ਪੰਜਾਬੀ ਗਾਇਕਾ ਦੇ ਕਤਲ ਮਾਮਲੇ 'ਚ ਲੁਧਿਆਣਾ ਪੁਲਿਸ ਦਾ ਸਨਸਨੀਖੇਜ਼ ਖ਼ੁਲਾਸਾ; ਗੰਨ ਪੁਆਇੰਟ ‘ਤੇ ਅਗਵਾ ਕਰਕੇ ਕੀਤਾ ਕਤਲ
ਸੁਖਮਿੰਦਰ ਭੰਗੂ
ਲੁਧਿਆਣਾ 20 ਮਈ 2026- ਲੁਧਿਆਣਾ ਦੇ ਥਾਣਾ ਜਮਾਲਪੁਰ ਇਲਾਕੇ ਵਿੱਚ ਗੰਨ ਪੁਆਇੰਟ ‘ਤੇ ਅਗਵਾ ਕਰਕੇ ਕੀਤੇ ਗਏ ਪੰਜਾਬੀ ਗਾਇਕਾ ਯਸ਼ਇੰਦਰ ਕੌਰ ਦੇ ਕਤਲ ਮਾਮਲੇ ਨੂੰ ਲੁਧਿਆਣਾ ਪੁਲਿਸ ਨੇ ਸੁਲਝਾਉਂਦੇ ਹੋਏ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮ੍ਰਿਤਕਾ ਦੀ ਕਾਰ ਅਤੇ ਕਤਲ ਵਿੱਚ ਵਰਤੇ ਗਏ ਦੋ ਪਿਸਟਲ ਵੀ ਬਰਾਮਦ ਕੀਤੇ ਗਏ ਹਨ। ਨੀਲੋ ਨਹਿਰ ਵਿੱਚੋਂ ਮਿਲੀ ਲਾਸ ਦੀ ਵਾਰਸਾਂ ਵੱਲੋਂ ਯਸ਼ਇੰਦਰ ਕੌਰ ਵਜੋਂ ਸਨਾਖਤ ਕੀਤੀ ਗਈ ਹੈ।
ਪੁਲਿਸ ਕਮਿਸ਼ਨਰ ਲੁਧਿਆਣਾ ਸੁਵਪਨ ਸ਼ਰਮਾ ਆਈ.ਪੀ.ਐਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜੁਆਇੰਟ ਕਮਿਸ਼ਨਰ ਪੁਲਿਸ ਦਿਹਾਤੀ ਜਸਕਰਨਜੀਤ ਸਿੰਘ ਤੇਜਾ ਅਤੇ ਏ.ਡੀ.ਸੀ.ਪੀ-4 ਜਸਨਦੀਪ ਸਿੰਘ ਦੀ ਨਿਗਰਾਨੀ ਵਿੱਚ ਏ.ਸੀ.ਪੀ ਇੰਡਸਟਰੀਅਲ ਏਰੀਆ-ਏ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਥਾਣਾ ਜਮਾਲਪੁਰ ਦੇ ਮੁੱਖ ਅਫਸਰ ਐਸ.ਆਈ ਦਲਬੀਰ ਸਿੰਘ ਦੀ ਟੀਮ ਨੇ ਇਹ ਵੱਡੀ ਕਾਰਵਾਈ ਅੰਜਾਮ ਦਿੱਤੀ।
ਪੁਲਿਸ ਅਨੁਸਾਰ ਯਸ਼ਇੰਦਰ ਕੌਰ ਪੁੱਤਰੀ ਹਸਿਆਰ ਸਿੰਘ ਵਾਸੀ ਜਸਵੰਤ ਇਨਕਲੇਵ, ਮੁੰਡੀਆਂ ਕਲਾਂ ਨੂੰ ਅਗਵਾ ਕਰਕੇ ਕਤਲ ਕਰਨ ਸਬੰਧੀ ਉਸਦੇ ਭਰਾ ਜੋਤਇੰਦਰ ਸਿੰਘ ਦੇ ਬਿਆਨਾਂ ‘ਤੇ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਸੁਖਵਿੰਦਰ ਸਿੰਘ ਉਰਫ ਸੁੱਖਾ, ਪ੍ਰੀਤਮ ਸਿੰਘ ਅਤੇ ਕਰਮਜੀਤ ਸਿੰਘ ਸਮੇਤ ਹੋਰਾਂ ਨੂੰ ਨਾਮਜ਼ਦ ਕੀਤਾ ਗਿਆ।
ਤਫਤੀਸ਼ ਦੌਰਾਨ 16 ਮਈ ਨੂੰ ਪੁਲਿਸ ਨੇ ਦੋਸ਼ੀ ਪ੍ਰੀਤਮ ਸਿੰਘ ਅਤੇ ਕਰਮਜੀਤ ਸਿੰਘ ਨੂੰ ਪਿੰਡ ਰਾਮਪੁਰ ਨੇੜੇ ਨੀਲੋ ਨਹਿਰ ਪੁੱਲ ਕੋਲੋਂ ਕਾਬੂ ਕੀਤਾ। ਦੋਸ਼ੀ ਕਰਮਜੀਤ ਸਿੰਘ ਦੀ ਨਿਸ਼ਾਨਦੇਹੀ ‘ਤੇ ਨੀਲੋ ਨਹਿਰ ਵਿੱਚੋਂ ਯਸ਼ਇੰਦਰ ਕੌਰ ਦੀ ਚਿੱਟੇ ਰੰਗ ਦੀ ਫੋਰਡ ਫੀਗੋ ਕਾਰ ਨੰਬਰ PB-23-K-2735 ਬਰਾਮਦ ਕੀਤੀ ਗਈ।
ਮਾਮਲੇ ਦੀ ਜਾਂਚ ਹੋਰ ਅੱਗੇ ਵਧਾਉਂਦੇ ਹੋਏ ਪੁਲਿਸ ਨੇ ਖੁਲਾਸਾ ਕੀਤਾ ਕਿ ਪਿੰਡ ਕੁੱਭੇ ਨੇੜੇ ਨੀਲੋ ਨਹਿਰ ਵਿੱਚੋਂ ਮਿਲੀ ਅਣਪਛਾਤੀ ਲੜਕੀ ਦੀ ਲਾਸ ਦਰਅਸਲ ਯਸ਼ਇੰਦਰ ਕੌਰ ਦੀ ਸੀ, ਜਿਸਦੀ ਪਰਿਵਾਰਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਮੋਰਚਰੀ ਵਿੱਚ ਸਨਾਖਤ ਕੀਤੀ ਗਈ।
ਪੁਲਿਸ ਰਿਮਾਂਡ ਦੌਰਾਨ ਦੋਸ਼ੀਆਂ ਦੇ ਇੰਕਸਾਫੀਆ ਬਿਆਨਾਂ ਦੇ ਆਧਾਰ ‘ਤੇ ਰਵਿੰਦਰ ਸਿੰਘ ਉਰਫ ਰਵੀ ਨੂੰ ਵੀ ਇਸ ਕਤਲ ਕਾਂਡ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਉਸ ਨੂੰ ਨੀਲੋ ਨਹਿਰ ਨੇੜੇ ਪੀਰ ਬਾਬੇ ਦੀ ਜਗ੍ਹਾ ਕੋਲੋਂ ਕਾਬੂ ਕੀਤਾ।
20 ਮਈ ਨੂੰ ਪੁਲਿਸ ਨੇ ਦੋਸ਼ੀਆਂ ਦੀ ਨਿਸ਼ਾਨਦੇਹੀ ‘ਤੇ ਕਤਲ ਵਿੱਚ ਵਰਤੇ ਗਏ ਦੋ ਨਾਜਾਇਜ਼ ਪਿਸਟਲ ਵੀ ਬਰਾਮਦ ਕੀਤੇ। ਇਨ੍ਹਾਂ ਵਿੱਚ ਇੱਕ 45 ਬੋਰ ਪਿਸਟਲ ਸਮੇਤ 2 ਜਿੰਦਾ ਰੌਂਦ ਅਤੇ ਦੂਜਾ 30 ਬੋਰ ਪਿਸਟਲ ਸਮੇਤ 2 ਜਿੰਦਾ ਰੌਂਦ ਸ਼ਾਮਲ ਹਨ।
ਲੁਧਿਆਣਾ ਪੁਲਿਸ ਇਸ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਹੋਰ ਵੀ ਅਹਿਮ ਖੁਲਾਸੇ ਸਾਹਮਣੇ ਆ ਸਕਦੇ ਹਨ।
- Download Babushahi App
-
-