ਬਿਆਸ ਦਰਿਆ ਕਿਨਾਰੇ ਦੇ ਇਲਾਕਿਆਂ ਵਿੱਚ ਭਾਰੀ ਮਾਤਰਾ ਵਿੱਚ ਨਜਾਇਜ ਸ਼ਰਾਬ ਕੀਤੀ ਬਰਾਮਦ
ਜਮੀਨਾਂ ਪੁੱਟ ਪੁੱਟ ਕੇ ਕੱਢੀ ਧਰਤੀ ਵਿੱਚ ਦਬਾਈ ਗਈ ਨਜਾਇਜ਼ ਸ਼ਰਾਬ
ਰੋਹਿਤ ਗੁਪਤਾ
ਗੁਰਦਾਸਪੁਰ
ਆਬਕਾਰੀ ਵਿਭਾਗ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵੱਲੋਂ ਜਿਲਾ ਗੁਰਦਾਸਪੁਰ ਪੁਲਿਸ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਨਜਾਇਜ਼ ਸ਼ਰਾਬ ਬਣਾਉਣ ਲਈ ਬਦਨਾਮ ਬਿਆਸ ਦਰਿਆ ਦੇ ਕਿਨਾਰੇ ਦੇ ਇਲਾਕਿਆਂ ਵਿੱਚ ਵੱਡਾ ਸਰਚ ਆਪਰੇਸ਼ਨ ਚਲਾਇਆ ਗਿਆ। ਤਕਰੀਬਨ ਸਾਢੇ ਅੱਠ ਘੰਟੇ ਚਲੇ ਇਸ ਸਰਚ ਆਪਰੇਸ਼ਨ ਵਿੱਚ ਭਾਰੀ ਮਾਤਰਾ ਵਿੱਚ ਲਾਹਨ ਤੇ ਨਜਾਇਜ਼ ਦੇਸੀ ਸ਼ਰਾਬ ਦੇ ਨਾਲ ਨਾਲ ਨਾਜਾਇਜ਼ ਸ਼ਰਾਬ ਬਣਾਉਣ ਵਾਲਾ ਸਮਾਨ ਵੀ ਬਰਾਮਦ ਕੀਤਾ ਗਿਆ ਹੈ ਅਤੇ ਮੌਕੇ ਤੇ ਨਸ਼ਟ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਉਹ ਬਦਨਾਮ ਇਲਾਕਾ ਹੈ ਜਿੱਥੇ ਨਜਾਇਜ਼ ਸ਼ਰਾਬ ਦੇ ਕਾਰੋਬਾਰੀ ਸ਼ਰਾਬ ਬਣਾਉਂਦੇ ਹਨ ਅਤੇ ਬਣਾ ਕੇ ਦਰਿਆ ਦੇ ਕੰਡੇ ਜਮੀਨਾਂ ਖੋਦ ਕੇ ਦੱਬ ਦਿੰਦੇ ਹਨ ਜਾਂ ਫਿਰ ਦਰਿਆ ਵਿੱਚ ਲੁਕਾ ਦਿੰਦੇ ਹਨ। ਆਬਕਾਰੀ ਵਿਭਾਗ ਵੱਲੋਂ ਜਮੀਨਾਂ ਖੋਦ ਖੋਦ ਕੇ ਅਤੇ ਦਰਿਆ ਵਿੱਚ ਵੜ ਕੇ ਇਹ ਸ਼ਰਾਬ ਕੱਢੀ ਗਈ।
ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਦੀਪਕ ਨੇ ਦੱਸਿਆ ਕਿ ਸਰਚ ਆਪਰੇਸ਼ਨ ਦੌਰਾਨ ਬਿਆਸ ਦਰਿਆ ਦੇ ਕਿਨਾਰਿਆਂ ਤੇ ਸਥਿਤ ਵੱਖ-ਵੱਖ ਪਿੰਡਾਂ ਸਰਕਲ ਗੁਰਦਾਸਪੁਰ ਦੇ ਪਿੰਡ ਮੌਜਪੁਰ, ਆਲਮਾ, ਨੂਨਾ ਬਰਕਤ, ਨਵੀਂ ਬਘੜੀਆ, ਪੁਰਾਣੀ ਬਘੜੀਆ, ਰਾਜਪੁਰ, ਭੈਣੀ ਪਾਸਵਾਲ, ਭੈਣੀ ਮਿਲਵਾਂ, ਭੈਣੀ ਮੀਆਂ ਖਾਨ ਦੇ ਮੰਡ ਖੇਤਰਾਂ ਵਿੱਚ ਇੱਕ ਵਿਸ਼ੇਸ ਸਾਂਝਾ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਸ ਤਲਾਸ਼ੀ ਮੁਹਿੰਮ ਦੌਰਾਨ ਜੋ ਸਾਢੇ ਅੱਠ ਘੰਟੇ ਚੱਲੀ ਦੌਰਾਨ ਬਿਆਸ ਦਰਿਆ ਦੇ ਨਾਲ ਲੱਗਦੇ ਮੰਡ ਖੇਤਰ ਦੇ ਪੂਰੇ ਹਿੱਸੇ ਦੀ ਤਲਾਸ਼ੀ ਲਈ ਗਈ, ਜਿੱਥੇ 2 ਲੋਹੇ ਦੇ ਡਰੰਮ, 4 ਐਲਮੀਨੀਅਮ ਦੇ ਬਾਇਲਰ (ਪਤੀਲੇ) 12 ਟੀਨ ਅਤੇ 31 ਤਰਪਾਲਾਂ, ਜਿਨ੍ਹਾਂ ਵਿੱਚੋਂ ਹਰੇਕ ਵਿੱਚ 500 ਕਿਲੋ (ਲਗਭਗ 16280 ਕਿਲੋ ਲਾਹਣ) ਅਤੇ 12 ਪਲਾਸਟਿਕ ਦੀਆਂ ਕੈਨੀਆਂ, 2 ਪਲਾਸਟਿਕ ਪਾਊਚ ਅਤੇ 9 ਪਲਾਸਟਿਕ ਦੀਆਂ ਬੋਤਲਾਂ (ਪੈਪਸੀ ਦੋ ਲੀਟਰ) ਜਿਨ੍ਹਾਂ ਵਿੱਚ 198 ਲੀਟਰ ਨਾਜਾਇਜ਼ ਸ਼ਰਾਬ ਸੀ, ਬਰਾਮਦ ਕੀਤੀਆਂ ਗਈਆਂ। ਇਸ ਨਜਾਇਜ਼ ਸ਼ਰਾਬ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਹੈ। ਫਿਲਹਾਲ ਮਾਮਲੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਪਰ ਥਾਣਾ ਭੈਣੀ ਮੀਆਂ ਖਾਂ ਵਿਖੇ ਵੱਖ-ਵੱਖ ਮਾਮਲੇ ਦਰਜ ਕਰਵਾਏ ਗਏ ਹਨ।
Click to Follow Babushahi Facebook page →