ਡਿਵਾਈਡਰ ਨਿੱਤ ਦਿਨ ਬਣ ਰਿਹਾ ਹਾਦਸਿਆਂ ਦਾ ਸਬੱਬ
ਅੱਜ ਫੇਰ ਪਲਟਿਆ ਬਜਰੀ ਨਾਲ ਭਰਿਆ ਟਰਾਲਾ, ਡਰਾਈਵਰ ਕਹਿੰਦਾ ਪੰਜ ਲੱਖ ਤੋਂ ਵੱਧਦਾ ਹੋਇਆ ਨੁਕਸਾਨ
ਰੋਹਿਤ ਗੁਪਤਾ
ਗੁਰਦਾਸਪੁਰ 26 ਨਵੰਬਰ 2026- ਫਤਿਹਗੜ ਚੂੜੀਆਂ ਡੇਰਾ ਰੋਡ ਪੈਟਰੋਲ ਪੰਪ ਦੇ ਨਜਦੀਕ ਗਲਤ ਢੰਗ ਨਾਲ ਬਣੇ ਡਵਾਇਡਰ ਕਾਰਨ ਨਿਤ ਦਿਨ ਹਾਦਸੇ ਵਾਪਰ ਰਹੇ ਹਨ ਅਤੇ ਅੱਜ ਤੱੜਕਸਾਰ 3 ਵਜੇ ਦੇ ਕਰੀਬ ਇੱਕਵਾਰ ਫਿਰ ਪਠਾਨਕੋਟ ਤੋਂ ਕਰੈਸ਼ਰ ਨਾਲ ਭਰਿਆ ਵੱਡਾ ਟਰਾਲਾ ਸਿੱਧਾ ਜਾ ਕੇ ਸੜਕ ਵਿਚਕਾਰ ਬਣੇ ਡਵਾਇਡਰ ਨਾਲ ਜਾ ਟਕਰਾਇਆ ਜਿਸ ਨਾਲ ਟਰਾਲਾ ਪਲਟ ਗਿਆ ਜਿਸ ਨਾਲ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਅ ਰਿਹਾ ਪਰ ਟਰਾਲੇ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਸਬੰਧੀ ਟੱਰਕ ਦੇ ਡਰਾਇਵਰ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਤੱੜਕਸਾਰ ਜੱਦ ਪਠਾਨਕੋਟ ਤੋਂ ਫਤਿਹਗੜ ਚੂੜੀਆਂ ਵਾਲੇ ਪਾਸੇ ਜਾ ਰਿਹਾ ਸੀ ਤਾਂ ਅਚਾਨਕ ਟਰਾਲਾ ਡਵਾਇਡਰ ਜਾ ਚੜਿਆ ਜਿਸ ਨਾਲ ਟਰਾਲੇ ਦਾ ਵੱਡਾ ਨੁਕਸਾਨ ਹੋਇਆ ਹੈ। ਉਸਨੇ ਦੱਸਿਆ ਕਿ ਸੜਕ ਤੇ ਹਨੇਰੇ ਵਿੱਚ ਡਿਵਾਈਡਰ ਨਜ਼ਰ ਹੀ ਨਹੀਂ ਆਉਂਦਾ ਕਿਉਂਕਿ ਇਸ ਤੇ ਨਾ ਤਾਂ ਕੋਈ ਰਿਫਲੈਕਟਰ ਲੱਗਾ ਹੈ ਤੇ ਨਾ ਹੀ ਕੋਈ ਰੇਡੀਅਮ ਲਾਈਟ ਜਾਂ ਹੋਰ ਕਿਸੇ ਤਰ੍ਹਾਂ ਦੀ ਇੰਡੀਕੇਸ਼ਨ ਦਿੱਤੀ ਗਈ ਹੈ।
ਡਵਾਇਡਰ ਕਾਰਨ ਵਾਪਰਦੇ ਨਿਤ ਹਾਦਸਿਆ ਤੋਂ ਸੜਕ ਦੇ ਆਲੇ ਦੁਆਲੇ ਰਹਿਣ ਵਾਲੇ ਲੋਕ ਵੀ ਕਾਫੀ ਦੁੱਖੀ ਅਤੇ ਪ੍ਰੇਸ਼ਾਨ ਹਨ ਕਿਉਂਕਿ ਡਵਾਇਡਰ ਕਾਰਨ ਹਰ ਰੋਜ ਹਾਦਸੇ ਹੁੰਦੇ ਹਨ । ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਕੋਈ ਗੱਡੀ ਬੇਕਾਬੂ ਹੋ ਕੇ ਉਹਨਾਂ ਦੇ ਘਰ ਵਿੱਚ ਹੀ ਨਾ ਆ ਚੜੇ ਇਸ ਲਈ ਡਵਾਇਡਰ ਨੂੰ ਹਟਾ ਕੇ ਰੈਫਲੈਕਟਰ ਅਤੇ ਵੱਡੀਆਂ ਲਾਈਟਾਂ ਲਗਾਈਆਂ ਜਾਣ ਤਾਂ ਜੋ ਲੋਕਾਂ ਦੇ ਹੋ ਰਹੇ ਨੁਕਸਾਨ ਨੂੰ ਬਚਾਇਆ ਜਾ ਸਕੇ।