ਛੋਲੇ ਭਠੂਰੇ ਬਣਾਉਣ ਵਾਲੇ ਪ੍ਰਵਾਸੀਆਂ ਦੇ ਰਿਫਾਇਂਡ ਨਾਲ ਭਰੇ ਪੀਪੇ ਚੁੱਕ ਕੇ ਲੈ ਜਾਂਦਾ ਹੈ ਰੋਜ਼ ਕੋਈ ਚੋਰ
ਇੱਕ ਹਫਤੇ ਵਿੱਚ 70 ਹਜਾਰ ਦਾ ਹੋ ਚੁੱਕਿਆ ਹੈ ਨੁਕਸਾਨ, ਦੁਖੀ ਹੋ ਕੇ ਪ੍ਰਵਾਸੀ ਕਹਿੰਦੇ ਜੇ ਕਿਸੇ ਨੂੰ ਇਤਰਾਜ਼ ਹੈ ਤਾਂ ਅਸੀਂ ਗੁਰਦਾਸਪੁਰ ਛੱਡ ਦਿੰਦੇ ਹਾਂ
ਰੋਹਿਤ ਗੁਪਤਾ
ਗੁਰਦਾਸਪੁਰ , 1ਨਵੰਬਰ 2025 :
ਗੁਰਦਾਸਪੁਰ ਦੇ ਮੁਹੱਲਾ ਉਂਕਾਰ ਨਗਰ ਏਜੀਐਮ ਪੈਲਸ ਵਾਲੀ ਗਾਲੀ ਵਿੱਚ ਰਹਿਣ ਵਾਲੇ ਪ੍ਰਵਾਸੀ ਜੋ ਛੋਲੇ ਭਠੂਰੇ ਬਣਾਉਣ ਦਾ ਕੰਮ ਕਰਦੇ ਹਨ , ਰੋਜ਼ ਹੋ ਰਹੀਆਂ ਰਿਫਾਇੰਡ ਪੀਪਿਆ ਦੀਆਂ ਚੋਰੀਆਂ ਤੋਂ ਇੰਨੇ ਦੁਖੀ ਹੋ ਗਏ ਹਨ ਕਿ ਕਹਿ ਰਹੇ ਹਨ ਕਿ ਜੇਕਰ ਕਿਸੇ ਨੂੰ ਉਹਨਾਂ ਦੇ ਗੁਰਦਾਸਪੁਰ ਵਿੱਚ ਰਹਿਣ ਤੇ ਇਤਰਾਜ਼ ਹੈ ਤਾਂ ਉਹਨਾਂ ਨੂੰ ਆ ਕੇ ਦੱਸ ਦੇਵੇ ਉਹ ਆਪ ਹੀ ਇਥੋਂ ਛੱਡ ਕੇ ਚਲੇ ਜਾਣਗੇ । ਦੂਜੇ ਪਾਸੇ ਚੋਰੀ ਦੀਆ ਵਾਰਦਾਤਾਂ ਨੂੰ ਹਫਤਾ ਭਰ ਹੋਣ ਤੋਂ ਬਾਅਦ ਵੀ ਪੁਲਿਸ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀ ਅਤੇ ਨਾ ਹੀ ਉਹਨਾਂ ਦੇ ਘਰ ਵਿੱਚ ਚੱਕਰ ਤੱਕ ਮਾਰਨ ਕੋਈ ਪੁਲਿਸ ਅਧਿਕਾਰੀ ਪਹੁੰਚਿਆ ਹੈ। ਪਿਛਲੇ ਕਾਫੀ ਸਮੇਂ ਤੋਂ ਉਹਨਾਂ ਦੇ ਘਰੋਂ ਰੋਜ਼ਾਨਾ ਰਿਫਾਇਂਡ ਦੇ ਭਰੇ ਹੋਏ ਪੀਪੇ ਚੋਰੀ ਹੋ ਰਹੇ ਹਨ। ਉਹ ਸੈਨੀ ਗੈਸਟ ਹਾਊਸ ਨੇੜੇ ਛੋਲੇ ਭਟੂਰੇ ਦੀ ਰੇਹੜੀ ਲਗਾਉਂਦੇ ਹਨ ਜਿੱਥੇ ਕਾਫੀ ਭੀੜ ਵੀ ਵੇਖਣ ਨੂੰ ਮਿਲਦੀ ਹੈ ਅਤੇ ਏਜੀਐਮ ਪੈਲਸ ਵਾਲੀ ਵਾਲੀ ਗਲੀ ਵਿੱਚ ਕਿਰਾਏ ਤੇ ਰਹਿੰਦੇ ਹਨ। ਪਿਛਲੇ ਸ਼ੁਕਰਵਾਰ ਜਦੋਂ ਸਵੇਰੇ 5 ਵਜੇ ਦੇ ਕਰੀਬ ਉਹ ਕੰਮ ਤੇ ਨਿਕਲੇ ਤਾਂ ਉਹਨਾਂ ਦੇ ਘਰੋਂ ਰਿਫਾਇਂਡ ਦੇ 12 ਪੀਪੇ ਚੋਰੀ ਹੋ ਗਏ। ਇਸ ਤੋਂ ਪਹਿਲਾਂ ਵੀ ਉਹਨਾਂ ਨੂੰ ਸ਼ੱਕ ਪੈਂਦਾ ਸੀ ਕਿ ਪੀਪੇ ਘਟ ਹਨ ਕਿਉਂਕਿ ਉਹ ਇਕੱਠੇ ਹੋਲਸੇਲ ਵਿੱਚ 40 _50 ਪੀਪੇ ਰਿਫਾਈਂਡ ਮੰਗਾ ਲੈਂਦੇ ਸਨ। ਅਗਲੇ ਦਿਨ ਉਹ ਇਹ ਵੇਖਣ ਲਈ ਕਿ ਚੋਰ ਸਵੇਰੇ ਹੀ ਪੈਂਦਾ ਹੋਵੇਗਾ 9 ਵਜੇ ਦੇ ਕਰੀਬ ਕੰਮ ਤੇ ਗਏ ਪਰ ਕੁਝ ਨਹੀਂ ਹੋਇਆ । 9 ਵਜੇ ਜਦੋਂ ਆਪਣੇ ਘਰ ਨੂੰ ਤਾਲਾ ਲਗਾ ਕੇ ਕੰਮ ਤੇ ਨਿਕਲੇ ਤਾਂ ਪਿੱਛੋਂ ਫਿਰ ਚੋਰ ਪੈ ਗਏ । ਡੇਢ ਦੋ ਘੰਟੇ ਬਾਅਦ ਇੱਕ ਆਦਮੀ ਘਰ ਦੀ ਜਾਂਚ ਕਰਨ ਆਇਆ ਤਾਂ ਦੋ ਪੀਪੇ ਫਿਰ ਗਾਇਬ ਸੀ। ਉਹਨਾਂ ਦਾ ਇੱਕ ਮਹਿੰਗਾ ਮੋਬਾਇਲ ਫੋਨ ਅਤੇ ਹੋਰ ਸਮਾਨ ਵੀ ਹੌਲੀ ਹੌਲੀ ਕਰਕੇ ਘਰ ਵਿੱਚੋਂ ਹੀ ਗਾਇਬ ਹੋ ਚੁੱਕਿਆ ਹੈ। ਚੋਰ ਉਹਨ੍ਾਂ ਦੇ ਜਾਣ ਤੋਂ ਬਾਅਦ ਗੇਟ ਟੱਪ ਕੇ ਅੰਦਰ ਆਉਂਦਾ ਹੈ ਅਤੇ ਦਰਵਾਜ਼ੇ ਤੋੜ ਕੇ ਚੋਰੀ ਕਰਕੇ ਨਿਕਲ ਜਾਂਦਾ ਹੈ। ਪਿਛਲੇ ਹਫਤੇ ਵਿੱਚ ਹੀ ਉਹਨਾਂ ਦਾ ਕਰੀਬ 70 ਹਜਾਰ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ।
ਪ੍ਰਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਛੇ ਪਰਿਵਾਰ ਹਨ। ਜੋ ਇੱਕ ਰੇਹੜੀ ਤੋਂ ਪਲਦੇ ਹਨ । ਛੋਲੇ ਭਠੂਰੇ ਦਾ ਸਮਾਨ ਵਧੀਆ ਤੋਂ ਵਧੀਆ ਬਣਾਉਣ ਵਿੱਚ ਉਹ ਕਸਰ ਨਹੀਂ ਛੱਡਦੇ ਅਤੇ ਦਿੱਲੀ ਤੱਕ ਤੋਂ ਮਸਾਲੇ ਮੰਗਵਾਉਂਦੇ ਹਨ। ਲੋਕ ਉਹਨਾਂ ਦੇ ਛੋਲੇ ਭਠੂਰੇ ਪਸੰਦ ਵੀ ਕਰਦੇ ਹਨ ਪਰ ਕੋਈ ਜਿਵੇਂ ਜਾਣ ਬੁਝ ਕੇ ਉਹਨਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਤੇ ਦੂਜੇ ਪਾਸੇ ਪੁਲਿਸ ਵੀ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀ । ਉਹਨਾਂ ਮੰਗ ਕੀਤੀ ਹੈ ਕਿ ਚੋਰ ਨੂੰ ਫੜ ਕੇ ਉਹਨਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਏ।