ਅਧਿਆਪਕਾਂ ਨੇ ਟੈਟ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਅਸ਼ੋਕ ਵਰਮਾ
ਬਠਿੰਡਾ , 8 ਅਪ੍ਰੈਲ 2026 : ਲੰਬੇ ਸਮੇਂ ਤੋਂ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਉੱਪਰ ਜਬਰੀ ਟੈੱਟ ਦੀ ਸ਼ਰਤ ਦੇ ਖਿਲਾਫ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸੁਪਰੀਮ ਕੋਰਟ ਵਿੱਚ ਰਿਵਿਊ ਪਟੀਸ਼ਨ ਪਾਉਣ ਅਤੇ ਵਿਧਾਨ ਸਭਾ ਵਿੱਚ ਇਸ ਦੇ ਖਿਲਾਫ ਮਤਾ ਨਾ ਲੈ ਕੇ ਆਉਣ ਦੇ ਖਿਲਾਫ ਬਠਿੰਡਾ ਵਿਖੇ ਸੰਘਰਸ਼ ਕਰ ਰਹੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜਾਹਰਾ ਕੀਤਾ ਗਿਆ। ਡੈਮੋਕਰੇਟਿਕ ਟੀਚਰ ਫਰੰਟ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ,ਡੀਟੀਐਫ ( ਵਿਕਰਮਦੇਵ)ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ , ਜੀਟੀਯੂ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ,ਬੀਐਡ ਅਧਿਆਪਕ ਫਰੰਟ ਬਠਿੰਡਾ ਦੇ ਆਗੂ ਰਾਜਵੀਰ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀਈਟੀ ਦੀ ਜਬਰੀ ਥੋਪੀ ਗਈ ਸ਼ਰਤ ਖਿਲਾਫ ਸੰਘਰਸ਼ ਦੇ ਦਬਾਅ ਸਦਕਾ ਸਿੱਖਿਆ ਮੰਤਰੀ
ਨੇ ਰਿਵਿਊ ਪਟੀਸ਼ਨ ਪਾਉਣ ਅਤੇ ਟੈਟ ਖਿਲਾਫ ਵਿਧਾਨ ਸਭਾ ਵਿੱਚ ਮਤਾ ਲਿਆਉਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਨੇ ਦੋਵਾਂ ਨੁਕਤਿਆਂ ਤੇ ਅਮਲ ਨਹੀਂ ਕੀਤਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਲ ਅਧਿਆਪਕਾਂ ਨੂੰ ਜਬਰੀ ਟੈੱਟ ਦਾ ਪੇਪਰ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਿਸ ਤੋਂ ਸਾਫ ਹੁੰਦਾ ਹੈ ਕਿ ਸਰਕਾਰ ਕੇਂਦਰ ਸਰਕਾਰ ਦੀਆਂ ਸਿੱਖਿਆ ਅਤੇ ਰੁਜ਼ਗਾਰ ਮਾਰੂ ਨੀਤੀਆਂ ਦੀ ਪਾਲਣਾ ਕਰਦੀ ਹੋਈ ਅਧਿਆਪਕਾਂ ਦੀ ਜਬਰੀ ਰਿਟਾਇਰਮੈਂਟ, ਪੋਸਟਾਂ ਦੀ ਛਾਂਗਾ ਛੰਗਾਈ, ਮਹਿਕਮੇ ਨੂੰ ਪ੍ਰਾਈਵੇਟ ਅਦਾਰਿਆਂ ਕੋਲ ਵੇਚਣ, ਨਵੀਂ ਸਿੱਖਿਆ ਨੀਤੀ 2020 ਨੂੰ ਜਬਰੀ ਥੋਪਣ ਜਿਹੇ ਫੈਸਲੇ ਲਿਆਉਣ ਲਈ ਤਿਆਰ ਹੋਈ ਪਈ ਹੈ। ਸਰਕਾਰ ਦਾ ਰਵਈਆ ਅਧਿਆਪਕਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਦੇ ਹੋਏ ਕਾਰਪੋਰੇਟਾਂ ਦੇ ਪੱਖ ਵਿੱਚ ਭੁਗਤਣ ਵਾਲਾ ਹੈ। ਸਕੂਲਾਂ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਟੀਈਟੀ ਵਰਗੀ ਸ਼ਰਤ ਮੜ ਕੇ ਪ੍ਰਮੋਸ਼ਨਾਂ ਰੋਕੀਆਂ ਹੋਈਆਂ ਹਨ।
ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਦੀਆਂ ਪੁਰਾਣੀ ਪੈਨਸ਼ਨ ਬਹਾਲ ਕਰਨ ,ਡੀਏ ਦੀਆਂ ਕਿਸ਼ਤਾਂ ਜਾਰੀ ਕਰਨ ,ਕੇਂਦਰੀ ਪੇਅ ਸਕੇਲ਼ ਰੱਦ ਕਰਨ ,ਏਸੀਪੀ ਸਕੀਮ ਲਾਗੂ ਕਰਨ ਅਤੇ ਪੇਂਡੂ ਭੱਤੇ ਸਮੇਤ ਬੰਦ ਕੀਤੇ ਸਾਰੇ ਭੱਤਿਆਂ ਨੂੰ ਲਾਗੂ ਕਰਨ ਜਿਹੀਆਂ ਮੰਗਾਂ ਤੋਂ ਕਿਨਾਰਾ ਕੀਤਾ ਹੋਇਆ। ਆਗੂਆਂ ਨੇ ਕਿਹਾ ਕਿ ਚੋਣਾਂ ਦੇ ਇਸ ਵਰ੍ਹੇ ਜੇਕਰ ਸਰਕਾਰ ਨੇ ਅਧਿਆਪਕਾਂ ਉੱਪਰ ਜਬਰੀ ਟੈਟ ਦੀ ਸ਼ਰਤ ਮੜ ਕੇ ਕਿਸੇ ਅਧਿਆਪਕ ਦੀ ਨੌਕਰੀ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਖਿਲਾਫ ਅਗਲੇ ਦਿਨੀ ਤਿੱਖੇ ਸੰਘਰਸ਼ ਕੀਤੇ ਜਾਣਗੇ । ਟੀ ਈ ਟੀ ਦੀ ਸ਼ਰਤ ਦੇ ਖਿਲਾਫ 11 ਅਪ੍ਰੈਲ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਵੱਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜਿਸ ਵਿੱਚ ਜਿਲ੍ਹੇ ਵੱਲੋਂ ਵੱਡੀ ਗਿਣਤੀ ਅਧਿਆਪਕ ਸ਼ਾਮਿਲ ਹੋਣਗੇ ਅਤੇ ਸਰਕਾਰ ਦਾ ਪਿੱਟ ਸਿਆਪਾ ਕਰਨਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜਿਲਾ ਸਕੱਤਰ ਜਸਵਿੰਦਰ ਸਿੰਘ, ਬੀ ਐੱਡ ਫ਼ਰੰਟ ਤੋਂ ਕਰਮਜੀਤ ਸਿੰਘ ਜਲਾਲ,ਕੁਲਵਿੰਦਰ ਸਿੰਘ ਵਿਰਕ,ਸੂਬਾ ਸਕੱਤਰ ਰੇਸ਼ਮ ਸਿੰਘ ਖੇਮੋਆਣਾ ਆਦਿ ਨੇ ਵੀ ਸੰਬੋਧਨ ਕੀਤਾ।
Click to Follow Babushahi Facebook page →