ਨਸ਼ਿਆਂ ਵਿਰੁੱਧ ਜੰਗ ਸਿਰਫ਼ ਕਾਨੂੰਨੀ ਨਹੀਂ, ਸਮਾਜਿਕ ਜਿੰਮੇਵਾਰੀ ਵੀ ਹੈ : ਡੀ.ਆਈ.ਜੀ ਹਰਜੀਤ ਸਿੰਘ
ਅਸ਼ੋਕ ਵਰਮਾ
ਬਠਿੰਡਾ, 22 ਨਵੰਬਰ 2025: ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਜ਼ਮੀਨੀ ਪੱਧਰ 'ਤੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਡੀਆਈਜੀ ਬਠਿੰਡਾ ਰੇਂਜ ਸ ਹਰਜੀਤ ਸਿੰਘ ਨੇ ਸ਼ਹੀਦ ਸਿਪਾਹੀ ਅਵਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਮਨ ਦੀਵਾਨਾ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਡੀਆਈਜੀ ਬਠਿੰਡਾ ਰੇਂਜ ਸ ਹਰਜੀਤ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਵੀ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ, ਜੋ ਕਿ ਇੱਕ ਸਲਾਘਾਯੋਗ ਉਪਰਾਲਾ ਹੈ। ਉਹਨਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਸਕੂਲਾਂ, ਪਿੰਡਾਂ ਅਤੇ ਵੱਖ-ਵੱਖ ਸਮਾਜਕ ਮੰਚਾਂ ‘ਤੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਨੌਜਵਾਨ, ਪਿੰਡ ਵਾਸੀਆਂ ਅਤੇ ਵਿਦਿਆਰਥੀਆਂ ਵੱਲੋਂ ਵੱਡੇ ਜੋਸ਼ ਨਾਲ ਭਾਗ ਲੈ ਰਹੇ ਹਨ।
ਇਸ ਮੌਕੇ ਡੀਆਈਜੀ ਸ ਹਰਜੀਤ ਸਿੰਘ ਨੇ ਕਿਹਾ ਕਿ “ਨਸ਼ਿਆਂ ਨਾਲ ਜੰਗ ਸਿਰਫ਼ ਕਾਨੂੰਨੀ ਕਾਰਵਾਈ ਨਾਲ ਨਹੀਂ ਜਿੱਤੀ ਜਾ ਸਕਦੀ; ਇਹ ਤਾਂ ਸਮਾਜਿਕ ਜਿੰਮੇਵਾਰੀ ਨਾਲ ਹੀ ਸੰਭਵ ਹੈ।” ਡੀ.ਆਈ.ਜੀ ਹਰਜੀਤ ਸਿੰਘ ਨੇ ਕਿਹਾ ਕਿ ਇਹ ਯਤਨ ਓਦੋਂ ਹੀ ਸਫਲ ਹੋ ਸਕਦੇ ਹਨ, ਜਦੋਂ ਹਰ ਘਰ, ਹਰ ਪਿੰਡ ਅਤੇ ਹਰ ਸਿੱਖਿਆ ਸੰਸਥਾ ਇਸ ਮੁਹਿੰਮ ਦਾ ਸਰਗਰਮ ਹਿੱਸਾ ਬਣੇਗੀ।
ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਨੁਕਸਾਨਾਂ ਬਾਰੇ ਜਾਣੂ ਕਰਾਉਣਾ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨਸ਼ੈਲੀ ਵੱਲ ਪ੍ਰੇਰਿਤ ਕਰਨਾ ਮੁਹਿੰਮ ਦਾ ਮੁੱਖ ਉਦੇਸ਼ ਹੈ। ਇਸ ਮੁਹਿੰਮ ਹੇਠ ਨਸ਼ਾ-ਮੁਕਤੀ ਰੈਲੀਆਂ, ਗਰੁੱਪ ਚਰਚਾਵਾਂ, ਪੇਂਟਿੰਗ ਅਤੇ ਸਲੋਗਨ ਲਿਖਣ ਮੁਕਾਬਲੇ, ਅਤੇ ਮੋਟੀਵੇਸ਼ਨਲ ਲੈਕਚਰ ਸ਼ਾਮਲ ਹਨ। ਕਈ ਨੌਜਵਾਨਾਂ ਨੇ ਨਸ਼ਾ-ਮੁਕਤ ਪੰਜਾਬ ਬਣਾਉਣ ਲਈ ਆਪਣੀ ਵਚਨਬੱਧਤਾ ਵੀ ਜਤਾਈ।
ਇਸ ਮੌਕੇ ‘ਤੇ ਪ੍ਰਿੰਸੀਪਲ ਭੀਮ ਸੇਨ, ਐਸਐਮਸੀ ਚੇਅਰਮੇਨ ਬਲਜੀਤ ਸਿੰਘ, ਬਲਾਕ ਪ੍ਰਧਾਨ ਜਗਜੀਤ ਸਿੰਘ, ਏ.ਐਸ.ਆਈ ਹਾਕਮ ਸਿੰਘ ਟਰੈਫਿਕ ਪੁਲਿਸ ਐਜੂਕੇਟਰ , ਰੁਪਿੰਦਰ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ।