ਬਹੁ ਕੌਮੀ ਮੁਲਕ-ਆਜ਼ਾਦੀ, ਬਰਾਬਰਤਾ ਅਤੇ ਸੰਵਿਧਾਨਕ ਹੱਕ
ਨਿਊਜ਼ੀਲੈਂਡ : ਤੋਈਤੂ ਤੇ ਅਰੋਹਾ (Toitu Te Aroha) ਗਰੁੱਪ ਬਹੁ ਕੌਮਾਂ ਦੇ ਹੱਕ ਵਿਚ ਨਿੱਤਰਿਆ
ਔਕਲੈਂਡ ਸਿਟੀ ਵਿਚ ਹੈ ਅੱਜ ਹੋ ਰਿਹਾ ਹੈ ਸਾਂਤੀ ਮਾਰਚ-ਸੜਕਾਂ ਨੂੰ ਸ਼ਾਂਤੀ, ਖੁਸ਼ੀ ਅਤੇ ਭਾਈਚਾਰੇ ਦੀ ਤਾਕਤ ਨਾਲ ਭਰਨ ਦਾ ਨਾਅਰਾ
- ਭਾਰਤੀ ਭਾਈਚਾਰੇ ਤੋਂ ਸ. ਸ਼ੇਰ ਸਿੰਘ ਮਾਣਕਢੇਰੀ ਦੀ ਸਪੀਚ ਅਤੇ ਜੈਕਾਰੇ ਨੇ ਭਰਿਆ ਜ਼ਜਬਾ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 31 ਜਨਵਰੀ 2026:-ਨਿਊਜ਼ੀਲੈਂਡ ਦੇ ਵਿਚ ਕਾਨੂੰਨ ਅਨੁਸਾਰ ਦਿੱਤੇ ਅਧਿਕਾਰਾਂ ਨਾਲ ਵਸ ਰਹੀ ਕਮਿਊਨਿਟੀ ਨੂੰ ਕਈ ਵਾਰ ਨਫ਼ਰਤ ਅਤੇ ਡਰਾਉਣ-ਧਮਕਾਉਣ ਦੀਆਂ ਕਾਰਵਾਈਆਂ ਦਾ ਨਿਸ਼ਾਨਾ ਬਨਣਾ ਪੈਂਦਾ ਹੈ। ਪਰ ਇਸਦੇ ਉਲਟ ਸਥਾਨਿਕ ਲੋਕ ਅਜਿਹੇ ਮੌਕਿਆਂ ਦੇ ਉਤੇ ਕਾਨੂੰਨ ਦੇ ਨਾਲ-ਨਾਲ ਉਹ ਆਪ ਵੀ ਤੁਹਾਡੇ ਨਾਲ ਵੀ ਆ ਖੜ੍ਹਦੇ ਹਨ। ਇਕ ਅਜਿਹਾ ਹੀ ਗਰੁੱਪ ਹੈ ‘ਤੋਈਤੂ ਤੇ ਅਰੋਹਾ’। ਇਸ ਗਰੁੱਪ ਨੇ ਅੱਜ ਸਵੇਰੇ 11 ਵਜੇ ਸਿੱਖ ਭਾਈਚਾਰੇ, ਫਲਸਤੀਨ, ਅਰਬ, ਮੁਸਲਿਮ ਭਾਈਚਾਰੇ ਨੂੰ ਸੁਰੱਖਿਅਤ ਅਤੇ ਸਤਿਕਾਰਤ ਮਹਿਸੂਸ ਕਰਾਉਣ ਲਈ ਬਿ੍ਰਟੋਮਾਰਟ ਤੋਂ ਕੁਈਨਜ਼ ਸਟ੍ਰੀਟ ਦੇ ਉਤੇ ਮਾਇਰਜ਼ ਪਾਰਕ (ਓਟੀਆ ਸੁਕੇਅਰ ਤੋਂ ਅੱਗੇ) ਤੱਕ ਸ਼ਾਂਤੀ ਮਾਰਚ ਕੱਢ ਰਿਹਾ ਹੈ। ਭਾਰਤੀ ਅਤੇ ਸਿੱਖ ਭਾਈਚਾਰੇ ਨੇ ਵੀ ਇਸ ਮੌਕੇ ਪਹੁੰਚ ਨੇ ਆਪਣੀ ਹਾਜ਼ਰੀ ਲਗਵਾਈ। ਵੱਡੀ ਸਟੇਜ ਦੇ ਉਤੇ ਪਹਿਲਾਂ ਰਸਮੀ ਅਰਦਾਸਾਂ ਹੋਈਆਂ ਅਤੇ ਸਤਿਕਾਰ ਅਤੇ ਪਿਆਰ ਦਾ ਨਾਹਰਾ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਇਹ ਸਾਡਾ ਆਪਣਾ ਕੌਪਾਪਾ (kaupapa - ਮਕਸਦ) ਹੈ। ਇਹ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਨੂੰ ਨਫ਼ਰਤ ਅਤੇ ਡਰਾਉਣ-ਧਮਕਾਉਣ ਦੀਆਂ ਕਾਰਵਾਈਆਂ ਰਾਹੀਂ ਨਿਸ਼ਾਨਾ ਬਣਾਇਆ ਗਿਆ ਹੈ। ਇਹਨਾਂ ਹਮਲਿਆਂ ਦਾ ਉਦੇਸ਼ ਸਾਨੂੰ ਵੰਡਣਾ ਅਤੇ ਉਹਨਾਂ ਥਾਵਾਂ ’ਤੇ ਡਰ ਪੈਦਾ ਕਰਨਾ ਹੈ ਜਿੱਥੇ ਸਾਨੂੰ ਸਾਰਿਆਂ ਨੂੰ ਸੁਰੱਖਿਅਤ ਅਤੇ ਸਤਿਕਾਰਤ ਮਹਿਸੂਸ ਕਰਨਾ ਚਾਹੀਦਾ ਹੈ। ਇਹ ਮਾਰਚ ਇਕੱਠੇ ਖੜ੍ਹੇ ਹੋਣ ਦਾ ਸੱਦਾ ਦਿੰਦਾ ਹੈ। ਹੋਕਾ ਦਿੱਤਾ ਗਿਆ ਕਿ ਆਓ ਸੜਕਾਂ ਨੂੰ ਸ਼ਾਂਤੀ, ਖੁਸ਼ੀ ਅਤੇ ਭਾਈਚਾਰੇ ਦੀ ਤਾਕਤ ਨਾਲ ਭਰ ਦੇਈਏ। ਅਸੀਂ ਇੱਕ ਸ਼ਕਤੀਸ਼ਾਲੀ, ਸ਼ਾਂਤੀਪੂਰਨ ਸੰਦੇਸ਼ ਭੇਜਣ ਲਈ ਇਕੱਠੇ ਹੋਵਾਂਗੇ: ਨਫ਼ਰਤ ਦਾ ਇੱਥੇ ਕੋਈ ਘਰ ਨਹੀਂ ਹੈ। ਹਾਕਾ (8aka) ਨੂੰ ਧਰਮ ਜਾਂ ਘੱਟ ਗਿਣਤੀ ਸਮੂਹਾਂ ਵਿਰੁੱਧ ਹਥਿਆਰ ਵਜੋਂ ਨਹੀਂ ਵਰਤਿਆ ਜਾਵੇਗਾ ਜਾਂ ਇਸਦੀ ਦੁਰਵਰਤੋਂ ਨਹੀਂ ਕੀਤੀ ਜਾਵੇਗੀ। ਬੁਲਾਰਿਆਂ ਨੇ ਕਿਹਾ ਕਿ ਜਿਸ ਡੈਸਟਿਨੀ ਚਰਚ ਨੇ ਅਜਿਹਾ ਵਿਰੋਧ ਕੀਤਾ ਹੈ, ਉਸਨੇ ਕਦੇ ਕੋਈ ਟੈਕਸ ਨਹੀਂ ਭਰਿਆ। ਪੁਲਿਸ ਆਪਣਾ ਕੰਮ ਕਰੇਗੀ।
ਵਰਨਣਯੋਗ ਹੈ ਕਿ ਨਿਊਜ਼ੀਲੈਂਡ ਵਿੱਚ ਸਾਡੇ ਫਲਸਤੀਨੀ, ਸਿੱਖ, ਅਰਬ ਅਤੇ ਮੁਸਲਿਮ ਭਾਈਚਾਰਿਆਂ ਨੂੰ ਨਫ਼ਰਤ ਅਤੇ ਡਰਾਉਣ-ਧਮਕਾਉਣ ਦੀਆਂ ਕਾਰਵਾਈਆਂ ਰਾਹੀਂ ਨਿਸ਼ਾਨਾ ਬਣਾਇਆ ਗਿਆ ਹੈ। ਇਹਨਾਂ ਹਮਲਿਆਂ ਦਾ ਉਦੇਸ਼ ਸਾਨੂੰ ਵੰਡਣਾ ਅਤੇ ਉਹਨਾਂ ਥਾਵਾਂ ’ਤੇ ਡਰ ਪੈਦਾ ਕਰਨਾ ਹੈ ਜਿੱਥੇ ਸਾਨੂੰ ਸਾਰਿਆਂ ਨੂੰ ਸੁਰੱਖਿਅਤ ਅਤੇ ਸਤਿਕਾਰਤ ਮਹਿਸੂਸ ਕਰਨਾ ਚਾਹੀਦਾ ਹੈ। ਆਓ ਅਰੋਹਾ (1roha - ਪਿਆਰ) ਵਿੱਚ ਇਕੱਠੇ ਖੜ੍ਹੇ ਹੋਈਏ ਅਤੇ ਮਾਨਾ (mana - ਮਾਣ/ਸ਼ਕਤੀ) ਵਿੱਚ ਇਕੱਠੇ ਚੱਲੀਏ। ਆਪਣੀ ਇਕਜੁੱਟਤਾ ਦਿਖਾਓ, ਸੰਯੁਕਤ ਹੋ ਕੇ ਖੜ੍ਹੇ ਹੋਵੋ, ਅਤੇ ਇਸ ਗੱਲ ਦੀ ਪੁਸ਼ਟੀ ਕਰੋ ਕਿ ਸਾਡੀ ਵਿਭਿੰਨਤਾ ਸਾਨੂੰ ਮਜ਼ਬੂਤ ਬਣਾਉਂਦੀ ਹੈ। ਅਸੀਂ ਇਨਸਾਫ਼, ਸ਼ਾਂਤੀ ਅਤੇ ਆਪਣੇ ਸਾਰੇ ਭਾਈਚਾਰਿਆਂ ਦੀ ਸੁਰੱਖਿਆ ਲਈ ਚੱਲਦੇ ਹਾਂ।
ਬੁਲਾਰਿਆਂ ਨੇ ਸਪਸ਼ਟ ਕਰ ਦਿੱਤਾ ਕਿ ਅਸੀਂ ਇਥੇ ਵਸਦੇ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਾਂਗੇ। ਭਾਰਤੀ ਭਾਈਚਾਰੇ ਤੋਂ ਸ. ਸ਼ੇਰ ਸਿੰਘ ਮਾਣਕਢੇਰੀ ਨੇ ਗਲ ਦੇ ਵਿਚ ਕੇਸਰੀ ਸਿਰੋਪਾ ਪਾ ਕੇ ਬਹੁਤ ਹੀ ਕਮਾਲ ਦੀ ਸਪੀਚ ਕੀਤੀ। ਉਨ੍ਹਾਂ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਦੂਜੀਆਂ ਕੌਮਾਂ ਨੂੰ ਸਮਝਾ ਕੇ ਤਾੜੀਆਂ ਦੇ ਵਿਚ ਹੌਂਸਲਾ ਅਫਜ਼ਾਈ ਕੀਤੀ। ਅਖੀਰ ਵਿਚ ਉਨ੍ਹਾਂ ਜੋ ਬੋਲੇ ਸੋ ਨਿਹਾਲ ਗਜਾ ਕੇ ਜੋਸ਼ ਭਰ ਦਿੱਤਾ। ਇਸ ਮੌਕੇ ਹੋਰ ਬਹੁਤ ਸਾਰੇ ਬੁਲਾਰਿਆਂ ਨੇ ਮਾਓਰੀ ਭਾਸ਼ਾ ਦੇ ਵਿਚ ਜੋ ਬਹੁ ਕੌਮੀ ਲੋਕਾਂ ਦੇ ਲਈ ਸਤਿਕਾਰ ਅਤੇ ਸੁਰੱਖਿਆ ਦਾ ਸੰਦੇਸ਼ ਦਿੱਤਾ ਕਮਾਲ ਦਾ ਸੀ। ਮਾਓਰੀ ਭਾਸ਼ਾ ਦਾ ਅੰਗਰੇਜ਼ੀ ਅਨੁਵਾਦ ਵੀ ਕੀਤਾ ਗਿਆ ਅਤੇ ਲੋਕਾਂ ਨੂੰ ਮਗਰ ਬੋਲਣ ਦੇ ਲਈ ਅਪੀਲ ਕੀਤੀ ਗਈ ਤਾਂ ਕਿ ਇਹ ਸ਼ਬਦ ਰਟ ਜਾਣ।