ਗਿਆਨੀ ਹਰਪ੍ਰੀਤ ਸਿੰਘ ਖਿਲਾਫ ਬਦਲਾ ਲਊ ਭਾਵਨਾ ਤਹਿਤ ਕਾਰਵਾਈ ਕੀਤੀ ਗਈ : SGPC ਮੈਂਬਰ
ਤਖਤਾਂ ਦੀ ਪ੍ਰਭੂਸੱਤਾ, ਸਰਵਉਚਤਾ ਅਤੇ ਸੰਕਲਪ ਖਿਲਾਫ ਜਾਕੇ ਜੱਥੇਦਾਰ ਖਿਲਾਫ ਤਿਆਰ ਕੀਤੀ ਇਕਪਾਸੜ ਪੜਤਾਲੀਆ ਰਿਪੋਰਟ ਨੂੰ ਰੱਦ ਕਰਨ ਦੀ ਸਿੰਘ ਸਾਹਿਬ ਨੂੰ ਪੁਰਜ਼ੋਰ ਅਪੀਲ
ਸੱਤਾ ਕਾਲ ਵੇਲੇ ਆਪਣੇ ਸਿਆਸੀ ਹੰਕਾਰ ਵਿੱਚ ਕੀਤੇ ਫ਼ੈਸਲਿਆਂ ਦੇ ਪਾਪ ਅਤੇ ਗੁਨਾਹਾਂ ਦੀ ਮਿਲੀ ਸਜਾ ਦਾ ਲਿਆ ਗਿਆ ਬਦਲਾ
ਤਖਤਾਂ ਦੇ ਅਧਿਕਾਰ ਖੇਤਰ ਵਿੱਚ ਦਖਲ ਦੇਣ ਦੀ ਰਚੀ ਸਾਜਿਸ਼ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਐਸਜੀਪੀਸੀ ਪ੍ਰਧਾਨ ਤੋਂ ਅਸਤੀਫ਼ੇ ਦੀ ਮੰਗ
ਬਾਬੂਸ਼ਾਹੀ ਬਿਊਰੋ
ਚੰਡੀਗੜ : ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰਾਂ ਜਥੇ: ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ , ਭਾਈ ਮਨਜੀਤ ਸਿੰਘ, ਜਥੇ: ਮਿੱਠੂ ਸਿੰਘ ਕਾਹਨੇਕੇ, ਜਥੇ: ਸਤਵਿੰਦਰ ਸਿੰਘ ਟੌਹੜਾ, ਜਥੇ: ਮਲਕੀਤ ਸਿੰਘ ਚੰਗਾਲ ਵੱਲੋ ਸਾਂਝੇ ਤੌਰ ਜਾਰੀ ਬਿਆਨ ਵਿੱਚ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘੁਬੀਰ ਸਿੰਘ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜਿਸ ਇਕਪਾਸੜ ਪੜਤਾਲੀਆ ਰਿਪੋਰਟ ਦੇ ਆਧਾਰ ਤੇ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਬਦਲਾ ਲਊ ਭਾਵਨਾ ਤਹਿਤ ਕਾਰਵਾਈ ਕੀਤੀ ਗਈ, ਉਸ ਪੜਤਾਲੀਆ ਰਿਪੋਰਟ ਨੂੰ ਰੱਦ ਕੀਤਾ ਜਾਵੇ।
ਇਸ ਦੇ ਨਾਲ ਹੀ ਐਸਜੀਪੀਸੀ ਮੈਬਰਾਂ ਨੇ ਸਮੂਹਿਕ ਮੰਗ ਚੁੱਕਦਿਆਂ ਕਿਹਾ ਕਿ, ਹੁਣ ਪੜਤਾਲੀਆ ਕਮੇਟੀ ਦੀ ਰਿਪੋਰਟ ਅੰਤ੍ਰਿੰਗ ਕਮੇਟੀ ਨੇ ਰੱਖ ਦਿੱਤੀ ਹੈ, ਸੰਗਤ ਦੀ ਭਾਵਨਾ ਮੁਤਾਬਿਕ ਇਸ ਪੜਤਾਲੀਆ ਰਿਪੋਰਟ ਨੂੰ ਵੀ ਪੜਤਾਲ ਕੀਤਾ ਜਾਵੇ, ਕਿ ਕਿਸ ਕਦਰ ਇਕਪਾਸੜ,ਤੱਥਹੀਣ, ਕੋਰੇ ਝੂਠ ਦੇ ਅਧਾਰ ਤੇ ਕਾਰਵਾਈ ਕਰ ਦਿੱਤੀ ਗਈ, ਜਦੋਂ ਕਿ ਇੱਕ ਸ਼੍ਰੋਮਣੀ ਅਕਾਲੀ ਦਲ ਵਰਗੀ ਕੌਮ ਦੀ ਨੁਮਾਇਦਾ ਜਮਾਤ ਚੋ ਦਸ ਸਾਲ ਪਾਬੰਧੀ ਵਾਲੇ ਲੀਡਰ ਨੇ ਇਹ ਰਿਪੋਰਟ ਨੂੰ ਆਪਣੇ ਰਸੂਖ ਨਾਲ ਤਿਆਰ ਕਰਵਾਇਆ, ਜਿਸ ਲਈ ਇਹ ਰਿਪੋਰਟ ਮਹਿਜ ਤੇ ਮਹਿਜ ਕਿੜ ਕੱਢਣ ਲਈ ਤਿਆਰ ਹੋਈ।
ਐਸਜੀਪੀਸੀ ਮੈਬਰਾਂ ਨੇ ਸਮੂਹਿਕ ਰੂਪ ਵਿੱਚ ਕਿਹਾ ਕਿ ਇਸ ਝੂਠੀ ਰਿਪੋਰਟ ਦੇ ਆਧਾਰ ਤੇ ਤਖਤਾਂ ਦੀ ਪ੍ਰਭੂਸੱਤਾ, ਸਰਵਉਚਤਾ ਅਤੇ ਸੰਕਲਪ ਖਿਲਾਫ ਜਾਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅਧਿਕਾਰ ਖੇਤਰ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਗਈ। ਜਿਸ ਨਾਲ ਦੁਨੀਆਂ ਭਰ ਵਿੱਚ ਤਖਤਾਂ ਦੀ ਮਹਾਨਤਾ ਨੂੰ ਠੇਸ ਪਹੁੰਚੀ ਹੈ। ਇਸ ਲਈ ਮੈਬਰਾਂ ਨੇ ਪੁਰਜ਼ੋਰ ਅਪੀਲ ਕੀਤੀ ਕਿ, ਇਸ ਪੜਤਾਲੀਆ ਕਮੇਟੀ ਨੂੰ ਖੁਦ ਬਾ ਖੁਦ ਜਦੋਂ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਜੀ ਹੁਰਾਂ ਰੱਦ ਕਰਦੇ ਹੋਏ, ਕਿਸੇ ਜਾਂਚ ਦੀ ਜਰੂਰਤ ਨਹੀਂ ਸਮਝੀ ਸੀ ਤਾਂ ਇਸ ਦੇ ਬਾਵਜੂਦ ਕਿਸ ਹਿੰਡ ਹੱਠ ਨਾਲ ਇਹ ਪੜਤਾਲੀਆਂ ਕਮੇਟੀ ਕੰਮ ਕਰਦੀ ਰਹੀ। ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਜੀ ਹੁਰਾਂ ਨੂੰ ਆਪਣੇ ਵਲੋ ਦਿੱਤੇ ਆਪਣੇ ਬਿਆਨਾਂ ਤੇ ਪਹਿਰਾ ਦੇਣ ਦਾ ਸਮਾਂ ਆ ਗਿਆ।
ਐਸਜੀਪੀਸੀ ਮੈਬਰਾਂ ਨੇ ਕਿਹਾ ਕਿ ਸੱਤਾ ਕਾਲ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਪੰਥ ਵਿਰੋਧੀ ਗੁਨਾਹ ਕੀਤੇ, ਓਹਨਾ ਨੂੰ ਮੰਨਣ ਉਪਰੰਤ ਮਿਲੀ ਧਾਰਮਿਕ ਸੇਵਾ ਦੇ ਇਵਜ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ, ਜਿਹੜਾ ਕਿ ਪਹਿਲਾਂ ਕੀਤੇ ਗੁਨਾਹਾਂ ਤੋਂ ਕੀਤਾ ਗਿਆ ਇੱਕ ਹੋਰ ਵੱਡਾ ਗੁਨਾਹ ਹੈ।
ਇਸ ਮੌਕੇ ਐਸਜੀਪੀਸੀ ਮੈਬਰਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਅਸਤੀਫ਼ੇ ਦੀ ਮੰਗ ਕਰਿਦਆਂ ਕਿਹਾ ਕਿ, ਧਾਮੀ ਸਾਹਿਬ ਨੇ ਕੌਮ ਅਤੇ ਪੰਥ ਦੀ ਭਾਵਨਾ ਦੇ ਉਲਟ ਉਸ ਧੜੇ ਦੀ ਅਧੀਨਤਾ ਸਵੀਕਾਰ ਕੀਤੀ । ਜਾਰੀ ਬਿਆਨ ਵਿੱਚ ਮੈਂਬਰਾਂ ਨੇ ਕਿਹਾ ਕਿ, ਐਸਜੀਪੀਸੀ ਪ੍ਰਧਾਨ ਦਾ ਇਖਲਾਕੀ ਫਰਜ਼ ਅਤੇ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਅਜਿਹੀਆਂ ਪੰਥ ਵਿਰੋਧੀ ਸਾਜਿਸਾਂ ਰਚੀਆਂ ਜਾ ਰਹੀਆਂ ਹੋਣ ਉਸ ਵਕਤ ਓਹਨਾ ਦਾ ਡਟ ਕੇ ਮੁਕਾਬਲਾ ਕੀਤਾ ਜਾਵੇ, ਪਰ ਧਾਮੀ ਸਾਹਿਬ ਨੇ ਇਹਨਾ ਸਾਜਿਸਾਂ ਨੂੰ ਪੂਰਾ ਹੋਣ ਵਿੱਚ ਅਹਿਮ ਭੂਮਿਕਾ ਨਿਭਾਈ।
ਜਾਰੀ ਬਿਆਨ ਵਿੱਚ ਐਸਜੀਪੀਸੀ ਮੈਬਰਾਂ ਨੇ ਪੂਰਨ ਆਸ ਪ੍ਰਗਟ ਕੀਤੀ ਕਿ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਪੰਥ ਨੂੰ ਰਾਹ ਦੁਸੇਰਾ ਦਿਖਾਉਂਦੇ ਹੋਏ, ਇਸ ਇਕਪਾਸੜ ਰਿਪੋਰਟ ਨੂੰ ਰੱਦ ਕਰਦੇ ਹੋਏ, ਗਿਆਨੀ ਹਰਪ੍ਰੀਤ ਸਿੰਘ ਜੀ ਦੀਆਂ ਸੇਵਾਵਾਂ ਮੁੜ ਬਹਾਲ ਕਰਨ ਲਈ ਉਚਿਤ ਕਦਮ ਉਠਾਉਣਗੇ ਅਤੇ ਝੂਠੀ ਪੜਤਾਲੀਆ ਰਿਪੋਰਟ ਦੀ ਵੀ ਜਾਂਚ ਕਰਨਗੇ ਤਾਂ ਜੋ ਖਾਲਸਾ ਪੰਥ ਖਿਲਾਫ ਰਚੀ ਗਈ ਸਾਜਿਸ਼ ਨੂੰ ਸੰਗਤ ਸਾਹਮਣੇ ਨੰਗਾ ਕੀਤਾ ਜਾ ਸਕੇ।