ਛੱਪੜ ਓਵਰਫਲੋ ਹੋਣ ਕਰਨ ਕਈ ਏਕੜ ਫਸਲ ਹੋਈ ਖਰਾਬ
ਪਿੰਡ ਵਾਸੀਆਂ ਨੇ ਪ੍ਰਸ਼ਾਸਨ ਖਿਲਾਫ ਕੱਡੀ ਭੜਾਸ
ਰੋਹਿਤ ਗੁਪਤਾ
ਗੁਰਦਾਸਪੁਰ , 26 ਜਨਵਰੀ 2026 :
ਪਿੰਡ ਬਹਿਰਾਮਪੁਰ ਦੇ ਲੋਕ ਪਿਛਲੇ ਕਈ ਸਾਲਾਂ ਤੋਂ ਛੱਪੜ ਦੇ ਓਵਰਫਲੋ ਹੋਣ ਦੀ ਸਮੱਸਿਆ ਕਾਰਨ ਵੱਡਾ ਨੁਕਸਾਨ ਝੱਲ ਰਹੇ ਹਨ ਜੋ ਓਵਰਫਲੋ ਹੋ ਕੇ ਖੇਤਾਂ ਨੂੰ ਆਪਣੀ ਚਪੇਟ ਵਿੱਚ ਲੈ ਲੈਂਦਾ ਹੈ ਅਤੇ ਕਈ ਏਕੜ ਫਸਲ ਬਰਬਾਦ ਹੋ ਜਾਂਦੀ ਹੈ। ਅੱਗੇ ਕੋਈ ਨਾਲਾ ਨਾ ਬਣਨ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਪਾਉਂਦੀ ਜਦ ਕਿ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨਾਲਾ ਬਣਾਉਣ ਦਾ ਅਸ਼ਵਾਸਨ ਦਿੱਤਾ ਜਾ ਚੁੱਕਿਆ ਹੈ। ਪਿਛਲੇ ਦਿਨੀ ਹੋਈ ਭਾਰੀ ਬਾਰਿਸ਼ ਤੋਂ ਬਾਅਦ ਜਦੋਂ ਛੱਪੜ ਓਵਰਫਲੋ ਹੋ ਗਿਆ ਤੇ ਖੇਤਾਂ ਵਿੱਚ ਖੜੀ ਕਣਕ ਦੀ ਕਈ ਏਕੜ ਫਸਲ ਬਰਬਾਦ ਹੋ ਗਈ ਤਾਂ ਪਿੰਡ ਵਾਸੀਆਂ ਦਾ ਗੁੱਸਾ ਇੱਕ ਵਾਰ ਫਿਰ ਫੁੱਟ ਪਿਆ ਅਤੇ ਉਹਨਾਂ ਵੱਲੋਂ ਇਕੱਠੇ ਹੋ ਕੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਵੀ ਛੱਪੜ ਓਵਰਫਲੋ ਹੁੰਦਾ ਹੈ ਉਹ ਅਧਿਕਾਰੀਆਂ ਅੱਗੇ ਆਪਣੀ ਫਰਿਆਦ ਲੈ ਕੇ ਜਾਂਦੇ ਹਨ ਅਤੇ ਹਰ ਵਾਰ ਆਸ਼ਵਾਸਨ ਮਿਲਦਾ ਹੈ ਕਿ ਜਲਦੀ ਹੀ ਉਹਨਾਂ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ ਪਰ ਉਹਨ੍ਾਂ ਦੇ ਵਾਪਸ ਪਿੰਡ ਪਹੁੰਚਦੇ ਹੀ ਅਧਿਕਾਰੀ ਸਭ ਕੁਝ ਭੁੱਲ ਜਾਂਦੇ ਹਨ । ਛੱਪੜ ਦੇ ਨੇੜੇ ਉਸਾਰੀਆਂ ਹੋ ਚੁੱਕੀਆਂ ਇਸ ਕਰਕੇ ਨਾ ਹੀ ਨਿਕਾਸੀ ਹੋ ਪਾਉਂਦੀ ਹੈ ਤੇ ਨਾ ਹੀ ਨਾਲਾ ਬਣਾਉਣ ਦੀ ਜਗ੍ਹਾ ਬਚੀ ਹੈ । ਪਿੰਡ ਦੀ ਪੰਚਾਇਤ ਨੂੰ ਵੀ ਕਈ ਵਾਰ ਇਸ ਬਾਰੇ ਬੇਨਤੀ ਕੀਤੀ ਜਾ ਚੁੱਕੀ ਹੈ ਅਤੇ ਸਰਪੰਚ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੋ ਪਿੰਡ ਦੀ ਸਮੱਸਿਆ ਤੋਂ ਜਾਣੂ ਕਰਵਾ ਚੁੱਕੇ ਹਨ ਪਰ ਫਿਰ ਵੀ ਹਜੇ ਤੱਕ ਕੋਈ ਹੱਲ ਨਹੀਂ ਕੱਢਿਆ ਗਿਆ ।
ਉੱਥੇ ਹੀ ਪਿੰਡ ਦੇ ਸਰਪੰਚ ਬੱਚਨ ਲਾਲ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਮੱਸਿਆ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀ ਜਾ ਚੁੱਕੀ ਹੈ, ਉਮੀਦ ਹੈ ਕਿ ਜਲਦੀ ਹੀ ਸਮੱਸਿਆ ਹੱਲ ਹੋ ਜਾਵੇਗੀ।