ਨੌਜਵਾਨ ਦੀ ਅਟੈਕ ਕਾਰਨ ਅਮਰੀਕਾ ਚ ਹੋਈ ਮੌਤ
ਦੋ ਸਾਲ ਪਹਿਲਾਂ ਹੀ ਅਮਰੀਕਾ ਚ ਗਿਆ ਸੀ 35 ਸਾਲਾ ਨੌਜਵਾਨ , ਅੰਤਿਮ ਦਰਸ਼ਨ ਵੀ ਨਹੀਂ ਕਰ ਪਾਏਗਾ ਪਰਿਵਾਰ
ਰੋਹਿਤ ਗੁਪਤਾ
ਗੁਰਦਾਸਪੁਰ 2 ਅਪ੍ਰੈਲ
ਗੁਰਦਾਸਪੁਰ ਦੇ ਕਸ਼ਬਾ ਪੁਰਾਣਾ ਸ਼ਾਲਾ ਲਾ ਚ ਉਸ ਵੇਲੇ ਮਾਹੌਲ ਗਮਗੀਨ ਹੋ ਗਿਆ ਜਦੋਂ ਇੱਥੋਂ ਦੇ ਵਸਨੀਕ ਦੋ ਸਾਲ ਪਹਿਲਾਂ ਅਮਰੀਕਾ ਗਏ ਗਭਰੂ ਦੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ ।
ਪੀੜਤ ਪਰਿਵਾਰਕ ਮੈਂਬਰਾਂ ਨੇ ਰੋਂਦਿਆਂ ਦੱਸਿਆ ਕਿ ਉਹਨਾਂ ਦਾ ਪੁੱਤਰ ਰਿੰਕੂ ਸੁਨਹਿਰੀ ਭਵਿੱਖ ਲਈ ਰੋਜੀ ਰੋਟੀ ਖਾਤਰ ਕਰੀਬ ਦੋ ਸਾਲ ਪਹਿਲਾਂ ਹੀ ਅਮਰੀਕਾ ਦੀ ਧਰਤੀ ਤੇ ਗਿਆ ਸੀ । ਬੀਤੇ ਦਿਨ ਉਹਨਾਂ ਨੂੰ ਪਤਾ ਲੱਗਾ ਕਿ ਉਸ ਦੀ ਬਾਥਰੂਮ ਵਿੱਚ ਨਹਾਉਂਦਿਆ ਹਾਰਟ ਅਟੈਕ ਹੋ ਜਾਣ ਕਾਰਨ ਮੌਤ ਹੋ ਗਈ। ਪਰਿਵਾਰ ਨੇ ਦੱਸਿਆ ਕਿ ਇਹ ਮੰਦਭਾਗੀ ਖਬਰ ਸੁਣਦਿਆਂ ਹੀ ਉਹਨਾਂ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ । ਪਰਿਵਾਰ ਨੇ ਦੱਸਿਆ ਕਿ ਇਹ ਦੁੱਖਦਾਈ ਘਟਨਾ ਲੰਘੀ 27 ਮਾਰਚ ਦੀ ਹੈ ਜਦੋਂ ਕਿ ਅੱਜ ਅਮਰੀਕਾ ਵਿਖੇ ਉਨਾਂ ਦੇ ਮ੍ਰਿਤਕ ਪੁੱਤਰ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ । ਮ੍ਰਿਤਕ ਨੌਜਵਾਨ ਦੀ ਮਾਤਾ ਨੇ ਦੱਸਿਆ ਕਿ ਉਹਨ੍ਾਂ ਦੇ ਮਨ ਦੀ ਇੱਛਾ ਸੀ ਕਿ ਮ੍ਰਿਤਕ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਮੰਗਵਾਇਆ ਜਾਵੇ ਪਰ ਉਸ ਦਾ ਸੰਸਕਾਰ ਅੱਜ ਅਮਰੀਕਾ ਦੀ ਧਰਤੀ ਤੇ ਹੀ ਹੋ ਰਿਹਾ ਹੈ । ਉਸ ਨੂੰ ਆਪਣੇ ਪੁੱਤਰ ਦੇ ਅੰਤਮ ਦਰਸ਼ਨ ਵੀ ਨਹੀਂ ਹੋ ਸਕੇ। ਪੀੜਤ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਚ ਦੁੱਖ ਸਾਂਝਾ ਕਰਨ ਪੁੱਜੇ ਸਰਪੰਚ ਬਲਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਮਿਰਤਕ ਚਰਨਜੀਤ ਸਿੰਘ ਉਰਫ ਰਿੰਕੂ ਜਦੋਂ ਇੱਕ ਸਾਲ ਦਾ ਆਪਣੀ ਮਾਂ ਦੇ ਕੁੱਛੜ ਸੀ ਤਾਂ ਉਸ ਦੌਰਾਨ ਇਸ ਦੇ ਪਿਤਾ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਗਰੀਬੀ ਰੇਖਾ ਦੇ ਬਹੁਤ ਹੀ ਔਖੇ ਹਾਲਾਤਾਂ ਚੋਂ ਗੁਜਰ ਕੇ ਮਾਂ ਨੇ ਇਸ ਬੱਚੇ ਪਾਲ ਪੋਸ ਕੇ ਜਵਾਨ ਕੀਤਾ ਅਤੇ ਹੁਣ ਕਰੀਬ ਦੋ ਸਾਲ ਪਹਿਲਾਂ ਹੀ ਪਰਿਵਾਰ ਦੇ ਸੁਨਹਿਰੀ ਭਵਿੱਖ ਲਈ ਅਮਰੀਕਾ ਗਿਆ ਸੀ । ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਹਨਾਂ ਦੱਸਿਆ ਕਿ ਬੇਸ਼ੱਕ ਚਰਨਜੀਤ ਦਾ ਅੰਤਿਮ ਸਸਕਾਰ ਅਮਰੀਕਾ ਵਿਖੇ ਅੱਜ ਹੋ ਰਿਹਾ ਹੈ । ਪਰ ਇਸ ਵਿਛੜੀ ਰੂਹ ਦੀ ਆਤਮਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਪੁਰਾਣਾ ਸ਼ਾਲਾ ਵਿਖੇ 5 ਅਪ੍ਰੈਲ ਨੂੰ ਹੈ ।
Click to Follow Babushahi Facebook page →