ਅਖਾੜੇ ਨਹਿਰ ਵਾਲੇ ਪਿੱਪਲ ਨੂੰ ਬਚਾਉਣ ਲਈ ਉਪਰਾਲੇ ਤੇਜ਼
ਦੀਪਕ ਜੈਨ
ਜਗਰਾਓਂ , 13 ਜਨਵਰੀ 2026 :
ਅੱਜ ਲੋਹੜੀ ਦੇ ਤਿਉਹਾਰ ਵਾਲੇ ਦਿਨ ਵੀ ਗਰੀਨ ਪੰਜਾਬ ਮਿਸ਼ਨ ਦੀ ਟੀਮ ਰੁੱਖਾਂ ਦੀ ਸੰਭਾਲ ਅਤੇ ਉਨ੍ਹਾਂ ਨੂੰ ਬਚਾਉਣ ਲਈ ਸਰਗਰਮ ਨਜ਼ਰ ਆਈ। ਸਥਾਨਕ ਅਖਾੜਾ ਨਹਿਰ ਉੱਪਰ ਪੁੱਲ ਬਣਨ ਤੋਂ ਬਾਅਦ ਉਥੇ ਮੌਜੂਦ ਇਕ ਪੁਰਾਣੇ ਤੇ ਵਿਸ਼ਾਲ ਪਿੱਪਲ ਦੇ ਦਰੱਖਤ ਨੂੰ ਬਚਾਉਣ ਲਈ ਟੀਮ ਵੱਲੋਂ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਗਿਆ।
ਇਹ ਪਿੱਪਲ ਦਾ ਦਰੱਖਤ ਪੁੱਲ ਤੋਂ ਲਗਭਗ 40 ਕਰਮਾਂ ਦੀ ਦੂਰੀ ’ਤੇ ਹੈ ਅਤੇ ਟਰੈਫਿਕ ਵੀ ਇਸ ਤੋਂ ਕਰੀਬ 22 ਕਰਮਾਂ ਦੂਰ ਘੁੰਮਦੀ ਹੈ। ਇਸ ਦੇ ਬਾਵਜੂਦ ਕੁਝ ਖ਼ਤਰੇ ਦੀ ਸੰਭਾਵਨਾ ਦੱਸਦੇ ਹੋਏ ਦਰੱਖਤ ਨੂੰ ਕੱਟਣ ਦੀ ਗੱਲ ਚੱਲ ਰਹੀ ਸੀ, ਜਿਸਨੂੰ ਰੋਕਣ ਲਈ ਅੱਜ ਗਰੀਨ ਪੰਜਾਬ ਮਿਸ਼ਨ ਦੀ ਟੀਮ ਐਸ.ਡੀ.ਐਮ. ਜਗਰਾਓਂ ਨੂੰ ਮਿਲਣ ਪਹੁੰਚੀ। ਐਸ.ਡੀ.ਐਮ. ਦੇ ਉਪਲਬਧ ਨਾ ਹੋਣ ਕਾਰਨ ਟੀਮ ਨੇ ਸੁਪਰਡੈਂਟ ਸਰਬਜੀਤ ਸਿੰਘ ਨਾਲ ਮੁਲਾਕਾਤ ਕੀਤੀ।
ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਪਿੱਪਲ ਦਾ ਦਰੱਖਤ ਕਾਫੀ ਦੂਰ ਸਥਿਤ ਹੈ ਅਤੇ ਇਸ ਨਾਲ ਕਿਸੇ ਵੀ ਤਰ੍ਹਾਂ ਦਾ ਟਰੈਫਿਕ ਖ਼ਤਰਾ ਨਹੀਂ ਬਣਦਾ। ਫਿਰ ਵੀ ਜੇ ਪ੍ਰਸ਼ਾਸਨ ਨੂੰ ਕੋਈ ਚਿੰਤਾ ਹੈ ਤਾਂ ਗਰੀਨ ਪੰਜਾਬ ਮਿਸ਼ਨ ਦੀ ਟੀਮ ਪਿੱਪਲ ਦੇ ਚਾਰੋਂ ਪਾਸੇ ਬਾਊਂਡਰੀ ਬਣਾਉਣ ਅਤੇ ਰਿਫਲੈਕਟਰ ਲਗਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਟੀਮ ਨੇ ਸਿਰਫ਼ ਪ੍ਰਸ਼ਾਸਨ ਤੋਂ ਮਨਜ਼ੂਰੀ ਦੀ ਮੰਗ ਕੀਤੀ ਅਤੇ ਹਰ ਕੀਮਤ ’ਤੇ ਇਸ ਪੁਰਾਤਨ ਪਿੱਪਲ ਦੇ ਦਰੱਖਤ ਨੂੰ ਬਚਾਉਣ ਦੀ ਅਪੀਲ ਕੀਤੀ।
ਇਸ ਮੌਕੇ ਮੇਜਰ ਸਿੰਘ ਛੀਨਾ, ਹਰਨਰਾਇਣ ਸਿੰਘ ਮੱਲੇਆਣਾ, ਸਤਪਾਲ ਸਿੰਘ ਦੇਹੜਕਾ, ਗਗਨਦੀਪ ਸਿੰਘ ਗਰਚਾ, ਮੈਡਮ ਕੰਚਨ ਗੁਪਤਾ, ਰਣਜੀਤ ਕੌਰ ਰੀਹਲ, ਅਨੀਤਾ ਜੁਨੇਜਾ, ਪਿੰਦਰ (ਜਗਰਾਓਂ) ਅਤੇ ਇਕਬਾਲ ਸਿੰਘ ਆਦਿ ਹਾਜ਼ਰ ਸਨ।