ਕੇਂਦਰੀ ਜੇਲ੍ਹ ਅਤੇ ਜਨਾਨਾ ਜੇਲ੍ਹ ਬਠਿੰਡਾ ਵਿਖੇ ਕੌਮਾਂਤਰੀ ਯੋਗ ਦਿਵਸ ਸਬੰਧੀ ਸਮਾਗਮ ਕਰਵਾਏ
ਅਸ਼ੋਕ ਵਰਮਾ
ਬਠਿੰਡਾ, 21 ਜੂਨ 2026 : ਮਾਣਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੇ ਨਿਰਦੇਸ਼ਾਂ ਅਤੇ ਸ੍ਰੀ ਕਰੁਨੇਸ਼ ਕੁਮਾਰ, ਮਾਣਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਦੀ ਰਹਿਨੁਮਾਈ ਅਤੇ ਸ਼੍ਰੀ ਜਤਿੰਦਰਪਾਲ ਸਿੰਘ, ਮਾਣਯੋਗ ਅਡੀਸ਼ਨਲ ਜਿਲ੍ਹਾ ਅਤੇ ਸੈਸ਼ਨਜ਼ ਜੱਜ, ਬਠਿੰਡਾ ਅਤੇ ਮਿਸ. ਬਲਿੰਜਰ ਕੌਰ ਮਾਨ, ਮਾਣਯੋਗ ਸਿਵਲ ਜੱਜ (ਸੀਨੀਅਰ ਡਵੀਜ਼ਨ)/ਸੀ.ਜੇ.ਐਮ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਅਤੇ ਸ਼੍ਰੀ ਇੰਦੀਰਜੀਤ ਸਿੰਘ, ਮਾਣਯੋਗ ਅਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜਨ), ਬਠਿੰਡਾ ਦੇ ਯਤਨਾ ਸਦਕਾ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਸ਼ੁਭ ਮੌਕੇ ‘ਤੇ ਜ਼ਿਲ੍ਹਾ ਅਦਾਲਤ ਕੰਪਲੈਕਸ, ਬਠਿੰਡਾ, ਸਬ-ਡਵੀਜ਼ਨ ਤਲਵੰਡੀ ਸਾਬੋ ਅਤੇ ਫੂਲ ਵਿਖੇ ਇੱਕ ਵਿਸ਼ੇਸ਼ ਯੋਗਾ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਇਸ ਸਮਾਰੋਹ ਵਿੱਚ ਜਿਲ੍ਹਾ ਅਦਾਲਤੀ ਕੰਪਲੈਕਸ, ਬਠਿੰਡਾ ਵਿਖੇ ਸ਼੍ਰੀ ਇੰਦੀਰਜੀਤ ਸਿੰਘ, ਮਾਣਯੋਗ, ਅਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜਨ), ਬਠਿੰਡਾ, ਸਬ ਡਬੀਜਨ ਫੂਲ ਵਿਖੇ ਮਿਸ. ਅੰਜਲੀ ਕੌਰ, ਮਾਣਯੋਗ ਸਿਵਲ ਜੱਜ (ਜੂਨੀਅਰ ਡਵੀਜ਼ਨ), ਫੂਲ, ਸਬ-ਡਵੀਜ਼ਨ ਤਲਵੰਡੀ ਸਾਬੋ ਵਿਖੇ ਮਿਸ. ਰਮਨਦੀਪ ਕੌਰ, ਮਾਣਯੋਗ ਸਿਵਲ ਜੱਜ (ਜੂਨੀਅਰ ਡਵੀਜ਼ਨ), ਤਲਵੰਡੀ ਸਾਬੋ ਤੋਂ ਇਲਾਵਾ ਅਦਾਲਤੀ ਅਧਿਕਾਰੀ, ਕਰਮਚਾਰੀ, ਵਕੀਲ ਸਾਹਿਬਾਨ, ਪੀ.ਐਲ.ਵੀਜ਼ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਸਮਾਗਮ ਦਾ ਮਾਹੌਲ ਉਤਸ਼ਾਹਪੂਰਣ ਅਤੇ ਆਤਮਿਕ ਸ਼ਾਂਤੀ ਨਾਲ ਭਰਪੂਰ ਰਿਹਾ।
ਯੋਗਾ ਟ੍ਰੇਨਰ ਮਿਸ. ਪਰਮਜੀਤ ਕੌਰ ਅਤੇ ਮਿਸ. ਸੁਮਨ ਪ੍ਰਾਸ਼ਰ ਵੱਲੋਂ ਵੱਖ-ਵੱਖ ਆਸਨ, ਪ੍ਰਾਣਾਯਾਮ ਅਤੇ ਧਿਆਨ ਦੀਆਂ ਤਕਨੀਕਾਂ ਦਾ ਵਿਸਤ੍ਰਿਤ ਪ੍ਰਦਰਸ਼ਨ ਕਰਵਾਇਆ ਗਿਆ, ਜਿਨ੍ਹਾਂ ਨੂੰ ਸਾਰੇ ਭਾਗੀਦਾਰਾਂ ਨੇ ਰੁਚੀ ਅਤੇ ਨਿਯਮਿਤਤਾ ਨਾਲ ਅਭਿਆਸ ਕੀਤਾ। ਇਸ ਮੌਕੇ ‘ਤੇ ਯੋਗਾ ਦੀ ਮਹੱਤਤਾ ਉਤੇ ਰੋਸ਼ਨੀ ਪਾਉਂਦੇ ਹੋਏ ਦੱਸਿਆ ਗਿਆ ਕਿ ਯੋਗਾ ਇੱਕ ਪ੍ਰਾਚੀਨ ਭਾਰਤੀ ਵਿਗਿਆਨ ਹੈ ਜੋ ਸਿਰਫ਼ ਸਰੀਰਕ ਤੰਦਰੁਸਤੀ ਤੱਕ ਸੀਮਿਤ ਨਹੀਂ, ਸਗੋਂ ਮਾਨਸਿਕ, ਭਾਵਨਾਤਮਕ ਅਤੇ ਆਤਮਿਕ ਸੰਤੁਲਨ ਦਾ ਵੀ ਸਰੋਤ ਹੈ। ਨਿਯਮਿਤ ਯੋਗ ਅਭਿਆਸ ਨਾਲ ਸਰੀਰ ਲਚਕੀਲਾ ਅਤੇ ਤੰਦਰੁਸਤ ਰਹਿੰਦਾ ਹੈ, ਰੋਗ-ਰੋਕੂ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਅਤੇ ਤਣਾਅ, ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈ।ਇਸ ਤੋਂ ਇਲਾਵਾ, ਯੋਗਾ ਮਨ ਨੂੰ ਸ਼ਾਂਤ ਕਰਕੇ ਧਿਆਨ ਕੇਂਦ੍ਰਿਤ ਕਰਨ ਦੀ ਸਮਰੱਥਾ ਨੂੰ ਵਧਾਉਂਦਾ ਹੈ, ਜਿਸ ਨਾਲ ਕੰਮਕਾਜ ਦੀ ਉਤਪਾਦਕਤਾ ਅਤੇ ਫੈਸਲਾ ਲੈਣ ਦੀ ਯੋਗਤਾ ਵਿੱਚ ਸੁਧਾਰ ਹੁੰਦਾ ਹੈ। ਖਾਸ ਤੌਰ ‘ਤੇ ਅਦਾਲਤੀ ਕੰਮਕਾਜ ਨਾਲ ਜੁੜੇ ਤਣਾਅਪੂਰਨ ਮਾਹੌਲ ਵਿੱਚ ਯੋਗਾ ਇੱਕ ਪ੍ਰਭਾਵਸ਼ਾਲੀ ਮਾਧਿਅਮ ਵਜੋਂ ਉਭਰ ਕੇ ਸਾਹਮਣੇ ਆਇਆ ਹੈ।
ਸਮਾਰੋਹ ਦੌਰਾਨ ਇਹ ਵੀ ਅਪੀਲ ਕੀਤੀ ਗਈ ਕਿ ਹਰ ਵਿਅਕਤੀ ਨੂੰ ਯੋਗਾ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਾਉਣਾ ਚਾਹੀਦਾ ਹੈ ਤਾਂ ਜੋ ਇੱਕ ਤੰਦਰੁਸਤ, ਸੰਤੁਲਿਤ ਅਤੇ ਤਣਾਅ-ਮੁਕਤ ਸਮਾਜ ਦੀ ਸਥਾਪਨਾ ਹੋ ਸਕੇ। ਯੋਗਾ ਸਿਰਫ਼ ਇੱਕ ਅਭਿਆਸ ਨਹੀਂ, ਸਗੋਂ ਇੱਕ ਸੰਪੂਰਨ ਜੀਵਨ ਸ਼ੈਲੀ ਹੈ ਜੋ ਮਨੁੱਖੀ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਂਦੀ ਹੈ।
ਉਕਤ ਤੋਂ ਇਲਾਵਾ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵੱਲੋਂ ਲੀਗਲ ਏਡ ਡਿਫੈਂਸ ਕੌਂਸਲ ਦੇ ਵਕੀਲ ਸਾਹਿਬਾਨਾਂ ਦੇ ਸਹਿਯੋਗ ਨਾਲ ਕੇਂਦਰੀ ਜੇਲ੍ਹ ਬਠਿੰਡਾ ਅਤੇ ਜਨਾਨਾ ਜੇਲ੍ਹ ਬਠਿੰਡਾ ਵਿਖੇ ਵੀ ਯੋਗ ਸਮਾਰੋਹ ਦਾ ਆਯੋਜਨ ਕੀਤਾ ਗਿਆ ਅਤੇ ਉਥੋਂ ਦੇ ਜੇਲ੍ਹ ਮੁਲਾਜਮਾ, ਕੈਦੀਆਂ ਅਤੇ ਹਵਾਲਾਤੀਆਂ ਨੂੰ ਵੀ ਯੋਗ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਰੋਜਨਾ ਯੋਗ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ।
- Download Babushahi App
-
-