ਧਰਤੀ ਹੇਠਲੇ ਪਾਣੀ ਦੀ ਲੁੱਟ ਜਾਰੀ: ਉਪਕਾਰ ਨਗਰ ਪੁਲੀ ਨੇੜੇ ਗੈਰ-ਕਾਨੂੰਨੀ ਸਬਮਰਸੀਬਲ ਖੁਦਾਈ, ਪ੍ਰਸ਼ਾਸਨ ਦੀ ਚੁੱਪੀ ਸਵਾਲਾਂ ਦੇ ਘੇਰੇ ਵਿੱਚ
ਸੁਖਮਿੰਦਰ ਭੰਗੂ
ਲੁਧਿਆਣ 10 ਅਪ੍ਰੈਲ 2026
ਜਿੱਥੇ ਇੱਕ ਪਾਸੇ ਸਰਕਾਰ ਅਤੇ ਪ੍ਰਸ਼ਾਸਨ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗਦੇ ਪੱਧਰ ਨੂੰ ਲੈ ਕੇ ਚਿੰਤਾ ਜਤਾਉਂਦੇ ਹੋਏ ਸਖ਼ਤ ਨਿਯਮ ਲਾਗੂ ਕਰਨ ਦੀ ਗੱਲ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਉਪਕਾਰ ਨਗਰ ਪੁਲੀ ਨੇੜੇ ਇਨ੍ਹਾਂ ਨਿਯਮਾਂ ਦੀ ਖੁੱਲ੍ਹੀ ਉਲੰਘਣਾ ਹੋ ਰਹੀ ਹੈ। ਇਲਾਕੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਅਤੇ ਨਗਰ ਨਿਗਮ ਦੀਆਂ ਹਦਾਇਤਾਂ ਨੂੰ ਨਜ਼ਰਅੰਦਾਜ਼ ਕਰਦਿਆਂ ਦਿਨ-ਦਿਹਾੜੇ ਗੈਰ-ਕਾਨੂੰਨੀ ਢੰਗ ਨਾਲ ਸਬਮਰਸੀਬਲ ਪੰਪ ਲਈ ਖੁਦਾਈ ਕੀਤੀ ਜਾ ਰਹੀ ਹੈ।
ਸਥਾਨਕ ਸਰੋਤਾਂ ਮੁਤਾਬਕ ਬਿਨਾਂ ਕਿਸੇ ਅਧਿਕਾਰਤ ਮਨਜ਼ੂਰੀ ਦੇ ਬੋਰਿੰਗ ਮਸ਼ੀਨਾਂ ਲਗਾ ਕੇ ਧਰਤੀ ਹੇਠਲੇ ਪਾਣੀ ਦਾ ਦੁਰਪਯੋਗ ਕੀਤਾ ਜਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਗੈਰ-ਕਾਨੂੰਨੀ ਬੋਰ ਨਾ ਸਿਰਫ਼ ਜ਼ਮੀਨੀ ਪਾਣੀ ਦੇ ਪੱਧਰ ਨੂੰ ਤੇਜ਼ੀ ਨਾਲ ਹੇਠਾਂ ਲੈ ਜਾਂਦੇ ਹਨ, ਸਗੋਂ ਭਵਿੱਖ ਵਿੱਚ ਪੀਣ ਵਾਲੇ ਪਾਣੀ ਦੀ ਗੰਭੀਰ ਕਮੀ ਵੀ ਪੈਦਾ ਕਰ ਸਕਦੇ ਹਨ।
ਇਸ ਮਾਮਲੇ ਨੂੰ ਲੈ ਕੇ ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਭਾਰੀ ਰੋਸ ਪਾਇਆ ਹੈ। ਸ਼ਰਮਾ ਦਾ ਕਹਿਣਾ ਹੈ ਕਿ ਕੁਝ ਪ੍ਰਭਾਵਸ਼ਾਲੀ ਲੋਕ ਨਿੱਜੀ ਲਾਭ ਲਈ ਕੁਦਰਤੀ ਸਰੋਤਾਂ ਦੀ ਲੁੱਟ ਕਰ ਰਹੇ ਹਨ, ਜਦਕਿ ਸੰਬੰਧਤ ਵਿਭਾਗ ਅਤੇ ਨਿਗਮ ਅਧਿਕਾਰੀ ਮੌਨ ਧਾਰਨ ਕੀਤੇ ਬੈਠੇ ਹਨ।
ਨਿਯਮਾਂ ਅਨੁਸਾਰ ਸ਼ਹਿਰੀ ਹੱਦਾਂ ਵਿੱਚ ਬਿਨਾਂ ਮਨਜ਼ੂਰੀ ਸਬਮਰਸੀਬਲ ਪੰਪ ਲਗਾਉਣਾ ਕਾਨੂੰਨੀ ਅਪਰਾਧ ਹੈ ਅਤੇ ਇਸ ਲਈ ਨਗਰ ਨਿਗਮ ਤੇ ਜਲ ਸਪਲਾਈ ਵਿਭਾਗ ਤੋਂ ਪਹਿਲਾਂ ਮਨਜ਼ੂਰੀ ਲੈਣਾ ਲਾਜ਼ਮੀ ਹੈ। ਪਰ ਵਾਰਡ ਨੰਬਰ 91 ਦੇ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਤਰ੍ਹਾਂ ਦੀ ਕਾਰਵਾਈ ਸਾਹਮਣੇ ਨਹੀਂ ਆਈ, ਜਿਸ ਨਾਲ ਪ੍ਰਸ਼ਾਸਨ ਦੀ ਭੂਮਿਕਾ ‘ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।
ਸ਼ਰਮਾ ਨੇ ਚੇਤਾਵਨੀ ਦਿੰਦਿਆਂ ਕਿਹਾ, “ਜੇਕਰ ਸਮੇਂ ਸਿਰ ਇਨ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ‘ਤੇ ਰੋਕ ਨਾ ਲੱਗੀ ਤਾਂ ਲੁਧਿਆਣਾ ਦੇ ਕਈ ਇਲਾਕੇ ਜਲਦੀ ਹੀ ਡਾਰਕ ਜ਼ੋਨ ਵਿੱਚ ਸ਼ਾਮਲ ਹੋ ਸਕਦੇ ਹਨ।”
ਹੁਣ ਦੇਖਣਾ ਇਹ ਹੈ ਕਿ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਨਗਰ ਨਿਗਮ ਅਤੇ ਸੰਬੰਧਤ ਵਿਭਾਗ ਇਸ ਮਾਮਲੇ ਵਿੱਚ ਕੋਈ ਠੋਸ ਕਾਰਵਾਈ ਕਰਦੇ ਹਨ ਜਾਂ ਫਿਰ ਧਰਤੀ ਹੇਠਲੇ ਪਾਣੀ ਦੀ ਇਹ ਲੁੱਟ ਇੰਝ ਹੀ ਜਾਰੀ ਰਹੇਗੀ।
ਦੂਸਰੇ ਪਾਸੇ ਜਦੋਂ ਨਗਰ ਨਿਗਮ ਅਧਿਕਾਰੀ ਦਾ ਪੱਖ ਲੈਣ ਲਈ ਨਗਰ ਨਿਗਮ ਦੇ ਐਸ ਈ ਓ ਐਂਡ ਐਮ ਇੱਕਜੋਤ ਸਿੰਘ ਨੇ ਦੱਸਿਆ ਕਿ ਇਸ ਤੇ ਐਕਸ਼ਨ ਲਿਆ ਜਾਏਗਾ ।
Click to Follow Babushahi Facebook page →