ਕਿਸਾਨ ਜਥੇਬੰਦੀਆਂ ਦੇ 4 ਜੁਲਾਈ ਨੂੰ ਚੰਡੀਗੜ੍ਹ ਧਰਨੇ ਲਈ ਕਿਸਾਨ ਔਰਤਾਂ ਵੱਲੋਂ ਲਾਮਬੰਦੀ ਤੇਜ
ਅਸ਼ੋਕ ਵਰਮਾ
ਭੁੱਚੋ ਮੰਡੀ, 20 ਜੂਨ 2026 : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਬਠਿੰਡਾ ਦੀ ਔਰਤਾਂ ਦੀ ਵਧਵੀਂ ਮੀਟਿੰਗ ਔਰਤ ਵਿੰਗ ਦੀ ਜਿਲਾ ਪ੍ਰਧਾਨ ਹਰਿੰਦਰ ਕੌਰ ਬਿੰਦੂ ਦੀ ਅਗਵਾਈ ਹੇਠ ਭੁੱਚੋ ਖੁਰਦ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ ਅਤੇ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਅਮਰੀਕਾ ਵੱਲੋਂ ਦੇਸ਼ 'ਤੇ ਥੋਪੇ ਜਾ ਰਹੇ ਮੁਕਤ ਵਪਾਰ ਸਮਝੌਤੇ ਖਿਲਾਫ, ਇਰਾਨ 'ਤੇ ਅਮਰੀਕੀ ਸਾਮਰਾਜੀ ਹਮਲੇ ਖਿਲਾਫ ਅਤੇ ਇਸ ਹਮਲੇ ਕਾਰਨ ਲੋਕਾਂ 'ਤੇ ਮਹਿੰਗਾਈ ਦੇ ਰੂਪ ਚ ਪੈ ਰਹੇ ਵੱਡੇ ਭਾਰ ਖਿਲਾਫ ਦੋ ਕਿਸਾਨ ਜਥੇਬੰਦੀਆਂ ਵੱਲੋਂ 4 ਜੁਲਾਈ ਨੂੰ ਚੰਡੀਗੜ੍ਹ ਵਿੱਚ ਦੋ ਕਿਸਾਨ ਜਥੇਬੰਦੀਆਂ ਵੱਲੋਂ ਵਿਸ਼ਾਲ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ।
ਅੱਜ ਮੀਟਿੰਗ ਵਿੱਚ ਵਿਚਾਰ ਚਰਚਾ ਕਰਕੇ ਫੈਸਲਾ ਕੀਤਾ ਗਿਆ ਕਿ ਜਿਲੇ ਦੇ ਪਿੰਡਾਂ ਵਿੱਚ ਔਰਤਾਂ ਸਮੇਤ ਸਮੂਹ ਕਿਰਤੀ ਲੋਕਾਂ ਤੱਕ ਸਰਕਾਰਾਂ ਵੱਲੋਂ ਲੋਕਾਂ ਤੇ ਕੀਤੇ ਜਾ ਰਹੇ ਇਹਨਾਂ ਹਮਲਿਆਂ ਪ੍ਰਤੀ ਜਾਗਰੂਕ ਕਰਕੇ 4 ਜੁਲਾਈ ਨੂੰ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਪਹੁੰਚਣ ਲਈ ਘਰ ਘਰ ਤੱਕ ਪਹੁੰਚ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ( ਏਕਤਾ ਉਗਰਾਹਾਂ) ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ ਧਨੇਰ) ਵੱਲੋਂ 4 ਜੁਲਾਈ ਨੂੰ ਚੰਡੀਗੜ੍ਹ 34 ਸੈਕਟਰ ਵਿਖੇ ਕੇਂਦਰ ਦੀ ਮੋਦੀ ਹਕੂਮਤ ਤੇ ਪੰਜਾਬ ਦੀ ਭਗਵੰਤ ਮਾਨ ਹਕੂਮਤ ਖਿਲਾਫ ਰੋਸ ਧਰਨਾ ਅਤੇ ਮੁਜਾਹਰਾ ਕਰਕੇ ਮੰਗ ਕੀਤੀ ਜਾਵੇਗੀ ਕਿ ਮੁਲਕ ਅੰਦਰ ਖਾਦਾਂ ,ਜਰੂਰੀ ਵਸਤਾਂ ,ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਅਥਾਹ ਵਾਧਾ ਕਰਕੇ ਲੋਕਾਂ 'ਤੇ ਮਹਿੰਗਾਈ ਦਾ ਭਾਰੀ ਬੋਝ ਘਟਾਉਣ ਲਈ ਇਹਨਾਂ ਵਸਤਾਂ ਦੇ ਰੇਟ ਘਟਾਏ ਜਾਣ।
ਆਗੂਆਂ ਨੇ ਕਿਹਾ ਕਿ ਖਾਦਾਂ ਦੇ ਮਾਮਲੇ ਚ ਵਿਦੇਸ਼ੀ ਮੁਲਕਾਂ 'ਤੇ ਬਣੀ ਹੋਈ ਨਿਰਭਰਤਾ ਕਾਰਨ ਖਾਦਾਂ ਦੀ ਭਾਰੀ ਤੋਟ ਪੈਦਾ ਹੋ ਰਹੀ ਹੈ। ਜਿਸ ਕਾਰਨ ਫਸਲਾਂ ਦੇ ਉਤਪਾਦਨ 'ਤੇ ਅਸਰ ਪੈਣ ਦਾ ਖਤਰਾ ਮੰਡਰਾ ਰਿਹਾ ਹੈ ਇਹਨਾਂ ਖਾਦਾਂ ਨੂੰ ਵੇਚਣ ਲਈ ਇਹਨਾਂ ਤੇ ਮੜੀਆਂ ਜਾ ਰਹੀਆਂ ਸ਼ਰਤਾਂ ਰੱਦ ਕਰਕੇ, ਰੇਟਾਂ ਵਿੱਚ ਕੀਤਾ ਵਾਧਾ ਵਾਪਸ ਲੈ ਕੇ ਸਾਰੇ ਕਿਸਾਨਾਂ ਨੂੰ ਲੋੜ ਅਨੁਸਾਰ ਖਾਦਾਂ ਦਿੱਤੀਆਂ ਜਾਣ।ਉਹਨਾਂ ਕਿਹਾ ਕਿ ਅਮਰੀਕਾ ਇਰਾਨ ਜੰਗ ਦੀ ਆੜ ਵਿੱਚ ਲੋਕਾਂ ਤੇ ਬੋਝ ਪਾਉਣਾ ਬੰਦ ਕੀਤਾ ਜਾਵੇ ਤੇ ਇਹ ਬੋਝ ਵੱਡੇ ਕਾਰਪਰੇਟ ਘਰਾਣਿਆ ਦੇਸੀ ਵਿਦੇਸ਼ੀ ਕੰਪਨੀਆਂ ਤੇ ਵੱਡੇ ਟੈਕਸ ਲਾ ਕੇ ਖਜ਼ਾਨਾ ਭਰਿਆ ਜਾਵੇ ਤੇ ਉਹ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਖੋਲਿਆ ਜਾਵੇ। ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਵਾਰਤਾ ਰੱਦ ਕੀਤੀ ਜਾਵੇ। ਇਸ ਸਮਝੌਤੇ ਤਹਿਤ ਅਮਰੀਕੀ ਸਾਮਰਾਜੀਆਂ ਨੂੰ ਦਿੱਤੀਆਂ ਗਈਆਂ ਯਕੀਨ ਦਹਾਨੀਆਂ ਰੱਦ ਕੀਤੀਆਂ ਜਾਣ।
ਉਨ੍ਹਾਂ ਸਾਡੇ ਦੇਸ਼ ਦੇ ਹਾਕਮਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਭਾਰਤ ਸਰਕਾਰ ਅਮਰੀਕਾ ਦੇ ਇਰਾਨ ਦੇ ਹਮਲੇ ਖਿਲਾਫ਼ ਆਵਾਜ਼ ਉਠਾਵੇ। ਅਮਰੀਕੀ ਸਾਮਰਾਜੀਆਂ ਦੀ ਸੇਵਾਦਾਰੀ ਬੰਦ ਕਰਕੇ ਗੁਆਂਢੀ ਮੁਲਕਾਂ ਨਾਲ ਦੇਸ਼ ਦੀਆਂ ਲੋੜਾਂ ਅਨੁਸਾਰ ਮਿੱਤਰਤਾ ਪੂਰਨ ਸੰਬੰਧ ਕਾਇਮ ਕਰੇ। ਇਸੇ ਤਰਾਂ ਉਹਨਾਂ ਕਿਹਾ ਕਿ ਬੈਂਕਾਂ ਵਿੱਚ ਨਗਦੀ ਲੈਣ ਲਈ ਹੁੰਦੀਂ ਖਜਲ ਖੁਆਰੀ ਬੰਦ ਕੀਤੀ ਜਾਵੇ ਪਿਛਲੇ ਸਮੇਂ ਦੇ ਵਿੱਚ ਮਹਿੰਗਾਈ ਵਧਣ ਕਾਰਨ ਪੰਜਾਬ ਸਰਕਾਰ ਵੱਲੋਂ ਜੋ ਕੋਆਪਰੇਟਿਵ ਅਦਾਰਿਆਂ ਚ ਹੱਦ ਕਰਜੇ ਵਧਾਉਣ ਦਾ ਫੈਸਲਾ ਕੀਤਾ ਸੀ ਪੰਜਾਬ ਸਰਕਾਰ ਵੱਲੋਂ ਵਾਪਸ ਲਿਆ ਗਿਆ ਹੈ, ਉਸ ਨੂੰ ਮੁੜ ਵਧੇ ਹੋਏ ਹੱਦ ਕਰਦਿਆ ਦਾ ਐਲਾਨ ਤੁਰੰਤ ਕੀਤਾ ਜਾਵੇ ਅਤੇ ਇਸ ਦਾ ਭੁਗਤਾਨ ਤੁਰੰਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਰਾਜਾਂ ਦੀ ਸਥਾਈ ਮੈਂਬਰੀ ਖਤਮ ਕਰਨ ਦਾ ਨੋਟੀਫਿਕੇਸ਼ਨ ਤੁਰੰਤ ਰੱਦ ਕੀਤਾ ਜਾਵੇ।
ਆਗੂਆਂ ਨੇ ਕਿਹਾ ਕਿ ਸਰਕਾਰ ਸਾਡਾ ਚੰਡੀਗੜ੍ਹ ਦੇ ਵਿੱਚ ਜਾਣ ਦਾ ਜਮਹੂਰੀ ਹੱਕ ਬਹਾਲ ਕਰੇ ਅਤੇ ਰੋਕਾਂ ਲਾਉਣੀਆਂ ਬੰਦ ਕਰੇ ।ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮੁਹਿੰਮ ਨੂੰ ਮਹਿੰਗਾਈ ਦੀ ਚੱਕੀ ਚ ਪਿੱਸ ਰਹੇ ਲੋਕਾਂ ਤੱਕ ਲੈ ਕੇ ਜਾਣ ਲਈ ਪਿੰਡ ਪਿੰਡ ਗਲੀ ਮਹੱਲਿਆਂ ਤੱਕ ਔਰਤ ਭੈਣਾਂ ਦੀਆਂ ਮੀਟਿੰਗਾਂ ਕਰਕੇ ਲਾਮਬੰਦੀ ਕਰਕੇ ਜ਼ੋਰਦਾਰ ਚੰਡੀਗੜ੍ਹ ਐਕਸ਼ਨ ਦੇ ਵਿੱਚ ਸ਼ਾਮਿਲ ਕਰਵਾਉਣ ਲਈ ਦੱਸਿਆ ਜਾਵੇਗਾ ਕਿ ਲੋਕਾਂ ਕੋਲ ਸੰਘਰਸ਼ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਤੇ ਉਹ ਸੰਘਰਸ਼ਾਂ ਦੇ ਪਿੜ ਮੱਲ ਕੇ ਵੱਡੀਆਂ ਲਾਮਬੰਦੀਆਂ ਦੇ ਨਾਲ ਵੱਡੇ ਵੱਡੇ ਖੱਬੀ ਖਾਨਾਂ ਨੂੰ ਵੀ ਝੁਕਾ ਸਕਦੇ ਹਨ ਜਿਵੇਂ ਦਿੱਲੀ ਕਿਸਾਨ ਅੰਦੋਲਨ ਵੇਲੇ ਮੋਦੀ ਸਰਕਾਰ ਨੂੰ ਝੁਕਾਇਆ ਸੀ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਹਰਪ੍ਰੀਤ ਕੌਰ ਜੇਠੂਕੇ ਨੇ ਨਿਭਾਈ।ਅੱਜ ਦੀ ਮੀਟਿੰਗ ਵਿੱਚ ਮਾਲਣ ਕੌਰ ਕੋਠਾ ਗੁਰੂ, ,ਪਰਮਜੀਤ ਕੌਰ ਪਿੱਥੋ ,ਨਛੱਤਰ ਸਿੰਘ ਢੱਡੇ, ਜਗਸੀਰ ਸਿੰਘ ਝੁੰਬਾ,ਜਸਵੀਰ ਸਿੰਘ ਬੁਰਜ ਸੇਮਾ, ਜਗਦੇਵ ਸਿੰਘ ਜੋਗੇਵਾਲਾ,ਗੁਲਾਬ ਸਿੰਘ ਜਿਉਂਦ, ਜਗਜੀਤ ਸਿੰਘ ਚੱਕ ਫਤਿਹ ਸਿੰਘ ਵਾਲਾ, ਜਸਪਾਲ ਸਿੰਘ ਕੋਠਾ ਗੁਰੂ, ਅਵਤਾਰ ਸਿੰਘ ਭਗਤਾ, ਆਦਿ ਆਗੂ ਸ਼ਾਮਲ ਸਨ।
- Download Babushahi App
-
-