੜ੍ਹ, 16 ਨਵੰਬਰ 2025: ਭਾਜਪਾ ਦੇ ਕੌਮੀ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ ਨੇ ਕਿਹਾ ਕਿ ਫਿਰੋਜ਼ਪੁਰ ਦੇ ਮੋਚੀ ਬਾਜ਼ਾਰ ਵਿੱਚ ਨਵੀਨ ਅਰੋੜਾ ਦਾ ਹੋਇਆ ਕਤਲ ਕੋਈ ਆਮ ਜੁਰਮ ਨਹੀਂ, ਸਗੋਂ ਇਹ ਗਿਰਦੇ ਕਾਨੂੰਨ-ਵਿਵਸਥਾ ਹੇਠ ਬੇਖ਼ੌਫ਼ ਬਣ ਚੁੱਕੇ ਅਪਰਾਧੀਆਂ ਦੀ ਨੰਗੀ ਬੇਸ਼ਰਮੀ ਦਾ ਮੰਜ਼ਰ ਹੈ। ਗਰੇਵਾਲ ਨੇ ਕਿਹਾ ਕਿ ਦੋ ਨਕਾਬਪੋਸ਼ ਕਾਇਰ ਗੁੰਡਿਆਂ ਨੇ ਇਕ ਮਾਸੂਮ ਦੁਕਾਨਦਾਰ ਨੂੰ ਦੁਕਾਨ ਬੰਦ ਕਰਦੇ ਸਮੇਂ ਸਰਿਆਂਮ ਗੋਲੀਆਂ ਮਾਰ ਕੇ ਮੌਕੇ ‘ਤੇ ਹੀ ਕਤਲ ਕਰ ਦਿੱਤਾ ਅਤੇ ਅਜਿਹਾ ਤੁਰ ਗਏ ਜਿਵੇਂ ਸ਼ਹਿਰ ਉਨ੍ਹਾਂ ਦੇ ਬਾਪ ਦਾ ਹੋਵੇ।
ਇੱਕ ਪ੍ਰੈਸ ਬਿਆਨ ਵਿੱਚ ਗਰੇਵਾਲ ਨੇ ਕਿਹਾ ਕਿ ਇਸ ਦਹਿਲਾਉਣ ਵਾਲੀ ਘਟਨਾ ਨੇ ਫਿਰ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਹਾਲਾਤ ਇਨ੍ਹਾਂ ਖਰਾਬ ਹੋ ਚੁੱਕੇ ਹਨ ਕਿ ਅਪਰਾਧੀਆਂ ਨੂੰ ਨਾ ਪੁਲਸ ਦਾ ਡਰ ਹੈ, ਨਾ ਕਾਨੂੰਨ ਦਾ, ਜਦਕਿ ਮਾਸੂਮ ਲੋਕ ਖੌਫ ਵਿੱਚ ਜੀਊਣ ਲਈ ਮਜਬੂਰ ਹਨ ਅਤੇ ਕਾਤਲ ਰਾਜਿਆਂ ਵਾਂਗ ਸੜਕਾਂ ‘ਤੇ ਘੁੰਮ ਰਹੇ ਹਨ। ਰੋਜ਼ਾਨਾ ਦੀ ਭੀੜ ਵਾਲੇ ਬਾਜ਼ਾਰ ‘ਚ ਗੋਲੀਆਂ ਚਲਣਾ, ਲੋਕਾਂ ਦਾ ਜਾਨ ਬਚਾਉਣ ਲਈ ਭੱਜਣਾ ਅਤੇ ਡਰ ਕਾਰਨ ਦੁਕਾਨਾਂ ਦਾ ਬੰਦ ਹੋ ਜਾਣਾ, ਇਹ ਸਭ ਦਿਖਾਉਂਦਾ ਹੈ ਕਿ ਪ੍ਰਸ਼ਾਸਨ ਬੁਨਿਆਦੀ ਸੁਰੱਖਿਆ ਭੀ ਕਾਇਮ ਰੱਖਣ ‘ਚ ਨਾਕਾਮ ਹੋ ਗਿਆ ਹੈ।
ਗਰੇਵਾਲ ਨੇ ਦੱਸਿਆ ਕਿ ਨਵੀਨ ਅਰੋੜਾ ਆਜ਼ਾਦੀ ਦੇ ਯੁੱਗ ਦੇ ਮਸ਼ਹੂਰ ਆਰ ਐਸ ਐਸ ਦੇ ਮੁੱਖੀ ਦਿਨਾ ਨਾਥ ਅਰੋੜਾ ਦੇ ਪੋਤੇ ਸਨ। ਇਸ ਤਰ੍ਹਾਂ ਦੇ ਰਾਸ਼ਟਰਵਾਦੀ ਪਰਿਵਾਰ ਦੇ ਮੈਂਬਰ ਦਾ ਕਤਲ ਕਰਨਾ ਮੁੱਲਾਂ, ਸਮਾਜਿਕ ਸਥਿਰਤਾ ਅਤੇ ਰਾਸ਼ਟਰੀ ਸੁਰੱਖਿਆ ‘ਤੇ ਸਿੱਧਾ ਹਮਲਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕੋਈ ਇਕੱਲੀ ਘਟਨਾ ਨਹੀਂ, ਕੁਝ ਦਿਨ ਪਹਿਲਾਂ ਨੇੜੇ ਸਾੜੀ ਬਾਜ਼ਾਰ ਵਿੱਚ ਵੀ ਗੋਲੀਬਾਰੀ ਹੋਈ ਸੀ। ਇਨ੍ਹਾਂ ਲਗਾਤਾਰ ਹਿੰਸਕ ਘਟਨਾਵਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਖ਼ਤਰਨਾਕ ਅਪਰਾਧੀ ਤੱਤਾਂ ਦੀ ਗ੍ਰਿਫ਼ਤ ‘ਚ ਫਸਦਾ ਜਾ ਰਿਹਾ ਹੈ, ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹ ਕਦੇ ਵੀ, ਕਿਤੇ ਵੀ, ਕੁਝ ਵੀ ਕਰ ਸਕਦੇ ਹਨ।
ਗਰੇਵਾਲ ਨੇ ਕਿਹਾ ਕਿ ਲੋਕਾਂ ਦਾ ਗੁੱਸਾ ਬਿਲਕੁਲ ਜਾਇਜ਼ ਹੈ ਅਤੇ ਪੁਲਸ ਵਿਰੁੱਧ ਨਾਅਰੇਬਾਜ਼ੀ ਲੋਕਾਂ ਦੀ ਗਹਿਰੀ ਨਿਰਾਸ਼ਾ ਨੂੰ ਦਰਸਾਂਦੀ ਹੈ। ਇਹ ਸਭ ਇਸ ਲਈ ਹੋ ਰਿਹਾ ਹੈ ਕਿਉਂਕਿ ਸਰਕਾਰ ਨੇ ਅਪਰਾਧੀਆਂ ਨੂੰ ਯਕੀਨ ਦਿਵਾ ਦਿੱਤਾ ਹੈ ਕਿ ਕਾਨੂੰਨ ਮਜ਼ਾਕ ਹੈ ਅਤੇ ਪੁਲਸਿੰਗ ਸਿਰਫ਼ ਇੱਕ ਰਸਮੀ ਕਾਰਵਾਈ।
ਗਰੇਵਾਲ ਨੇ ਸਖ਼ਤ ਮੰਗ ਕੀਤੀ ਕਿ ਪੰਜਾਬ ਪੁਲਸ ਅਤੇ ਉੱਚ ਅਧਿਕਾਰੀ ਖਾਲੀ ਬਿਆਨਬਾਜ਼ੀ ਛੱਡਣ ਅਤੇ ਤੁਰੰਤ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ, ਉਨ੍ਹਾਂ ਦੇ ਪਿੱਛੇ ਪੂਰੇ ਗਿਰੋਹ ਨੂੰ ਬੇਨਕਾਬ ਕਰਨ ਅਤੇ ਸਭ ਤੋਂ ਕਰੜੀ ਸਜ਼ਾ ਦੇਣ ਵੱਲ ਅਸਲ ਕਦਮ ਚੁੱਕਣ। ਉਨ੍ਹਾਂ ਨੇ ਕਿਹਾ ਹੁਣ ਨਾ ਹੋਰ ਬਹਾਨੇ, ਨਾ ਹੋਰ ਦੇਰੀ, ਨਾ ਹੋਰ ਖੋਖਲੇ ਭਰੋਸੇ ਚਾਹੀਦੇ ਹਨ ਬਲਕਿ ਤੁਰੰਤ ਗ੍ਰਿਫ਼ਤਾਰ ਕਰਕੇ ਦੱਸੋ।
ਉਨ੍ਹਾਂ ਨੇ ਕਿਹਾ ਕਿ ਸਭ ਤੋਂ ਸਖ਼ਤ, ਤਾਕਤਵਰ ਅਤੇ ਬੇਰਹਿਮ ਕਾਰਵਾਈ ਹੁਣ ਲਾਜ਼ਮੀ ਹੈ ਅਤੇ ਹਰ ਇੱਕ ਜ਼ਿੰਮੇਵਾਰ ਨੂੰ ਘਸੀਟ ਕੇ ਕਾਨੂੰਨ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ।
ਗਰੇਵਾਲ ਨੇ ਕਿਹਾ ਕਿ ਉਹ ਦੁਖੀ ਪਰਿਵਾਰ ਅਤੇ ਫਿਰੋਜ਼ਪੁਰ ਦੇ ਲੋਕਾਂ ਦੇ ਨਾਲ ਚੱਟਾਨ ਵਾਂਗ ਖੜੇ ਹਨ ਅਤੇ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਇਸ ਬੇਕਾਬੂ ਕਾਨੂੰਨ-ਵਿਵਸਥਾ ‘ਤੇ ਨਿਯੰਤਰਣ ਨਾ ਕੀਤਾ, ਤਾਂ ਲੋਕਾਂ ਦਾ ਗੁੱਸਾ ਹੋਰ ਵੀ ਭਿਆਨਕ ਰੂਪ ਧਾਰ ਲਵੇਗਾ।