ਤੰਬਾਕੂ ਵਿਰੁੱਧ ਲੜਾਈ ਸਮਾਜਿਕ ਅਤੇ ਸਿੱਖਿਆਦਾਇਕ ਮਿਸ਼ਨ: ਡਾ: ਧੀਰਾ ਗੁਪਤਾ
ਅਸ਼ੋਕ ਵਰਮਾ
ਗੋਨਿਆਣਾ, 15 ਨਵੰਬਰ 2025: ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾਕਟਰ ਤਪਿੰਦਰ ਜੋਤ ਦੀਆਂ ਹਦਾਇਤਾਂ ਅਨੁਸਾਰ ਐਸ.ਐਮ.ਓ. ਡਾ: ਧੀਰਾ ਗੁਪਤਾ ਦੀ ਅਗਵਾਈ ਹੇਠ ਬਲਾਕ ਗੋਨਿਆਣਾ ਦੇ ਸਮੂਹ ਸੈਂਟਰਾਂ ਵਿੱਚ ਤੰਬਾਕੂ ਮੁਕਤ ਨੋਜਵਾਨ ਮੁਹਿੰਮ 3.0 ਤਹਿਤ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਨਾ ਕਰਨ ਦਾ ਪ੍ਰਣ ਦਿਵਾਇਆ ਜਾ ਰਿਹਾ ਹੈ।
ਇਸ ਮੌਕੇ ਬੋਲਦਿਆਂ ਐਸ.ਐਮ.ਓ. ਡਾ: ਗੁਪਤਾ ਨੇ ਕਿਹਾ ਕਿ ਤੰਬਾਕੂ ਦੀ ਵਰਤੋਂ ਵਿਰੁੱਧ ਲੜਾਈ ਦੀੀ ਮੁਹਿੰਮ ਸਿਰਫ਼ ਸਿਹਤ ਨਾਲ ਜੁੜਿਆ ਮੁੱਦਾ ਨਹੀਂ ਹੈ ਬਲਕਿ ਇਹ ਪੂਰੇ ਭਾਰਤ ਵਿੱਚ ਲੱਖਾਂ ਨੌਜਵਾਨਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲਾ ਸਮਾਜਿਕ ਅਤੇ ਸਿੱਖਿਆਦਾਇਕ ਮਿਸ਼ਨ ਹੈ।ਉਨ੍ਹਾਂ ਕਿਹਾ ਕਿ ਤੰਬਾਕੂ ਸਿਰਫ਼ ਇਸ ਦੀ ਵਰਤੋਂ ਕਰਨ ਵਾਲੇ ਲਈ ਘਾਤਕ ਨਹੀਂ ਬਲਕਿ ਇਹ ਵਰਤੋਂ ਨਾ ਕਰਨ ਵਾਲੇ ਦੀ ਸਿਹਤ *ਤੇ ਵੀ ਮਾੜਾ ਅਸਰ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਫੇਫੜੇ ਪ੍ਰਭਾਵਿਤ ਹੋਣ ਕਾਰਨ ਇਨਸਾਨ ਦੀ ਜਿੰਦਗੀ ਖਤਰੇ ਵਿੱਚ ਪੈ ਜਾਂਦੀ ਹੈ।
ਬੀ.ਈ.ਈ. ਮਹੇਸ਼ ਸ਼ਰਮਾ ਨੇ ਦੱਸਿਆ ਕਿ ਇਹ ਵਿਸ਼ੇਸ਼ ਮੁਹਿੰਮ 8 ਦਸੰਬਰ ਤੱਕ ਚੱਲਣੀ ਹੈ। ਜਿਸ ਤਹਿਤ ਜਿੱਥੇ ਸਿਹਤ ਕਰਮਚਾਰੀਆਂ ਵੱਲੋਂ ਲੋਕਾਂ ਖਾਸਕਰ ਸਕੂਲੀ ਵਿਦਿਆਰਥੀਆਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਉੱਥੇ ਤੰਬਾਕੂ ਵਿਕਰੇਤਾਵਾਂ ਦੇ ਚਲਾਨ ਕੱਟਣ ਤੋਂ ਇਲਾਵਾ ਉਨ੍ਹਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਦਿਨੇਸ਼ ਸੈਣੀ, ਡਾ: ਪੰਕਜ ਕੁਮਾਰ, ਬੀ.ਐਸ.ਏ. ਬਲਜਿੰਦਰਜੀਤ ਸਿੰਘ, ਚੀਫ਼ ਫਾਰਮੇਸੀ ਅਫ਼ਸਰ ਸੰਦੀਪ ਕੁਮਾਰ, ਅੱਪਰਤੇਜ਼ ਕੌਰ, ਫਾਰਮੇਸੀ ਅਫ਼ਸਰ ਸ਼ੁਭਮ ਸ਼ਰਮਾ ਸਮੇਤ ਸਮੂਹ ਸਿਹਤ ਕਰਮਚਾਰੀ ਹਾਜ਼ਰ ਸਨ।