ਕਿਤੋਂ ਵੀ ਇਨਸਾਫ਼ ਨਾ ਮਿਲਿਆ ਤਾਂ ਨਿਹੰਗ ਸਿੰਘ ਬਣੇ ਮਸੀਹਾ, ਪਾਸਟਰ ਤੋਂ ਰਿਹਾਅ ਕਰਾਈ ਲੜਕੀ
ਖੰਨਾ ਵਿੱਚ ਸਨਸਨੀਖੇਜ਼ ਮਾਮਲਾ
ਰਵਿੰਦਰ ਸਿੰਘ
ਖੰਨਾ, 30 ਜਨਵਰੀ 2026 : ਪਾਦਰੀ ਵੱਲੋਂ ਨੌਜਵਾਨ ਲੜਕੀ ਨੂੰ 21 ਦਿਨਾਂ ਤੱਕ ਬੰਧਕ ਬਣਾਉਣ ਦਾ ਦੋਸ਼, ਪੁਲਿਸ ਦੀ ਲਾਪਰਵਾਹੀ ਆਈ ਸਾਹਮਣੇ, ਨਿਹੰਗ ਸਿੰਘਾਂ ਦੀ ਮਦਦ ਨਾਲ ਰਿਹਾਈ
ਖੰਨਾ ਦੇ ਕਰਤਾਰ ਨਗਰ ਇਲਾਕੇ ਵਿੱਚ ਇੱਕ ਸਨਸਨੀਖੇਜ਼ ਤੇ ਗੰਭੀਰ ਅਪਰਾਧਿਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪਾਦਰੀ ਵੱਲੋਂ ਨੌਜਵਾਨ ਲੜਕੀ ਨੂੰ ਪੂਜਾ ਪਾਠ ਦੇ ਬਹਾਨੇ ਚਰਚ ਲਿਜਾਣ ਅਤੇ 21 ਦਿਨਾਂ ਤੱਕ ਬੰਧਕ ਬਣਾਕੇ ਰੱਖਣ ਦੇ ਗੰਭੀਰ ਦੋਸ਼ ਲੱਗੇ ਹਨ। ਇਹ ਮਾਮਲਾ ਖੰਨਾ ਪੁਲਿਸ ਦੀ ਲਾਪਰਵਾਹੀ ਉੱਤੇ ਵੀ ਵੱਡੇ ਸਵਾਲ ਖੜ੍ਹੇ ਕਰਦਾ ਹੈ।
ਪੀੜਤ ਪਰਿਵਾਰ ਦੇ ਮੁਤਾਬਕ, 7 ਜਨਵਰੀ ਨੂੰ ਪਾਸਟਰ ਰਮਨ ਕੁਮਾਰ ਲੜਕੀ ਨੂੰ ਚਰਚ ਲਿਜਾਣ ਦੇ ਬਹਾਨੇ ਆਪਣੇ ਨਾਲ ਲੈ ਗਿਆ। ਦੋਸ਼ ਹੈ ਕਿ ਉਸਨੇ ਕਰਤਾਰ ਨਗਰ ਸਥਿਤ ਆਪਣੇ ਘਰ ਦੇ ਇੱਕ ਕਮਰੇ ਵਿੱਚ ਲੜਕੀ ਨੂੰ ਬੰਦ ਕਰਕੇ ਰੱਖਿਆ। ਇਸ ਦੌਰਾਨ ਉਸਨੂੰ ਲੁਧਿਆਣਾ ਵੀ ਲੈ ਜਾਇਆ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਲੜਕੀ ਨੂੰ ਕਮਰੇ ਵਿੱਚ ਕੈਦ ਰੱਖਿਆ ਗਿਆ, ਕਿਸੇ ਨਾਲ ਮਿਲਣ ਨਹੀਂ ਦਿੱਤਾ ਗਿਆ ਅਤੇ ਮਾਨਸਿਕ ਤੌਰ ’ਤੇ ਤਸੀਹੇ ਦਿੱਤੇ ਗਏ।
ਪਰਿਵਾਰ ਨੇ ਦੱਸਿਆ ਕਿ 9 ਜਨਵਰੀ ਨੂੰ ਖੰਨਾ ਦੇ ਸਿਟੀ-2 ਪੁਲਿਸ ਸਟੇਸ਼ਨ ਵਿਖੇ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਪਰ ਇਸਦੇ ਬਾਵਜੂਦ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਾਰਨ ਉਨ੍ਹਾਂ ਦੀ ਧੀ 21 ਦਿਨਾਂ ਤੱਕ ਬੰਧਕ ਬਣੀ ਰਹੀ।
ਪੀੜਤਾ ਨੇ ਦੱਸਿਆ ਕਿ ਅੱਜ ਸਵੇਰੇ ਉਸਦੀ ਮਾਂ ਉਸਨੂੰ ਮਿਲਣ ਖੰਨਾ ਆਈ ਸੀ, ਪਰ ਪਾਸਟਰ ਨੇ ਸਿਰਫ਼ ਦੋ ਮਿੰਟ ਲਈ ਹੀ ਮਿਲਣ ਦੀ ਇਜਾਜ਼ਤ ਦਿੱਤੀ। ਇਸ ਦੌਰਾਨ ਲੜਕੀ ਨੇ ਇਸ਼ਾਰਿਆਂ ਰਾਹੀਂ ਆਪਣੀ ਮਾਂ ਨੂੰ ਸਾਰੀ ਸੱਚਾਈ ਦੱਸੀ, ਜਿਸ ਤੋਂ ਬਾਅਦ ਪਰਿਵਾਰ ਨੂੰ ਉਸਦੀ ਜਾਨ ਨੂੰ ਖ਼ਤਰਾ ਹੋਣ ਦਾ ਯਕੀਨ ਹੋ ਗਿਆ।
ਪੁਲਿਸ ਤੋਂ ਨਿਰਾਸ਼ ਹੋ ਕੇ ਪਰਿਵਾਰ ਨੇ ਨਿਹੰਗ ਸਿੰਘਾਂ ਤੋਂ ਮਦਦ ਲਈ ਸੰਪਰਕ ਕੀਤਾ। ਤਰੁਣਾ ਦਲ ਨਾਲ ਸਬੰਧਿਤ ਜਥੇਦਾਰ ਸਰਬਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਪਰਿਵਾਰ ਦੀ ਅਪੀਲ ’ਤੇ ਉਹ ਨਿਹੰਗ ਸਿੰਘਾਂ ਦੇ ਜਥੇ ਨਾਲ ਕਰਤਾਰ ਨਗਰ ਸਥਿਤ ਪਾਸਟਰ ਦੇ ਘਰ ਪਹੁੰਚੇ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਲੜਕੀ ਨੂੰ ਸੁਰੱਖਿਅਤ ਤਰੀਕੇ ਨਾਲ ਕੱਢਿਆ ਗਿਆ।
ਜਦੋਂ ਲੜਕੀ ਨੂੰ ਪਾਸਟਰ ਦੇ ਘਰੋਂ ਰਿਹਾਅ ਕਰਵਾਇਆ ਗਿਆ, ਤਾਂ ਸਥਿਤੀ ਵਿਗੜਦੀ ਦੇਖ ਕੇ ਪੁਲਿਸ ਮੌਕੇ ’ਤੇ ਪਹੁੰਚੀ। ਇਸ ਤੋਂ ਬਾਅਦ ਪੁਲਿਸ ਨੇ ਪਾਸਟਰ ਰਮਨ ਕੁਮਾਰ ਨੂੰ ਹਿਰਾਸਤ ਵਿੱਚ ਲੈ ਲਿਆ। ਮੌਕੇ ’ਤੇ ਮੌਜੂਦ ਪੀੜਤਾ ਦੇ ਪਿਤਾ ਨੇ ਹੰਝੂ ਭਰੀ ਅੱਖਾਂ ਨਾਲ ਦੱਸਿਆ ਕਿ ਉਹ ਕਈ ਵਾਰ ਪੁਲਿਸ ਕੋਲ ਗੁਹਾਰ ਲਗਾਉਂਦੇ ਰਹੇ, ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇਕਰ ਨਿਹੰਗ ਸਿੰਘ ਮਦਦ ਨਾ ਕਰਦੇ ਤਾਂ ਅੱਜ ਵੀ ਉਨ੍ਹਾਂ ਦੀ ਧੀ ਕੈਦ ਵਿੱਚ ਹੁੰਦੀ।
ਦੂਜੇ ਪਾਸੇ, ਖੰਨਾ ਦੇ ਡੀਐਸਪੀ ਵਿਨੋਦ ਕੁਮਾਰ ਨੇ ਕਿਹਾ ਕਿ ਪਾਸਟਰ ਰਮਨ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਤੱਥਾਂ ਦੀ ਪੁਸ਼ਟੀ ਤੋਂ ਬਾਅਦ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਫਿਲਹਾਲ ਪੀੜਤਾ ਸੁਰੱਖਿਅਤ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਇਹ ਘਟਨਾ ਨਾ ਸਿਰਫ਼ ਇੱਕ ਗੰਭੀਰ ਅਪਰਾਧ ਨੂੰ ਬੇਨਕਾਬ ਕਰਦੀ ਹੈ, ਬਲਕਿ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੀ ਵੱਡੇ ਸਵਾਲ ਖੜ੍ਹੇ ਕਰਦੀ ਹੈ।