ਇੰਡੋ-ਕੈਨੇਡੀਅਨ ਸੀਨੀਅਰ ਸੈਂਟਰ ਸਰੀ ਦੇ ਕਵੀ ਦਰਬਾਰ ਵਿੱਚ ਪ੍ਰਸਿੱਧ ਕਵੀਆਂ ਨੇ ਸ਼ਮੂਲੀਅਤ ਕੀਤੀ
ਹਰਦਮ ਮਾਨ
ਸਰੀ, 1 ਅਪ੍ਰੈਲ 2026 -ਇੰਡੋ-ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੇਲਟਾ ਵੱਲੋਂ ਮਾਸਿਕ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਅਨੇਕਾਂ ਪ੍ਰਸਿੱਧ ਸ਼ਾਇਰਾਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਕਵੀ ਦਰਬਾਰ ਵਿੱਚ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਅਤੇ ਸੀਨੀਅਰ ਪੱਤਰਕਾਰ ਹਰਦਮ ਸਿੰਘ ਮਾਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਅਤੇ ਲਹਿੰਬਰ ਸਿੰਘ ਸਹੋਤਾ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਦਾ ਮੰਚ ਸੰਚਾਲਨ ਮਨਜੀਤ ਸਿੰਘ ਮੱਲਾ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ।
ਕਵੀ ਦਰਬਾਰ ਦਾ ਆਗਾਜ਼ ਅਵਤਾਰ ਸਿੰਘ ਬਰਾੜ ਨੇ ਧਾਰਮਿਕ ਗੀਤ 'ਯੋਧੇ ਲੜਦੇ ਵਿੱਚ ਮੈਦਾਨਾਂ ਦੇ' ਨਾਲ ਕੀਤਾ, ਜਿਸ ਤੋਂ ਬਾਅਦ ਜਸਵੰਤ ਰਾਣਾ ਨੇ ਤਰੰਨੁਮ ਵਿੱਚ ਖ਼ੂਬਸੂਰਤ ਗੀਤ ਸੁਣਾ ਕੇ ਖ਼ੂਬ ਰੰਗ ਬੰਨ੍ਹਿਆ। ਮਾਸਟਰ ਅਮਰੀਕ ਸਿੰਘ ਲਹਿਲ ਨੇ ਆਪਣੀ ਸਵਰਗੀ ਧਰਮਪਤਨੀ ਦੀ ਯਾਦ ਵਿੱਚ ਭਾਵੁਕ ਕਵਿਤਾ 'ਪੌਣਾਂ ਦਾ ਸਿਰਨਾਵਾਂ' ਪੇਸ਼ ਕੀਤੀ। ਰਮਿੰਦਰ ਕੌਰ ਮਨਚੰਦਾ ਨੇ ਹਿੰਦੀ ਕਵਿਤਾ ਅਤੇ ਬਲਬੀਰ ਸਿੰਘ ਸੰਘਾ ਨੇ 'ਜੀ ਰਾਮ ਜੀ' ਕਵਿਤਾ ਰਾਹੀਂ ਹਾਜ਼ਰੀ ਲਵਾਈ। ਸਵਰਨ ਸਿੰਘ ਚਾਹਲ, ਗੁਰਚਰਨ ਸਿੰਘ ਬਰਾੜ, ਦਵਿੰਦਰ ਬਚਰਾ ਨੇ ਕਵਿਤਾਵਾਂ ਸਾਂਝੀਆਂ ਕੀਤੀਆਂ। ਜਗਜੀਤ ਸਿੰਘ ਸੇਖੋਂ ਨੇ ਗ਼ਜ਼ਲ ਤੇ ਕਵਿਤਾ ਪੇਸ਼ ਕੀਤੀ, ਜਦਕਿ ਬੀਬਾ ਕੰਵਰਦੀਪ ਨੇ ਦੇਸ਼-ਭਗਤੀ ਦਾ ਗੀਤ ਸੁਣਾ ਕੇ ਦੇਸ਼ ਪ੍ਰੇਮ ਦਾ ਜਜ਼ਬਾ ਪੈਦਾ ਕੀਤਾ। ਗੀਤਕਾਰ ਗੁਰਮੀਤ ਸਿੰਘ ਕਾਲਕਟ ਨੇ 'ਸੱਸਾਂ ਵੱਲੋਂ ਨੂੰਹਾਂ ਦੇ ਦੁੱਖੜੇ' ਗੀਤ ਰਾਹੀਂ ਮਨੋਰੰਜਨ ਦੇ ਨਾਲ-ਨਾਲ ਸਮਾਜਿਕ ਪੱਖ ਵੀ ਪੇਸ਼ ਕੀਤਾ।
ਨਾਮਵਰ ਸ਼ਾਇਰ ਇੰਦਰਜੀਤ ਧਾਮੀ ਨੇ ਜ਼ਿੰਦਗੀ ਦੇ ਫ਼ਲਸਫ਼ੇ ਬਾਰੇ ਆਪਣੇ ਵਿਚਾਰ ਅਤੇ ਕਵਿਤਾ ਪੇਸ਼ ਕੀਤੀ। ਉਸਤਾਦ ਸ਼ਾਇਰ ਗੁਰਦਰਸ਼ਨ ਸਿੰਘ ਬਾਦਲ ਅਤੇ ਦੇਵਿੰਦਰ ਕੌਰ ਜੌਹਲ ਨੇ ਆਪਣੀਆਂ ਰਚਨਾਵਾਂ ਨਾਲ ਕਵੀ ਦਰਬਾਰ ਵਿੱਚ ਗੰਭੀਰਤਾ ਭਰੀ। ਪੱਤਰਕਾਰ ਕੁਲਵੰਤ ਸਰੋਤਾ ਨੇ ਆਪਣੀ ਕਵਿਤਾ ਅਤੇ ਜਗਸੀਰ ਜੀਦਾ ਦੇ ਲਿਖੇ ਮਾਡਰਨ ਟੱਪੇ ਪੇਸ਼ ਕੀਤੇ ਅਤੇ ਪਵਿੱਤਰ ਕੌਰ ਬਰਾੜ ਨੇ ਆਲਮ ਲੁਹਾਰ ਦਾ ਮਸ਼ਹੂਰ ਗੀਤ 'ਵਾਜਾਂ ਮਾਰੀਆਂ' ਗਾ ਕੇ ਸਰੋਤਿਆਂ ਦੀ ਭਰਪੂਰ ਦਾਦ ਖੱਟੀ। ਇਸ ਤੋਂ ਇਲਾਵਾ ਵੀਤ ਬਾਦਸ਼ਾਹਪੁਰੀ ਅਤੇ ਸੁਖਪ੍ਰੀਤ ਦੌਲਤ ਨੇ ਵੀ ਆਪਣੀਆਂ ਕਵਿਤਾਵਾਂ ਰਾਹੀਂ ਰੰਗ ਬੰਨ੍ਹਿਆਂ। ਵਿਸ਼ੇਸ਼ ਮਹਿਮਾਨ ਹਰਦਮ ਸਿੰਘ ਮਾਨ ਨੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਅਜਿਹੇ ਸਮਾਗਮਾਂ ਨੂੰ ਮਾਂ-ਬੋਲੀ ਪੰਜਾਬੀ ਲਈ ਜ਼ਰੂਰੀ ਦੱਸਿਆ ਅਤੇ ਆਪਣੀ ਇੱਕ ਮਕਬੂਲ ਗ਼ਜ਼ਲ ਵੀ ਸਰੋਤਿਆਂ ਦੇ ਰੂਬਰੂ ਕੀਤੀ। ਮੰਚ ਸੰਚਾਲਕ ਮਨਜੀਤ ਸਿੰਘ ਮੱਲਾ ਨੇ ਵੀ ਹਰਦਮ ਸਿੰਘ ਮਾਨ ਦੀ ਇੱਕ ਗ਼ਜ਼ਲ ਸੁਣਾ ਕੇ ਉਨ੍ਹਾਂ ਨੂੰ ਸਤਿਕਾਰ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਰਾਜਿੰਦਰ ਸਿੰਘ ਮੁਕਤਸਰ, ਨਛੱਤਰ ਸਿੰਘ ਅਬੋਹਰ ਅਤੇ ਜਗਜੀਤ ਸਿੰਘ ਧਾਲੀਵਾਲ ਮਾਛੀਕੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਅਖ਼ੀਰ ਵਿੱਚ ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਸਮੂਹ ਸ਼ਾਇਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਸਮਾਗਮ ਦੀ ਸਫ਼ਲਤਾ 'ਤੇ ਖ਼ੁਸ਼ੀ ਪ੍ਰਗਟਾਈ।
Click to Follow Babushahi Facebook page →