ਐੱਸ.ਐੱਸ.ਪੀ. ਮਾਨਸਾ ਵੱਲੋਂ ਨਿਰਪੱਖ ਜਾਂਚ ਦੇ ਭਰੋਸੇ ਮਗਰੋਂ 'ਮਾਨਸਾ ਬੰਦ' ਦਾ ਸੱਦਾ ਦਸ ਦਿਨ ਲਈ ਮੁਲਤਵੀ
ਅਸ਼ੋਕ ਵਰਮਾ
ਮਾਨਸਾ, 19 ਜੂਨ 2026: ਅੱਜ 21 ਮੈਂਬਰੀ ਕਮੇਟੀ, ਮਾਨਸਾ ਨੂੰ ਐੱਸ.ਐੱਸ.ਪੀ. ਮਾਨਸਾ ਵੱਲੋਂ 'ਮਾਨਸਾ ਬੰਦ' ਦੇ ਸਬੰਧ ਵਿੱਚ ਮੀਟਿੰਗ ਲਈ ਬੁਲਾਇਆ ਗਿਆ।
ਮੀਟਿੰਗ ਦੌਰਾਨ ਐੱਸ.ਐੱਸ.ਪੀ. ਮਾਨਸਾ ਵੱਲੋਂ ਅਰਪਿਤ ਚੌਧਰੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ 'ਤੇ ਦਰਜ ਹੋਏ ਮਾਮਲਿਆਂ ਦੀ ਪੂਰਨ ਇਮਾਨਦਾਰੀ ਅਤੇ ਨਿਰਪੱਖਤਾ ਨਾਲ ਜਾਂਚ ਕਰਨ ਦਾ ਭਰੋਸਾ ਦਿੱਤਾ ਗਿਆ। ਐੱਸ.ਐੱਸ.ਪੀ. ਨੇ ਸਪੱਸ਼ਟ ਕੀਤਾ ਕਿ ਇਹ ਜਾਂਚ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਡੀ.ਐੱਸ.ਪੀ. ਸਬ-ਡਿਵੀਜ਼ਨ ਅਤੇ ਸਬੰਧਤ ਐੱਸ.ਐੱਚ.ਓ. ਦੀ ਅਗਵਾਈ ਵਾਲੀ ''ਸਿੱਟ'' (SIT) ਵੱਲੋਂ ਕੀਤੀ ਜਾਵੇਗੀ ਅਤੇ 30 ਜੂਨ 2026 ਤੱਕ ਹਰ ਹਾਲਤ ਵਿੱਚ ਜਾਂਚ ਮੁਕੰਮਲ ਕਰਕੇ ਰਿਪੋਰਟ ਜਨਤਕ ਕੀਤੀ ਜਾਵੇਗੀ।
ਐੱਸ.ਐੱਸ.ਪੀ. ਦੇ ਇਸ ਭਰੋਸੇ ਤੋਂ ਬਾਅਦ, 21 ਮੈਂਬਰੀ ਕਮੇਟੀ ਵੱਲੋਂ ਸ਼ਾਮ 4 ਵਜੇ ਲਕਸ਼ਮੀ ਨਾਰਾਇਣ ਮੰਦਿਰ, ਮਾਨਸਾ ਵਿਖੇ 'ਮਾਨਸਾ ਬੰਦ' ਦੇ ਸੱਦੇ ਵਿੱਚ ਸਹਿਯੋਗ ਕਰ ਰਹੀਆਂ ਸ਼ਹਿਰ ਦੀਆਂ ਵਪਾਰਕ , ਧਾਰਮਿਕ, ਸਮਾਜਿਕ , ਰਾਜਨੀਤਕ ਅਤੇ ਜਨਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਸ਼ਹਿਰ ਦੇ ਮੋਹਤਬਰਾਂ ਅਤੇ ਵੱਖ-ਵੱਖ ਸੰਸਥਾਵਾਂ ਨਾਲ ਵਿਚਾਰ-ਚਰਚਾ ਕੀਤੀ ਗਈ।ਸਾਰਿਆਂ ਦੀ ਸਹਿਮਤੀ ਨਾਲ ਫੈਸਲਾ ਲਿਆ ਗਿਆ ਕਿ ਮਾਨਸਾ ਸ਼ਹਿਰ ਨੂੰ 20 ਜੂਨ 2026 ਨੂੰ ਬੰਦ ਰੱਖਣ ਦੇ ਸੱਦੇ ਨੂੰ ਇਨਕੁਆਰੀ ਰਿਪੋਰਟ ਆਉਣ ਦੇ ਪ੍ਰਸ਼ਾਸਨ ਵੱਲੋਂ ਮੰਗੇ ਦਸ ਦਿਨ ਦੇ ਸਮੇਂ ਤੱਕ ਮੁਲਤਵੀ ਕੀਤਾ ਜਾਂਦਾ ਹੈ। ਕਮੇਟੀ ਵੱਲੋਂ ਸਹਿਯੋਗ ਲਈ ਸਮੂਹ ਸੰਸਥਾਵਾਂ ਅਤੇ ਸ਼ਹਿਰੀਆਂ ਦਾ ਕਮੇਟੀ ਵੱਲੋਂ ਬਹੁਤ ਧੰਨਵਾਦ ਕੀਤਾ ਗਿਆ।
ਇਸ ਮੌਕੇ ਰੁਲਦੂ ਸਿੰਘ ਮਾਨਸਾ, ਸੁਰੇਸ਼ ਕੁਮਾਰ ਨੰਦਗੜ੍ਹੀਆ, ਸਤੀਸ਼ ਗੋਇਲ, ਮੰਗਤ ਰਾਮ ਬਾਂਸਲ, ਐਡਵੋਕੇਟ ਗੁਰਲਾਭ ਸਿੰਘ, ਡਾ. ਜਨਕ ਰਾਜ ਸਿੰਗਲਾ, ਕ੍ਰਿਸ਼ਨ ਚੌਹਾਨ, ਧੰਨਾ ਮੱਲ ਗੋਇਲ, ਮਾਨਿਕ ਗੋਇਲ, ਜਤਿੰਦਰ ਕੁਮਾਰ ਆਗਰਾ, ਹਰਵਿੰਦਰ ਭਾਰਦਵਾਜ, ਬਲਜੀਤ ਸ਼ਰਮਾ, ਮਨਜੀਤ ਸਿੰਘ ਸਦਿਓੜਾ, ਹਰਿੰਦਰ ਸਿੰਘ ਮਾਨਸਾਹੀਆ ਅਤੇ ਸ਼ਮੀਰ ਛਾਬੜਾ, ਮਨਦੀਪ ਸਿੰਘ ਗੋਰਾ, ਮਾਈਕਲ ਗਾਗੋਵਾਲ, ਕਰਨੈਲ ਸਿੰਘ ਮਾਨਸਾ ਆਦਿ ਮੌਜੂਦ ਸਨ। ਕਮੇਟੀ ਨੇ ਸਪੱਸ਼ਟ ਚਿਤਾਵਨੀ ਦਿੱਤੀ ਕਿ ਜੇਕਰ ਪਰਚਾ ਰੱਦ ਨਾ ਕੀਤਾ ਗਿਆ ਤਾਂ 'ਮਾਨਸਾ ਬੰਦ' ਸਮੇਤ ਸਮੂਹ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ਾਲ ਸੰਘਰਸ਼ ਵਿੱਢਿਆ ਜਾਵੇਗਾ, ਜਿਸਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
- Download Babushahi App
-
-