ਐਚਐਮਈਐਲ ਵੱਲੋਂ ਸਰਕਾਰੀ ਸਕੂਲਾਂ ਦੀਆਂ ਕੁੜੀਆਂ ਨੂੰ ਸਾਈਕਲ ਵੰਡਣ ਦੀ ਸ਼ੁਰੂਆਤ
ਅਸ਼ੋਕ ਵਰਮਾ
ਬਠਿੰਡਾ, 15 ਸਤੰਬਰ 2025:ਸਿੱਖਿਆ ਨੂੰ ਉਤਸ਼ਾਹਤ ਕਰਨ ਅਤੇ ਬੇਟੀਆਂ ਨੂੰ ਸਸ਼ਕਤ ਬਣਾਉਣ ਲਈ ਐਚਪੀਸੀਐਲ-ਮਿੱਤਲ ਐਨਰਜੀ ਲਿਮਿਟਡ (ਐਚਐਮਈਐਲ) ਲਗਾਤਾਰ ਯਤਨ ਕਰ ਰਹੀ ਹੈ। ਸਕੂਲ ਦੀ ਦੂਰੀ ਕਿਸੇ ਵੀ ਧੀ ਦੀ ਸਿੱਖਿਆ ਵਿੱਚ ਰੁਕਾਵਟ ਨਾ ਬਣੇ, ਇਸ ਲਈ ਕੰਪਨੀ ਨੇ ਸਾਈਕਲ ਵੰਡ ਮੁਹਿੰਮ ਸ਼ੁਰੂ ਕੀਤੀ ਹੈ। ਇਸ ਸਾਲ 48 ਸਰਕਾਰੀ ਸਕੂਲਾਂ ਦੀਆਂ ਅੱਠਵੀਂ ਕਲਾਸ ਦੀਆਂ 850 ਕੁੜੀਆਂ ਨੂੰ ਸਾਈਕਲਾਂ ਵੰਡਣ ਦੀ ਯੋਜਨਾ ਹੈ।
ਮੁਹਿੰਮ ਦੀ ਸ਼ੁਰੂਆਤ ਅੱਜ ਪਿੰਡ ਮਲਕਾਣਾ ਦੇ ਸਰਕਾਰੀ ਹਾਈ ਸਕੂਲ ਵਿੱਚ ਕੀਤੀ ਗਈ, ਜਿੱਥੇ ਕੁੜੀਆਂ ਨੂੰ ਸਾਈਕਲ ਵੰਡੀਆਂ ਗਈਆਂ। ਹੁਣ ਤੱਕ ਇਸ ਮੁਹਿੰਮ ਤਹਿਤ 38 ਸਕੂਲਾਂ ਦੀਆਂ 620 ਬੇਟੀਆਂ ਨੂੰ ਸਾਈਕਲਾਂ ਮਿਲ ਚੁੱਕੀਆਂ ਹਨ, ਬਾਕੀ ਸਕੂਲਾਂ ਵਿੱਚ ਵੰਡ ਜਾਰੀ ਹੈ।
ਯਾਦ ਰਹੇ ਕਿ ਐਚਐਮਈਐਲ ਰਿਫਾਈਨਰੀ ਵੱਲੋਂ 2018 ਵਿੱਚ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਹਰ ਸਾਲ ਜ਼ਰੂਰਤਮੰਦ ਕੁੜੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਾਈਕਲਾਂ ਦਿੱਤੀਆਂ ਜਾਂਦੀਆਂ ਹਨ। ਸਾਲ 2024 ਤੱਕ 16,000 ਤੋਂ ਵੱਧ ਸਾਈਕਲਾਂ ਕੁੜੀਆਂ ਨੂੰ ਵੰਡੀਆਂ ਜਾ ਚੁੱਕੀਆਂ ਹਨ। ਇਸ ਕਾਰਨ ਰਾਮਾਂ ਅਤੇ ਤਲਵੰਡੀ ਸਾਬੋ ਖੇਤਰ ਦੇ ਸਕੂਲਾਂ ਵਿੱਚ ਬੇਟੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਪਿੰਡ ਮਲਕਾਣਾ ਵਿੱਚ ਹੋਏ ਸਮਾਰੋਹ ਦੌਰਾਨ ਸਰਪੰਚ ਰਾਮਪਾਲ ਸਿੰਘ ਮਲਕਾਣਾ, ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਪ੍ਰਿੰਸੀਪਲ ਨੇ ਐਚਐਮਈਐਲ ਦੀ ਇਸ ਪਹਿਲ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਹੀ ਅਸਲ ਸਸ਼ਕਤੀਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ। ਇਸ ਮੁਹਿੰਮ ਦੇ ਜ਼ਰੀਏ ਹੁਣ ਕੋਈ ਵੀ ਧੀ ਆਵਾਜਾਈ ਦੀ ਕਮੀ ਕਾਰਨ ਸਿੱਖਿਆ ਤੋਂ ਵਾਂਝੀ ਨਹੀਂ ਰਹੇਗੀ।
ਉਨ੍ਹਾਂ ਕਿਹਾ ਕਿ ਇਹ ਯਤਨ ਪਿੰਡਾਂ ਦੇ ਬੱਚਿਆਂ ਲਈ ਗੁਣਵੱਤਾ ਵਾਲੀ ਸਿੱਖਿਆ ਅਤੇ ਚਮਕਦਾਰ ਭਵਿੱਖ ਦੀਆਂ ਰਾਹ ਖੋਲ੍ਹਦਾ ਹੈ।ਪਿੰਡ ਜੱਜਲ ਹਾਈ ਸਕੂਲ ਦੇ ਹੈੱਡਟੀਚਰ ਨਵਨੀਤ ਕੁਮਾਰ ਅਤੇ ਸਰਪੰਚ ਮਲਕੀਤ ਸਿੰਘ ਨੇ ਵੀ ਐਚਐਮਈਐਲ ਦੀ ਮੁਹਿੰਮ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਆਵਾਜਾਈ ਦੀ ਕਮੀ ਕਾਰਨ ਕਈ ਬੇਟੀਆਂ ਨੂੰ ਸਕੂਲ ਆਉਣ ਜਾਣ ਵਿੱਚ ਮੁਸ਼ਕਲ ਆਉਂਦੀ ਸੀ, ਪਰ ਹੁਣ ਸਾਈਕਲਾਂ ਦੀ ਸਹੂਲਤ ਨਾਲ ਨਾ ਸਿਰਫ਼ ਆਉਣਾ-ਜਾਣਾ ਆਸਾਨ ਹੋ ਗਿਆ ਹੈ, ਸਗੋਂ ਸਕੂਲਾਂ ਵਿੱਚ ਕੁੜੀਆਂ ਦੀ ਹਾਜ਼ਰੀ ਵੀ ਵੱਧ ਰਹੀ ਹੈ।