ਕੁਦਰਤ ਦਾ ਕਹਿਰ: ਰੋਟੀ ਰੋਜ਼ੀ ਦੀ ਖਾਤਰ ਜਰਮਨ ਵਿਚ ਰਹਿ ਰਹੇ ਪਤੀ-ਪਤਨੀ ਦੀ ਮੌਤ, 14 ਸਾਲ ਦਾ ਬੇਟਾ ਹੋਇਆ ਲਾਵਾਰਸ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ, 19 ਜਨਵਰੀ 2025 - ਪੰਜਾਬ ਦੇ ਨੌਜਵਾਨ ਆਪਣੇ ਚੰਗੇ ਭਵਿਖ ਦੀ ਆਸ ਲਗਾ ਕੇ ਰੋਟੀ ਰੋਜ਼ੀ ਦੀ ਖਾਤਰ ਵਿਦੇਸ਼ਾਂ ਵਿਚ ਵੱਸਣ ਦੇ ਸੁਪਨੇ ਵੇਖਦੇ ਹਨ ਪਰ ਜਦੋਂ ਕੁਦਰਤ ਕਰੋਪ ਹੋ ਜਾਵੇ ਤਾਂ ਕਹਿਰ ਵਾਪਰ ਜਾਂਦਾ ਹੈ।ਇਥੋਂ ਨਜਦੀਕੀ ਪਿੰਡ ਮੁਛੱਲ ਦੇ ਵਾਸੀ ਕਸ਼ਮੀਰ ਸਿੰਘ ਨੇ ਬੜੇ ਦੁਖੀ ਮਨ ਨਾਲ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੇ ਦੋਵੇਂ ਲੜਕੇ ਜਰਮਨ ਵਿਚ ਰਹਿ ਰਹੇ ਹਨ ਵੱਡਾ ਲੜਕਾ ਸੁਖਰਾਜ ਸਿੰਘ ਪਹਿਲਾਂ ਗਿਆ ਹੋਇਆ ਸੀ ਅਤੇ ਛੋਟਾ ਲੜਕਾ ਗੁਰਪ੍ਰੀਤ ਸਿੰਘ ਉਮਰ 37 ਸਾਲ ਦੇ ਲਗਭਗ 16 ਸਾਲ ਪਹਿਲਾਂ ਪੁਰਤਗਾਲ ਦੇ ਰਸਤੇ ਜਾ ਕੇ ਜਰਮਨ ਵਿਚ ਰਹਿ ਰਿਹਾ ਸੀ 7 ਸਾਲ ਪਹਿਲਾਂ ਆਪਣੀ ਪਤਨੀ ਰਾਜਬੀਰ ਕੌਰ ਅਤੇ ਲੜਕੇ ਮਨਰੂਪ ਸਿੰਘ ਨੂੰ ਵੀ ਨਾਲ ਲੈ ਗਿਆ ਸੀ।
ਕੁਦਰਤ ਨੂੰ ਕੁਝ ਹੋਰ ਮਨਜੂਰ ਸੀ ਪਿਛਲੇ ਸਾਲ 28 ਮਈ 2024 ਵਿਚ ਕੈਂਸਰ ਦੀ ਭਿਆਨਕ ਬਿਮਾਰੀ ਦੀ ਲਪੇਟ ਵਿਚ ਆਉਣ ਕਾਰਣ ਗੁਰਪ੍ਰੀਤ ਸਿੰਘ ਦੀ ਜਰਮਨ ਵਿਚ ਮੌਤ ਹੋ ਗਈ ਸੀ।ਅਤੇ 3 ਜਨਵਰੀ 2025 ਨੂੰ ਹਾਰਟ ਅਟੈਕ ਆਉਣ ਕਾਰਣ ਰਾਜਬੀਰ ਕੌਰ ਦੀ ਵੀ ਮੌਤ ਹੋ ਗਈ ਹੈ।ਉਹਨਾਂ ਦਾ ਲੜਕਾ ਉਮਰ 14 ਸਾਲ ਦੇ ਲਗਭਗ ਜਰਮਨ ਵਿਚ ਲਾਵਾਰਸ ਬਣ ਕੇ ਰਹਿ ਗਿਆ ਹੈ।
ਰਾਜਬੀਰ ਕੌਰ ਦੀ ਲਾਸ਼ ਨੂੰ ਉਹਨਾਂ ਦੇ ਪਿੰਡ ਮੁਛੱਲ ਵਿਚ ਅੰਤਮ ਸੰਸਕਾਰ ਕਰਨ ਲਈ ਲਿਆਂਦਾ ਜਾ ਰਿਹਾ ਹੈ।ਇਸ ਉਪਰ ਵੀ 16 ਲੱਖ ਰੁਪੈ ਖਰਚ ਆਉਣ ਦਾ ਅਨੁਮਾਨ ਦੱਸਿਆ ਜਾ ਰਿਹਾ ਹੈ।ਜੇਕਰ ਜਰਮਨ ਵਿਚ ਸੰਸਕਾਰ ਕਰਨ ਲਈ ਸਾਰਾ ਪ੍ਰਵਾਰ ਜਾਂਦਾ ਹੈ ਤਾਂ ਇਸ ਉਪਰ ਬਹੁਤ ਖਰਚਾ ਆਵੇਗਾ ਇਸ ਕਾਰਣ ਜਰਮਨ ਵਿਚ ਰਹਿ ਰਹੇ ਕਸ਼ਮੀਰ ਸਿੰਘ ਦੇ ਵੱਡੇ ਲੜਕੇ ਸੁਖਰਾਜ ਸਿੰਘ ਵੱਲੋਂ ਲਾਸ਼ ਨੂੰ ਪਿੰਡ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।ਪਿਛੇ ਪ੍ਰਵਾਰ ਉਪਰ ਦੁਖਾਂ ਦਾ ਪਹਾੜ ਟੁਟ ਗਿਆ ਹੈ।