ਪੇਂਡੂ ਮਜ਼ਦੂਰ ਯੂਨੀਅਨ ਨਵਾਂਸ਼ਹਿਰ ਦਾ ਡੈਲੀਗੇਟ ਇਜਲਾਸ ਹੋਇਆ
- ਮਜਦੂਰਾਂ ਨੂੰ ਤਿੱਖੇ ਸੰਘਰਸ਼ ਲੜਨ ਦਾ ਸੱਦਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 09 ਮਈ , 2026- ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਮਜ਼ਦੂਰ ਜਮਾਤ ਨੂੰ ਆਪਣੀਆਂ ਮੰਗਾਂ ਨੂੰ ਲੈਕੇ ਤਿੱਖੇ ਸੰਘਰਸ਼ ਛੇੜਨ ਦਾ ਸੱਦਾ ਦਿੱਤਾ ਹੈ।ਉਹ ਅੱਜ ਪਿੰਡ ਗੋਹਲੜੋ ਵਿਖੇ ਪੇਂਡੂ ਮਜ਼ਦੂਰ ਯੂਨੀਅਨ ਇਲਾਕਾ ਨਵਾਂਸ਼ਹਿਰ ਦੇ ਡੈਲੀਗੇਟ ਇਜਲਾਸ ਮੌਕੇ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਖੇਤਾਂ,ਸਨਅਤਾਂ, ਉਸਾਰੀ ਆਦਿ ਖੇਤਰਾਂ ਵਿੱਚ ਇਹ ਸਿਸਟਮ ਮਜਦੂਰਾਂ ਦੀ ਰੱਜਕੇ ਲੁੱਟ ਕਰਦਾ ਹੈ। ਮਜ਼ਦੂਰੀ ਦੀ ਦਿਹਾੜੀ ਦਾ ਸਮਾਂ 12 ਘੰਟੇ ਕਰਕੇ ਕਿਰਤ ਦੀ ਹੋਰ ਵੀ ਲੁੱਟ ਕਰਨ ਦੇ ਮਨਸੂਬੇ ਘੜੇ ਜਾ ਰਹੇ ਹਨ।ਨਾ ਤਾਂ ਯੋਗਤਾ ਅਨੁਸਾਰ ਕੰਮ ਮਿਲਦਾ ਹੈ ਅਤੇ ਨਾ ਹੀ ਤਨਖ਼ਾਹ।ਇੱਕ ਤੋਂ ਬਾਅਦ ਇੱਕ ਮਜ਼ਦੂਰ ਵਿਰੋਧੀ ਅਤੇ ਪੂੰਜਪਤੀਆਂ ਦੇ ਪੱਖੀ ਕਾਨੂੰਨ ਘੜੇ ਜਾ ਰਹੇ ਹਨ।ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਮਾਨ ਸਰਕਾਰ ਧੂੰਏ ਦੇ ਪਹਾੜ ਖੜੇ ਕਰ ਰਹੀਆਂ ਹਨ। ਅਜਿਹੇ ਹਾਲਾਤਾਂ ਵਿੱਚ ਸਾਨੂੰ ਸੰਘਰਸ਼ਾਂ ਉੱਤੇ ਟੇਕ ਰੱਖਣੀ ਚਾਹੀਦੀ ਹੈ। ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਨੇ ਆਪਣੀ ਜਥੇਬੰਦੀ ਵਲੋਂ ਭਰਾਤਰੀ ਸੰਦੇਸ਼ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਮਜ਼ਦੂਰ ਜਮਾਤ ਉੱਤੇ ਚੌਤਰਫਾ ਹਮਲੇ ਹੋ ਰਹੇ ਹਨ। ਕਿਰਤ ਸ਼ਕਤੀ ਦੀ ਬੇਕਿਰਕ ਲੁੱਟ ਦੇ ਵਿਰੋਧ ਵਿੱਚ ਮਜਦੂਰਾਂ ਦੇ ਤਿੱਖੇ ਸੰਘਰਸ਼ ਫੁਟ ਰਹੇ ਹਨ ਪਰ ਸਰਕਾਰਾਂ ਉਲਟਾ ਮਜ਼ਦੂਰਾਂ ਦੇ ਵਿਰੁੱਧ ਭੁਗਤਦਿਆਂ ਉਹਨਾਂ ਉੱਤੇ ਜਬਰ ਢਾਹ ਰਹੀਆਂ ਹਨ ਜਿਸਦਾ ਮੁਕਾਬਲਾ ਜਥੇਬੰਦਕ ਤਾਕਤ ਅਤੇ ਸੰਘਰਸ਼ਾਂ ਨਾਲ ਕਰਨਾ ਚਾਹੀਦਾ ਹੈ।
ਇਸਤੋਂ ਪਹਿਲਾਂ ਇਜਲਾਸ ਦੀ ਕਾਰਵਾਈ ਦੇ ਸ਼ੁਰੂ ਵਿੱਚ ਜੱਥੇਬੰਦੀ ਦੀ ਬੀਤੇ ਦੀ ਸਰਗਰਮੀਆਂ ਦੀ ਰਿਪੋਰਟ ਕਿਰਨਜੀਤ ਕੌਰ ਨੇ ਪੇਸ਼ ਕੀਤੀ ਜਿਸ ਉੱਤੇ ਵਿਸਤਾਰ ਵਿਚ ਚਰਚਾ ਹੋਈ।
ਡੈਲਗੇਟਾਂ ਨੇ ਭਵਿੱਖ ਲਈ ਅਹੁਦੇਦਾਰਾਂ ਦੀ ਚੋਣ ਕਰਦਿਆਂ ਕਿਰਨਜੀਤ ਕੌਰ ਨੂੰ ਇਲਾਕਾ ਕਮੇਟੀ ਦੀ ਪ੍ਰਧਾਨ, ਸੁਰਿੰਦਰ ਮੀਰਪੁਰੀ ਨੂੰ ਮੀਤ ਪ੍ਰਧਾਨ,ਸਤਨਾਮ ਸਿੰਘ ਲਾਡੀ ਨੂੰ ਸਕੱਤਰ,ਸੁਰਿੰਦਰ ਸਿੰਘ ਸਨਾਵਾ ਨੂੰ ਖਜ਼ਾਨਚੀ, ਪ੍ਰੇਮ ਸਿੰਘ ਸ਼ਹਾਬਪੁਰ,ਬਿੰਦਰ ਗੋਹਲੜੋਂ ਅਤੇ ਬਲਵਿੰਦਰ ਲੁੱਗੀ ਭਗੌਰਾਂ ਨੂੰ ਕਮੇਟੀ ਮੈਂਬਰ ਚੁਣਿਆ।
ਅੰਤ ਵਿੱਚ ਯੂਨੀਅਨ ਦੇ ਸੀਨੀਅਰ ਆਗੂ ਕਮਲਜੀਤ ਸਨਾਵਾ ਵਲੋਂ ਪੇਸ਼ ਕੀਤੇ ਮਤੇ ਪਾਸ ਕਰਕੇ ਮਜ਼ਦੂਰ ਦੀ ਦਿਹਾੜੀ ਇੱਕ ਹਜਾਰ ਰੁਪਏ ਕਰਨ,ਮਾਸਿਕ ਤਨਖਾਹ 30 ਹਜਾਰ ਰੁਪਏ ਕਰਨ,ਪੰਚਾਇਤੀ ਜ਼ਮੀਨ ਦੇ ਠੇਕੇ ਦੀ ਰਾਸ਼ੀ ਵਿੱਚ ਕੀਤਾ 20 ਫ਼ੀਸਦੀ ਵਾਧਾ ਵਾਪਸ ਲੈਣ,ਸਹਿਕਾਰੀ ਸੁਸਾ ਟੀਆਂ ਦੇ ਕਰਜ਼ੇ ਦੇ ਨੋਟਿਸ ਭੇਜਣੇ ਬੰਦ ਕਰਕੇ ਕਰਜ਼ੇ ਮੁਆਫ ਕਰਨ, ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦਲਿਤਾਂ ਨੂੰ ਘੱਟ ਰਾਸ਼ੀ ਉੱਤੇ ਦੇਣ ,ਜਨਗਣਨਾ ਵਾਲੇ ਫਾਰਮਾਂ ਵਿੱਚੋਂ ਇਤਰਾਜ਼ਯੋਗ ਜਾਤੀ ਸੂਚਕ ਸ਼ਬਦ ਹਟਾਉਣ ਅਤੇ ਮਿਉਂਸਪਲਟੀਆਂ ਦੇ ਹੜਤਾਲੀ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ।
- Download Babushahi App
-
-