ਨੌਜਵਾਨ ਦੀ ਆਪਣੇ ਹੀ ਟਰੈਕਟਰ ਹੇਠਾਂ ਆਣ ਨਾਲ ਹੋਈ ਦਰਦਨਾਕ ਮੌਤ
ਰੋਹਿਤ ਗੁਪਤਾ
ਗੁਰਦਾਸਪੁਰ , 31ਜਨਵਰੀ 2026 :
ਸ਼ੂਗਰ ਮਿੱਲ ਤੋ ਗੰਨਾ ਲਾਹ ਕੇ ਘਰ ਨੂੰ ਆਉਂਦੇ ਨੌਜਵਾਨ ਨਾਲ ਹਾਦਸਾ ਵਾਪਰ ਗਿਆ ਜਿੱਥੇ ਟਰੈਕਟਰ ਟਰਾਲੀ ਹੇਠਾਂ ਆਉਣ ਕਰਕੇ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਗੁਰਦਾਸਪੁਰ ਦੇ ਨੇੜਲੇ ਪਿੰਡ ਗਾਹਲੜੀ ਦੇ ਨਜ਼ਦੀਕੀ ਪਿੰਡ ਨੌਸ਼ਹਿਰਾ ਦਾ ਰਹਿਣ ਵਾਲਾ ਸੀ ਅਤੇ ਕੁਲਵਿੰਦਰ ਸਿੰਘ ਕਿੰਦਾ ਨਾਮ ਦਾ ਇਹ ਨੌਜਵਾਨ ਬਟਾਲਾ ਸ਼ੂਗਰ ਮਿੱਲ ਦੇ ਵਿੱਚ ਗੰਨਾ ਅਨਲੋਡ ਕਰਕੇ ਵਾਪਸ ਘਰ ਆ ਰਿਹਾ ਸੀ ਤਾਂ ਪਿੰਡ ਤੋਂ ਮਹਿਜ਼ ਕੁਝ ਮੀਟਰ ਦੀ ਦੂਰੀ ਤੇ ਹੀ ਤਿੱਖਾ ਮੋੜ ਹੋਣ ਕਰਕੇ ਟਰੈਕਟਰ ਟਰਾਲੀ ਦਾ ਅਚਾਨਕ ਸੰਤੁਲਨ ਵਿਗਨ ਕਾਰਨ ਉਸਦਾ ਟਰੈਕਟਰ ਸੜਕ ਤੋਂ ਹੇਠਾਂ ਉਤਰ ਗਿਆ ਅਤੇ ਨੌਜਵਾਨ ਕੁਲਵਿੰਦਰ ਸਿੰਘ ਕਿੰਦਾ ਆਪਣੇ ਹੀ ਟਰੈਕਟਰ ਦੇ ਟਾਇਰ ਹੇਠਾਂ ਆ ਗਿਆ । ਹਾਦਸਾ ਮੂੰਹ ਹਨੇਰੇ ਹੋਇਆ ਸੀ ਜਿਸ ਕਾਰਨ ਸੜਕ ਤੇ ਪਏ ਉਸ ਨੂੰ ਕਿਸੇ ਨੇ ਨਹੀਂ ਦੇਖਿਆ। ਸਵੇਰੇ ਤੜਫਾਰਸਾਰ ਜਦੋਂ ਕੁਝ ਕਿਸਾਨ ਖੇਤਾਂ ਵੱਲ ਨੂੰ ਆਏ ਤਾਂ ਉਹਨਾਂ ਨੇ ਟਰੈਕਟਰ ਪਲਟਿਆ ਦੇਖਿਆ ਤੇ ਨੌਜਵਾਨ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ ਪਰ ਉਸ ਦੀ ਮੌਤ ਹੋ ਚੁੱਕੀ ਸੀ।
ਪਤਾ ਲੱਗ ਗਿਆ ਹੈ ਕਿ ਇਹ ਟਰੈਕਟਰ ਉਸਨੇ ਡੇਢ ਕੁ ਮਹੀਨਾ ਪਹਿਲਾਂ ਹੀ ਖਰੀਦਿਆ ਸੀ ਅਤੇ ਟਰੈਕਟਰ ਤੋਂ ਹਜੇ ਸਜਾਵਟ ਵਾਲੇ ਫੁੱਲ ਵੀ ਨਹੀਂ ਲਾਏ ਗਏ ਸੀ। ਦੱਸਿਆ ਗਿਆ ਹੈ ਕਿ ਕੁਲਵਿੰਦਰ ਸਿੰਘ ਇੱਕ ਮਿਹਨਤੀ ਮੁੰਡਾ ਸੀ ਅਤੇ ਉਸ ਦੇ ਛੋਟੇ ਛੋਟੇ ਬੱਚੇ ਹਨ। ਉਸਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ।