ਕਿਰਪਾਲ ਸਿੰਘ ਔਜਲਾ ਵਰਗੇ ਸਮਰਪਿਤ ਆਗੂ ਦਾ ਵਿਛੋੜਾ ਮੇਰੇ ਸਮੇਤ ਪੰਜਾਬੀਆਂ ਲਈ ਵੱਡਾ ਘਾਟਾ- ਮੇਨਕਾ ਗਾਂਧੀ
ਲੁਧਿਆਣਾਃ 7 ਨਵੰਬਰ 2025- ਭਾਰਤ ਦੀ ਸਾਬਕਾ ਕੇਂਦਰੀ ਮੰਤਰੀ ਸ਼੍ਰੀਮਤੀ ਮੇਨਕਾ ਗਾਂਧੀ ਨੇ ਉੱਘੇ ਸਿਆਸੀ ਆਗੂ ਤੇ ਸਮਾਜਕ ਕਾਰਕੁਨ ਕਿਰਪਾਲ ਸਿੰਘ ਔਜਲਾ ਦੀ ਪਹਿਲੀ ਬਰਸੀ ਮੌਕੇ ਆਪਣੇ ਸ਼ੋਕ ਸੁਨੇਹੇ ਵਿੱਚ ਕਿਹਾ ਹੈ ਕਿ ਮੇਰੇ ਸਿਆਸੀ ਕੈਰੀਅਰ ਵਿੱਚ ਕਿਰਪਾਲ ਸਿੰਘ ਔਜਲਾ ਤੇ ਸ਼ਿਵਕੰਵਰ ਸਿੰਘ ਸੰਧੂ ਹਮੇਸ਼ਾਂ ਮਾਂ ਜਾਏ ਭਰਾਵਾਂ ਵਾਂਗ ਡਟੇ। ਉਨ੍ਹਾਂ ਦਾ ਵਿਛੋੜਾ ਜਿੱਥੇ ਮੇਰੇ ਲਈ ਨਿੱਜੀ ਘਾਟਾ ਹੈ ਉਥੇ ਪੰਜਾਬ ਲਈ ਵੀ ਸਮਰਪਿਤ ਨੇਤਾ ਦੀਆਂ ਸੇਵਾਵਾਂ ਤੋਂ ਵਾਂਝਾ ਰਹੇਗਾ।
ਔਜਲਾ ਦੇ ਨਜ਼ਦੀਕੀ ਸਾਥੀ ਸ਼ਿਵਕੰਵਰ ਸਿੰਘ ਸੰਧੂ ਨੇ ਕਿਹਾ ਕਿ ਕ੍ਰਿਪਾਲ ਸਿੰਘ ਔਜਲਾ ਪਿਛਲੇ ਸਾਲ ਬਦੇਸ਼ੀ ਧਰਤੀ ਤੇ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ ਸੀ। ਉਹ ਨਸਰਾਲੀ ਪਿੰਡ ਦੇ ਪੜ੍ਹੇ ਲਿਖੇ ਆਗੂ ਸ. ਕਪੂਰ ਸਿੰਘ ਨਸਰਾਲੀ ਸਾਬਕਾ ਵਿੱਤ ਮੰਤਰੀ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਦੇ ਪੋਤਰੇ ਸਨ। ਇਸ ਪਰਿਵਾਰ ਨੇ ਲੁਧਿਆਣਾ ਵਿੱਚ ਦਯਾਨੰਦ ਮੈਡੀਕਲ ਕਾਲਿਜ ਤੇ ਹਸਪਤਾਲ,ਖਾਲਸਾ ਦੀਵਾਨ ਦੇ ਕਈ ਵਿਦਿਅਕ ਅਦਾਰੇ ਸਥਾਪਤ ਕਰਨ ਵਿੱਚ ਵੱਡਾ ਹਿੱਸਾ ਪਾਇਆ। ਚੰਡੀਗੜ੍ਹ ਵਿੱਚ ਗੁਰੂ ਗੋਬਿੰਦ ਸਿੰਘ ਕਾਲਿਜਜ਼ ਸਥਾਪਤ ਕਰਨ ਵਾਲੀ ਸਿੱਖ ਐਜੂਕੇਸ਼ਨਲ ਸੋਸਾਇਟੀ ਦੇ ਸ. ਕਪੂਰ ਸਿੰਘ ਲੰਮਾ ਸਮਾਂ ਪ੍ਰਧਾਨ ਰਹੇ।
ਕਪੂਰ ਸਿੰਘ ਨਸਰਾਲੀ ਪੰਡਿਤ ਜਵਾਹਰ ਲਾਲ ਨਹਿਰੂ ਤੇ ਸ. ਪ੍ਰਤਾਪ ਸਿੰਘ ਕੈਰੋਂ ਦੇ ਨਜ਼ਦੀਕੀ ਸਾਥੀ ਸਨ। ਲੁਧਿਆਣਾ ਦੀ ਫ਼ੀਰੋਜ਼ਪੁਰ ਸੜਕ ਤੇ ਸ. ਕਪੂਰ ਸਿੰਘ ਦੇ ਘਰ ਪੰਡਿਤ ਜਵਾਹਰ ਲਾਲ ਨਹਿਰੂ ਦੀ ਆਮਦ ਤੇ ਹੀ ਸਿਵਿਲ ਲਾਈਨਜ਼ ਲੁਧਿਆਣਾ ਖੇਤਰ ਵਿੱਚ ਬਿਜਲੀ ਆਈ ਸੀ। ਔਜਲਾ ਪਰਿਵਾਰ ਨੇ ਸ਼ਹਿਨਸ਼ਾਹ ਪੈਲੇਸ ਨਾਮ ਹੇਠ ਵਿਆਹ ਮੰਡਪ ਬਣਾ ਕੇ ਹਰ ਸਾਲ ਪਹਿਲੀ ਜਨਵਰੀ ਨੂੰ ਵਿਸ਼ਾਲ ਕੀਰਤਨ ਦਰਬਾਰ ਦੀ ਰੀਤ ਨਿਭਾਈ। 1977 ਵਿੱਚ ਕਿਰਪਾਲ ਸਿੰਘ ਔਜਲਾ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।
ਵੀ ਪੀ ਸਿੰਘ ਜਦ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਪੰਜਾਬ ਸੰਕਟ ਹੱਲ ਕਰਨ ਲਈ 1989 ਚੋਣਾਂ ਤੋ ਬਾਦ ਲੁਧਿਆਣਾ ਵਿੱਚ ਆਲ ਪਾਰਟੀ ਮੀਟਿੰਗ ਕੀਤੀ ਉਸ ਦਾ ਪ੍ਰਬੰਧ ਵੀ ਸ਼ਿਵਕੰਵਰ ਸਿੰਘ ਸੰਧੂ ਤੇ ਕ੍ਰਿਪਾਲ ਸਿੰਘ ਔਜਲਾ ਕੇ ਸਾਥੀਆਂ ਨੇ ਕੀਤਾ ਸੀ। ਇਸੇ ਟੀਮ ਨੇ ਹਲਵਾਰਾ ਏਅਰ ਬੇਸ ਤੇ ਵੀ ਪੀ ਸਿੰਘ, ਇੰਦਰ ਕੁਮਾਰ ਗੁਜਰਾਲ, ਚੌਧਰੀ ਦੇਵੀ ਲਾਲ ਤੇ ਮੁਫ਼ਤੀ ਮੁਹੰਮਦ ਸੱਯਦ ਨੂੰ ਜੀ ਆਇਆਂ ਨੂੰ ਕਿਹਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਡਾ. ਕਿਰਪਾਲ ਸਿੰਘ ਔਲਖ ਨੇ ਕਿਹਾ ਕਿ ਮੇਰੇ ਨਿੱਕੇ ਭਰਾਵਾਂ ਵਾਂਗ ਮੇਰੇ ਨਾਲ ਉਹ ਚੱਟਾਨ ਬਣ ਕੇ ਖੜ੍ਹਿਆ। ਉਹ ਮੁਹੱਬਤੀ ਰੂਹ ਸੀ।
ਗੌਰਮਿੰਟ ਕਾਲਿਜ ਗੁਰਦਾਸਪੁਰ ਦੇ ਸੇਵਾ ਮੁਕਤ ਪ੍ਰਿੰਸੀਪਲ ਡਾ. ਅਵਤਾਰ ਸਿੰਘ ਸਿੱਧੂ ਨੇ ਕਿਹਾ ਕਿ ਨਜ਼ਦੀਕੀ ਰਿਸ਼ਤੇਦਾਰੀ ਤੋਂ ਇਲਾਵਾ ਉਹ ਸਰਬਪੱਖੀ ਸੰਤੁਲਤ ਸ਼ਖ਼ਸੀਅਤ ਵਾਲੇ ਵੱਡੇ ਇਨਸਾਨ ਸਨ। ਉਨ੍ਹਾਂ ਦੀ ਜੀਵਨ ਸਾਥਣ ਸਰਦਾਰਨੀ ਸੁਰਿੰਦਰ ਕੌਰ ਔਜਲਾ ,ਪੁੱਤਰਾਂ ਨੂੰਹਾਂ ਤੇ ਬੱਚਿਆਂ ਤੋਂ ਇਲਾਵਾ ਭੈਣ ਭਰਾਵਾਂ ਨਾਲ ਪਰਿਵਾਰਕ ਸੰਵੇਦਨਾ ਪ੍ਰਗਟਾਉਂਦਿਆਂ ਔਜਲਾ ਦੇ ਪਰਿਵਾਰਕ ਮਿੱਤਰ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਕਿਰਪਾਲ ਸਿੰਘ ਔਜਲਾ ਦਰਿਆ ਦਿਲ ਵੀਰ ਤੇ ਬਹੁਤ ਵਧੀਆ ਖੇਡ ਸਰਪ੍ਰਸਤ ਸੀ। ਖੇਡ ਮੈਦਾਨਾਂ ਦੀ ਰੌਣਕ ਤੇ ਖਿਡਾਰੀਆਂ ਲਈ ਉਤਸ਼ਾਹ ਦਾ ਸੋਮਾ ਸੀ।
ਉਨ੍ਹਾਂ ਨੂੰ ਸ਼ਰਧਾਂਜਲੀ ਫੁੱਲ ਭੇਂਟ ਕਰਨ ਲਈ ਨਗਰ ਨਿਗਮ ਲੁਧਿਆਣਾ ਦੇ ਸਾਬਕਾ ਮੇਅਰ ਸ. ਅਪਿੰਦਰ ਸਿੰਘ ਗਰੇਵਾਲ, ਪੰਜਾਬੀ ਸਾਹਿੱਤ ਅਕਾਡਮੀ ਲ਼ੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੈਂਕੜੇ ਅਧਿਆਪਕ, ਪੰਜਾਬ ਦੇ ਸਾਬਕਾ ਡੀ ਜੀ ਪੀ ਡੀ ਆਰ ਭੱਟੀ,ਸ. ਰਾਜਵੰਤ ਸਿੰਘ ਗਰੇਵਾਲ (ਦਾਦ), ਦਲਜੀਤ ਸਿੰਘ ਗਰੇਵਾਲ, ਰੋਜ਼ਾਨਾ ਅਜੀਤ ਦੇ ਸੇਵਾਮੁਕਤ ਸਟਾਫ਼ ਰੀਪੋਰਟਰ ਸ. ਹਰਿੰਦਰ ਸਿੰਘ ਕਾਕਾ, ਸੀਨੀਅਰ ਬੀ ਜੇ ਪੀ ਆਗੂ ਅਮਰਜੀਤ ਸਿੰਘ ਟਿੱਕਾ, ਕਾਂਗਰਸੀ ਆਗੂ ਸ. ਗੁਰਦੇਵ ਸਿੰਘ ਲਾਪਰਾਂ,ਸ. ਕਿਰਪਾਲ ਸਿੰਘ ਦੇ ਨਿੱਕੇ ਵੀਰ ਭੁਪਿੰਦਰ ਸਿੰਘ ਔਜਲਾ,ਖੇਤੀਬਾੜੀ ਟੈਕਨੋਕਰੇਟ ਆਗੂ ਡਾ. ਬਲਵਿੰਦਰ ਸਿੰਘ ਬੁਟਾਹਰੀ, ਸਫ਼ਲ ਕਿਸਾਨ ਸ. ਸੁਰਜੀਤ ਸਿੰਘ ਸਾਧੂਗੜ੍ਹ, ਸ. ਹਰਮਿੰਦਰ ਸਿੰਘ ਗਿਆਸਪੁਰਾ, ਸ, ਰਣਜੀਤ ਸਿੰਘ ਡੀ ਐੱਮ, ਸਹਿਕਾਰਤਾ ਵਿਭਾਗ, ਸ. ਜਗਦੇਵ ਸਿੰਘ ਜੱਸੋਵਾਲ ਦੇ ਪੋਤਰੇ ਸ. ਅਮਰਿੰਦਰ ਸਿੰਘ ਜੱਸੋਵਾਲ ,ਜਗਦੀਸ਼ਪਾਲ ਸਿੰਘ ਗਰੇਵਾਲ ਸਾਬਕਾ ਸਰਪੰਚ ਦਾਦ, ਸ. ਗੁਰਦੀਪ ਸਿੰਘ ਚੱਢਾ, ਅਜੈਪਾਲ ਸਿੰਘ ਪੂਨੀਆ ਸਮੇਤ ਕਈ ਸਿਰਕੱਢ ਸ਼ਖ਼ਸੀਅਤਾਂ ਹਾਜ਼ਰ ਸਨ। ਗੁਰਦੁਆਰਾ ਮਾਈ ਬਿਸ਼ਨ ਕੌਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਨੇ ਸ. ਕਿਰਪਾਲ ਸਿੰਘ ਔਜਲਾ ਦੇ ਸਪੁੱਤਰ ਸ. ਤਪਿੰਦਰਪਾਲ ਸਿੰਘ ਔਜਲਾ(ਮਨੂ) ਨੂੰ ਦਸਤਾਰ ਭੇਂਟ ਕੀਤੀ।