ਖੁੱਲ੍ਹੇ ਵਿੱਚ ਸੁੱਟਿਆ ਬਾਇਓਮੈਡੀਕਲ ਕਚਰਾ ਬਣਿਆ ਜਾਨਲੇਵਾ ਖ਼ਤਰਾ
ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਸਿਵਲ ਸਰਜਨ ਨੂੰ ਭੇਜੀ ਸ਼ਿਕਾਇਤ
ਸੁਖਮਿੰਦਰ ਭੰਗੂ
ਲੁਧਿਆਣਾ, 31 ਮਈ 2026
ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਵਿੱਚ ਬਾਇਓਮੈਡੀਕਲ ਕਚਰੇ ਦੀ ਖੁੱਲ੍ਹੇਆਮ ਸੁੱਟਮਾਰ ਨੇ ਸ਼ਹਿਰ ਦੀ ਸਫ਼ਾਈ ਅਤੇ ਜਨਤਕ ਸਿਹਤ ਪ੍ਰਬੰਧਾਂ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਿਵਲ ਸਰਜਨ ਲੁਧਿਆਣਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਇੰਜੀਨੀਅਰ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਸ਼ਿਕਾਇਤ ਅਨੁਸਾਰ ਐਤਵਾਰ ਸਵੇਰੇ ਲਗਭਗ 10:30 ਵਜੇ ਅਰਵਿੰਦ ਸ਼ਰਮਾ ਜਦੋਂ ਲਾਇਲਪੁਰ ਸਵੀਟਸ ਤੋਂ ਪੁਰਾਣੇ ਚੌਂਕ ਵੱਲ ਜਾ ਰਹੇ ਸਨ ਤਾਂ ਮਿੰਟ ਗੁਮਰੀ ਚੌਂਕ ਨੇੜੇ ਮਹਾਰਾਸ਼ਟਰਾ ਬੈਂਕ ਦੇ ਕੋਲ, ਬਿੰਦਰਾ ਮੋਟਰਜ਼ ਦੇ ਸਾਹਮਣੇ ਇੱਕ ਖੰਭੇ ਦੇ ਨੇੜੇ ਵੱਡੀ ਮਾਤਰਾ ਵਿੱਚ ਬਾਇਓਮੈਡੀਕਲ ਕਚਰਾ ਖੁੱਲ੍ਹੇ ਵਿੱਚ ਪਿਆ ਦੇਖਿਆ। ਇਸ ਕਚਰੇ ਵਿੱਚ ਵਰਤੀਆਂ ਹੋਈਆਂ ਸਿਰਿੰਜਾਂ, ਇੰਜੈਕਸ਼ਨ ਦੀਆਂ ਸੂਈਆਂ, ਦਵਾਈਆਂ ਦੀਆਂ ਸ਼ੀਸ਼ੀਆਂ, ਖੂਨ ਨਾਲ ਲਿਬੜੇ ਦਸਤਾਨੇ ਅਤੇ ਹੋਰ ਸੰਕਰਮਿਤ ਮੈਡੀਕਲ ਸਮੱਗਰੀ ਸ਼ਾਮਲ ਸੀ।
ਅਰਵਿੰਦ ਸ਼ਰਮਾ ਨੇ ਕਿਹਾ ਕਿ ਇਸ ਤਰ੍ਹਾਂ ਦਾ ਖਤਰਨਾਕ ਕਚਰਾ ਖੁੱਲ੍ਹੇ ਵਿੱਚ ਸੁੱਟਣਾ ਨਾ ਸਿਰਫ਼ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਨਿਯਮਾਂ ਦੀ ਉਲੰਘਣਾ ਹੈ, ਸਗੋਂ ਇਹ ਆਮ ਲੋਕਾਂ, ਸਫ਼ਾਈ ਕਰਮਚਾਰੀਆਂ ਅਤੇ ਖ਼ਾਸ ਕਰਕੇ ਬੱਚਿਆਂ ਦੀ ਸਿਹਤ ਲਈ ਵੱਡਾ ਖ਼ਤਰਾ ਵੀ ਹੈ। ਅਜਿਹੇ ਕਚਰੇ ਦੇ ਸੰਪਰਕ ਵਿੱਚ ਆਉਣ ਨਾਲ ਕਈ ਸੰਕਰਾਮਕ ਬਿਮਾਰੀਆਂ ਫੈਲਣ ਦਾ ਖਤਰਾ ਬਣ ਸਕਦਾ ਹੈ।
ਉਨ੍ਹਾਂ ਨੇ ਮੌਕੇ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਇਕੱਠੀਆਂ ਕਰਕੇ ਸੰਬੰਧਿਤ ਵਿਭਾਗਾਂ ਨੂੰ ਭੇਜੀਆਂ ਹਨ ਅਤੇ ਮੰਗ ਕੀਤੀ ਹੈ ਕਿ ਕਚਰੇ ਨੂੰ ਤੁਰੰਤ ਸੁਰੱਖਿਅਤ ਢੰਗ ਨਾਲ ਹਟਾਇਆ ਜਾਵੇ, ਇਸ ਦੀ ਜਾਂਚ ਕੀਤੀ ਜਾਵੇ ਕਿ ਇਹ ਕਚਰਾ ਕਿਸ ਹਸਪਤਾਲ, ਕਲੀਨਿਕ ਜਾਂ ਸਿਹਤ ਸੰਸਥਾ ਵੱਲੋਂ ਸੁੱਟਿਆ ਗਿਆ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਬਾਇਓਮੈਡੀਕਲ ਕਚਰੇ ਦੀ ਗਲਤ ਨਿਕਾਸੀ ਹੈਪੇਟਾਈਟਿਸ-ਬੀ, ਹੈਪੇਟਾਈਟਿਸ-ਸੀ, ਐਚਆਈਵੀ ਅਤੇ ਹੋਰ ਕਈ ਸੰਕਰਾਮਕ ਬਿਮਾਰੀਆਂ ਦੇ ਫੈਲਾਅ ਦਾ ਕਾਰਨ ਬਣ ਸਕਦੀ ਹੈ। ਇਸ ਲਈ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ।ਅਰਵਿੰਦ ਸ਼ਰਮਾ, ਸਮਾਜ ਸੇਵੀ ਨੇ ਕਿਹਾ ਕਿ ਜੇਕਰ ਅੱਜ ਇਸ ਖਤਰਨਾਕ ਕਚਰੇ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਕੱਲ੍ਹ ਇਹ ਕਿਸੇ ਵੱਡੇ ਸਿਹਤ ਸੰਕਟ ਦਾ ਕਾਰਨ ਬਣ ਸਕਦਾ ਹੈ।
ਇਸ ਘਟਨਾ ਨੇ ਇੱਕ ਵਾਰ ਫਿਰ ਸ਼ਹਿਰ ਵਿੱਚ ਬਾਇਓਮੈਡੀਕਲ ਕਚਰੇ ਦੇ ਨਿਪਟਾਰੇ ਦੀ ਪ੍ਰਣਾਲੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸ਼ਹਿਰ ਵਾਸੀਆਂ ਨੇ ਵੀ ਮੰਗ ਕੀਤੀ ਹੈ ਕਿ ਸਿਹਤ ਵਿਭਾਗ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਜ਼ਿੰਮੇਵਾਰ ਲੋਕਾਂ ਨੂੰ ਬੇਨਕਾਬ ਕਰਨ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਲਾਪਰਵਾਹੀਆਂ ਨੂੰ ਰੋਕਿਆ ਜਾ ਸਕੇ। ਜਦੋਂ ਇਸ ਬਾਰੇ ਸਿਵਿਲ ਸਰਜਨ ਲੁਧਿਆਣਾ ਰਮਨਦੀਪ ਕੌਰ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਵ੍ਹਟਸਐਪ ਤੇ ਇਹ ਪੁੱਛਿਆ ਕਿ ਨੇੜੇ ਕਿਹੜੇ ਹੌਸਪੀਟਲ ਹਨ ?
- Download Babushahi App
-
-