ਕਿਸਾਨ ਆਗੂ ਭਜਨ ਸਿੰਘ ਢੱਡਰੀਆਂ ਨੂੰ ਸ਼ਰਧਾਂਜਲੀਆਂ ਭੇਟ
ਦਲਜੀਤ ਕੌਰ
ਲੌਂਗੋਵਾਲ, 5 ਅਪ੍ਰੈਲ, 2026: ਪਿਛਲੇ ਦਿਨੀਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਵਿਛੋੜਾ ਦੇ ਗਏ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਭਜਨ ਸਿੰਘ ਢੱਡਰੀਆਂ ਦਾ ਸ਼ਰਧਾਂਜਲੀ ਸਮਾਗਮ ਉਨਾਂ ਦੇ ਪਿੰਡ ਢੱਡਰੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ। ਜਿੱਥੇ ਕਿਸਾਨ ਆਗੂਆਂ ਅਤੇ ਵੱਖ ਵੱਖ ਰਾਜਨੀਤਿਕ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਹੋਈ ਅਤੇ ਉਸ ਤੋਂ ਬਾਅਦ ਹੋਏ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਸੂਬਾ ਆਗੂ ਐਡਵੋਕੇਟ ਕਿਰਨਜੀਤ ਸਿੰਘ ਸੇਖੋਂ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਆਗੂ ਊਧਮ ਸਿੰਘ ਸੰਤੋਖਪੁਰਾ ਨੇ ਭਜਨ ਸਿੰਘ ਦੁਆਰਾ ਕਿਸਾਨ ਅੰਦੋਲਨ ਵਿੱਚ ਪਾਏ ਯੋਗਦਾਨ ਅਤੇ ਉਹਨਾਂ ਦੁਆਰਾ ਲੜੇ ਗਏ ਘੋਲਾਂ ਬਾਰੇ ਚਾਨਣਾ ਪਾਉਂਦਿਆਂ ਅਜੋਕੇ ਸਮੇਂ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਭਾਰਤ ਅਮਰੀਕਾ ਵਪਾਰ ਸਮਝੌਤੇ,ਲਗਾਤਾਰ ਖੇਤੀ ਦੀਆਂ ਸਬਸਿਡੀਆਂ ਘਟਾਉਣਾ, ਕਿਸਾਨਾਂ ਦੀ ਕਰਜਾ ਮੁਕਤੀ ਸਮੇਤ ਕਿਸਾਨੀ ਮੰਗਾਂ ਤੇ ਚੱਲ ਰਹੇ ਘੋਲ ਦੇ ਸਮੇਂ ਭਜਨ ਸਿੰਘ ਵਰਗੇ ਆਗੂਆਂ ਦੇ ਚਲਾਣੇ ਨੂੰ ਵੱਡਾ ਘਾਟਾ ਦੱਸਦਿਆਂ ਲੋਕਾਂ ਨੂੰ ਉਹਨਾਂ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈਂਦਿਆਂ ਆਪਣੀ ਜਥੇਬੰਦਕ ਤਾਕਤ ਮਜਬੂਤ ਕਰਨ ਦਾ ਸੱਦਾ ਦਿੱਤਾ। ਜ਼ਿਕਰਯੋਗ ਹੈ ਕਿ ਭਜਨ ਸਿੰਘ ਢੱਡਰੀਆਂ ਉਨਾਂ ਪਰਿਵਾਰਾਂ ਵਿੱਚੋਂ ਸਨ ਜੋ 1947 ਦੀ ਦੇਸ਼ ਵੰਡ ਸਮੇਂ ਪਾਕਿਸਤਾਨੀ ਪੰਜਾਬ ਤੋਂ ਇਧਰ ਆ ਕੇ ਵਸੇ ਸਨ ਤੇ ਉਹਨਾਂ ਦੀ ਜ਼ਿੰਦਗੀ ਸੰਘਰਸ਼ਮਈ ਰਹੀ ਸੀ। ਉਹ ਛੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ ਅਤੇ ਸਾਰੇ ਭਰਾਵਾਂ ਦਾ ਉਹਨਾਂ ਨੂੰ ਕਿਸਾਨ ਲਹਿਰ ਵਿੱਚ ਕੰਮ ਕਰਨ ਲਈ ਪੂਰਨ ਸਹਿਯੋਗ ਮਿਲਦਾ ਸੀ।
ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਆਗੂ ਇੰਦਰਪਾਲ ਸਿੰਘ ਪੂਨਾਂਵਾਲ, ਬੀਕੇਯੂ ਲੱਖੋਵਾਲ ਦੇ ਆਗੂ ਨਿਰਮਲ ਸਿੰਘ ਘਨੌਰ, ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਸੁਖਵਿੰਦਰ ਸਿੰਘ ਚੁੰਘਾਂ, ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮਵੀਰ ਸਿੰਘ, ਕੁੱਲ ਹਿੰਦ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਨਿਰੰਜਨ ਸਿੰਘ ਚੁਨਾਗਰਾ, ਕਿਸਾਨ ਵਿਕਾਸ ਫਰੰਟ ਦੇ ਮਹਿੰਦਰ ਸਿੰਘ ਭੱਠਲ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁਨਰਾਂ, ਵਿੱਤ ਸਕੱਤਰ ਕੁਲਦੀਪ ਸਿੰਘ, ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ ਅਤੇ ਗੁਰਮੇਲ ਸਿੰਘ ਉਭਾਵਾਲ, ਸਤਵਿੰਦਰ ਸਿੰਘ ਬਹਾਦਰਪੁਰ, ਜੁਝਾਰ ਸਿੰਘ ਬੁਡਰੁੱਖਾਂ, ਹਰਦਮ ਸਿੰਘ ਰਾਜੋਮਾਜਰਾ, ਮਨਪ੍ਰੀਤ ਸਿੰਘ ਈਸਾਪੁਰ ਲੰਡਾ ਨੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਿੱਖ ਯੂਥ ਫੈਡਰੇਸ਼ਨ ਵੱਲੋਂ ਮਹਿਲ ਸਿੰਘ ਢੱਡਰੀਆਂ ਨੇ ਵੀ ਦੁੱਖ ਸਾਂਝਾ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਨਿਭਾਈ।
Click to Follow Babushahi Facebook page →