ਦੁੱਖ ਦੀ ਘੜੀ 'ਚ ਹੜ੍ਹ ਮਾਰੇ ਪੰਜਾਬ ਨਾਲ ਵਿਤਕਰਾ ਨਾ ਕਰੇ ਕੇਂਦਰ ਸਰਕਾਰ-ਡਾ. ਬਲਬੀਰ ਸਿੰਘ
-ਸਿਹਤ ਮੰਤਰੀ ਵੱਲੋਂ ਹਲਕਾ ਘਨੌਰ ਦੇ ਹੜ੍ਹ ਪ੍ਰਭਾਵਿਤ ਤਿੰਨ ਪਿੰਡਾਂ ਦੇ 232 ਲਾਭਪਾਤਰੀਆਂ ਨੂੰ 88 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਪ੍ਰਦਾਨ
-ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਾਅਦਾ ਨਿਭਾਇਆ ਤੇ ਸਿਰਫ 30 ਦਿਨਾਂ 'ਚ ਸਭ ਤੋਂ ਵੱਧ ਮੁਆਵਜ਼ਾ ਦੇ ਕੇ ਇਤਿਹਾਸ ਰਚਿਆ
-ਅਗਲੀਆਂ ਬਰਸਾਤਾਂ ਤੋਂ ਪਹਿਲਾਂ ਦਰਿਆਵਾਂ ਦੇ ਵਹਿਣ ਨੂੰ ਚੌੜਾ ਤੇ ਡੂੰਘਾ ਕੀਤਾ ਜਾਵੇਗ-ਡਾ. ਬਲਬੀਰ ਸਿੰਘ
-ਦੇਸ਼ ਦੇ ਕਿਸੇ ਹੋਰ ਸੂਬੇ ਜਾਂ ਸਰਕਾਰ ਨੇ ਅੱਜ ਤੱਕ ਪ੍ਰਤੀ ਏਕੜ 20 ਹਜ਼ਾਰ ਰੁਪਏ ਮੁਆਵਜ਼ਾ ਨਹੀਂ ਦਿੱਤਾ-ਗੁਰਲਾਲ ਘਨੌਰ
ਘਨੌਰ, 15 ਅਕਤੂਬਰ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੁੱਖ ਦੀ ਘੜੀ 'ਚ ਹੜ੍ਹ ਮਾਰੇ ਪੰਜਾਬ ਨਾਲ ਵਿਤਕਰਾ ਨਾ ਕਰੇ। ਸਿਹਤ ਮੰਤਰੀ ਅੱਜ ਘਨੌਰ ਵਿਖੇ ਵਿਧਾਇਕ ਗੁਰਲਾਲ ਘਨੌਰ ਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨਾਲ ਹਲਕੇ ਦੇ ਪਿੰਡਾਂ ਸਮਸ਼ਪੁਰ, ਸ਼ੇਖਪੁਰ ਦਾਖਲੀ ਲੋਹਸਿੰਬਲੀ ਤੇ ਸਮਸ਼ਪੁਰ ਦੇ ਹੜ੍ਹ ਪ੍ਰਭਾਵਿਤ 232 ਕਿਸਾਨਾਂ ਨੂੰ 88 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਵੰਡਣ ਪੁੱਜੇ ਹੋਏ ਸਨ।
ਇਸ ਮੌਕੇ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੂਬੇ ਅੰਦਰ ਹੜ੍ਹਾਂ ਨੇ ਸਾਡੀ ਸੋਚ ਤੋਂ ਵੀ ਪਰ੍ਹੇ ਤੇ ਇਸ ਸਦੀ ਦੀ ਸਭ ਤੋਂ ਵੱਡੀ ਬਰਬਾਦੀ ਕੀਤੀ ਹੈ ਪਰੰਤੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਵੰਡਣ ਲਈ 30 ਦਿਨਾਂ ਦੇ ਅੰਦਰ-ਅੰਦਰ ਤੇ ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ-ਪਹਿਲਾਂ ਹੜ੍ਹਾਂ ਤੋਂ ਪ੍ਰਭਾਵਿਤ ਲਾਭਪਾਤਰੀਆਂ ਨੂੰ ਚੈਕ ਤਕਸੀਮ ਕਰਕੇ ਸੂਬੇ ਦੇ ਹੜ੍ਹ ਪੀੜਤਾਂ ਦੇ ਨਾਲ ਖੜ੍ਹੇ ਹੋਣ ਦਾ ਸਬੂਤ ਦਿੱਤਾ ਹੈ। ਇਸ ਤੋਂ ਸੂਬਾ ਸਰਕਾਰ ਨੇ 'ਜਿਸਦਾ ਖੇਤ, ਉਸਦੀ ਰੇਤ' ਨੀਤੀ ਪ੍ਰਵਾਨ ਕੀਤੀ ਜਦਕਿ ਕਣਕ ਦੇ ਮੁਫ਼ਤ ਬੀਜ ਤੇ ਡਾਕਟਰੀ ਜਾਂਚ ਲਈ ਹੜ÷ ਪ੍ਰਭਾਵਿਤ ਪਿੰਡਾਂ ਵਿੱਚ ਮੁਫ਼ਤ ਸਿਹਤ ਕੈਂਪ ਲਾਏ ਗਏ ਹਨ ਅਤੇ ਪਸ਼ੂਆਂ ਲਈ ਵਿਸ਼ੇਸ਼ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ।
ਸਿਹਤ ਮੰਤਰੀ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇਸ ਸੰਕਟ ਵਿੱਚੋਂ ਸੂਬੇ ਨੂੰ ਕੱਢਣ ਦੀ ਬਜਾਏ ਕੇਂਦਰ ਸਰਕਾਰ ਜਾਣ-ਬੁੱਝ ਕੇ ਪੰਜਾਬ ਦੀਆਂ ਮੰਗਾਂ ਨੂੰ ਲਮਕਾ ਰਹੀ ਹੈ ਕਿਉਂਕਿ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਨੂੰ ਪ੍ਰਤੀ ਏਕੜ 50,000 ਰੁਪਏ ਦੇਣ ਦੀ ਬੇਨਤੀ ਕੀਤੀ ਸੀ, ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ। ਇਸ ਦੇ ਬਾਵਜੂਦ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਰਕਮ ਵਿੱਚ 15 ਹਜ਼ਾਰ ਰੁਪਏ ਪੰਜਾਬ ਸਰਕਾਰ ਪਾ ਕੇ ਦੇ ਰਹੀ ਹੈ। ਜਦੋਂਕਿ ਪੂਰੀ ਤਰ੍ਹਾਂ ਢਹਿ-ਢੇਰੀ ਹੋਏ ਘਰਾਂ ਲਈ 1,20,000 ਰੁਪਏ ਦਿੱਤੇ ਜਾਣਗੇ, ਅੰਸ਼ਕ ਤੌਰ 'ਤੇ ਨੁਕਸਾਨੇ ਗਏ ਘਰਾਂ ਲਈ 40,000 ਰੁਪਏ ਦਿੱਤੇ ਜਾਣਗੇ ਜਦਕਿ ਪਿਛਲੀਆਂ ਸਰਕਾਰਾਂ ਮੌਕੇ ਇਹ ਰਕਮ 6,500 ਰੁਪਏ ਸੀ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਅਗਲੀਆਂ ਬਰਸਾਤਾਂ ਤੋਂ ਪਹਿਲਾਂ ਹੜ੍ਹਾਂ ਵਾਲੇ ਦਰਿਆਵਾਂ ਤੇ ਨਦੀਆਂ ਨੂੰ ਡੂੰਘਾ ਤੇ ਵਹਿਣ ਨੂੰ ਚੌੜਾ ਕੀਤਾ ਜਾਵੇਗਾ ਕਿਉਂਕਿ ਸਤਲੁਜ, ਬਿਆਸ, ਘੱਗਰ, ਟਾਂਗਰੀ ਤੇ ਮਾਰਕੰਡਾ ਵਿੱਚ ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਚੰਡੀਗੜ੍ਹ ਤੋਂ ਆਇਆ ਪਾਣੀ ਹੜ੍ਹ ਲਿਆ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਕੱਲੇ ਪਟਿਆਲਾ ਜ਼ਿਲ੍ਹੇ ਵਿੱਚ ਹੀ ਇਨ੍ਹਾਂ ਹੜ੍ਹਾਂ ਕਾਰਨ ਕਰੀਬ 141 ਪਿੰਡ 'ਚ 19000 ਏਕੜ ਤੋਂ ਵੱਧ ਰਕਬੇ 'ਚ ਫ਼ਸਲਾਂ ਮਾਰੀਆਂ ਗਈਆਂ ਹਨ।
ਉਨ੍ਹਾ ਕਿਹਾ ਕਿ ਪੰਜਾਬੀ ਹਮੇਸ਼ਾ ਤੋਂ ਆਪਣੇ ਮਿਹਨਤੀ ਸੁਭਾਅ ਲਈ ਜਾਣੇ ਜਾਂਦੇ ਹਨ, ਇਸ ਲਈ ਭਾਵੇਂ ਇਹ ਸੰਕਟ ਗੰਭੀਰ ਸੀ ਪਰ ਸਾਡਾ ਹੌਸਲਾ ਇਸ ਤੋਂ ਵੀ ਮਜ਼ਬੂਤ ਸੀ ਤੇ ਪੰਜਾਬੀਆਂ ਨੇ ਦੁੱਖ 'ਚ ਵੀ ਹੌਂਸਲਾ ਨਹੀਂ ਹਾਰਿਆ। ਜਦੋਂਕਿ ਹੜ੍ਹ ਪੀੜਤਾਂ ਦੀ ਮਦਦ ਲਈ ਸ਼ੁਰੂ ਕੀਤੇ ਮਿਸ਼ਨ ਚੜ੍ਹਦੀ ਕਲ੍ਹਾ ਵਿੱਚ ਵੀ ਵਿਸ਼ਵ ਭਰ ਦੇ ਸਮਾਜ ਸੇਵੀ ਅੱਗੇ ਆ ਕੇ ਰੰਗਲਾ ਪੰਜਾਬ ਦੇ ਪੋਰਟਲ ਰਾਹੀਂ ਯੋਗਦਾਨ ਪਾ ਰਹੇ ਹਨ।
ਹਲਕਾ ਵਿਧਾਇਕ ਗੁਰਲਾਲ ਘਨੌਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲੀ ਵਾਰ ਕਿਸਾਨਾਂ ਨੂੰ ਪ੍ਰਤੀ ਏਕੜ 20,000 ਰੁਪਏ ਦਿੱਤੇ ਜਾ ਰਹੇ ਹਨ, ਜੋ ਕਿ ਦੇਸ਼ ਵਿੱਚ ਸਭ ਤੋਂ ਵੱਧ ਹੈ। ਗੁਰਲਾਲ ਘਨੌਰ ਨੇ ਦੱਸਿਆ ਕਿ ਪਿੰਡ ਸੌਂਟਾ ਦੇ ਕਿਸਾਨਾਂ ਨੂੰ 13.80 ਲੱਖ ਰੁਪਏ, ਸ਼ੇਖਪੁਰ ਦਾਖਲੀ ਲੋਹਸਿੰਬਲੀ ਦੇ ਕਿਸਾਨਾਂ ਨੂੰ 13.72 ਲੱਖ ਰੁਪਏ ਅਤੇ ਸਮਸ਼ਪੁਰ ਦੇ ਕਿਸਾਨਾਂ ਨੂੰ 60 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਪ੍ਰਦਾਨ ਕੀਤੀ ਗਈ ਹੈ। ਇਸ ਮੌਕੇ ਐਸ.ਡੀ.ਐਮ ਅਵਿਕੇਸ਼ ਗੁਪਤਾ, ਤਹਿਸੀਲਦਾਰ ਪਰਦੀਪ ਕੁਮਾਰ ਸਮੇਤ ਪਿੰਡਾਂ ਦੇ ਵਸਨੀਕ ਵੀ ਮੌਜੂਦ ਸਨ।