ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਵਿਜੀਲੈਂਸ ਜਾਗਰੂਕਤਾ ਸਮਾਗਮ ਅਤੇ ਨੁੱਕੜ ਨਾਟਕ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 30 ਅਕਤੂਬਰ 2024: ਪੰਜਾਬ ਕੇਂਦਰੀ ਯੂਨੀਵਰਸਿਟੀ ਵੱਲੋਂ ਚੌਕਸੀ ਜਾਗਰੂਕਤਾ ਅਭਿਆਨ 2024 ਤਹਿਤ, ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਸਰਪ੍ਰਸਤੀ ਹੇਠ ਸਮਾਜ ਵਿੱਚ ਰਾਸ਼ਟਰ ਦੀ ਖੁਸ਼ਹਾਲੀ ਲਈ ਸਚਿਆਰ-ਸਭਿਆਚਾਰ ਦੀ ਭਾਵਨਾ ਨੂੰ ਵਧਾਉਣ ਲਈ ਦਿਆਨਤਦਾਰੀ ਸਹੁੰ ਚੁੱਕ ਸਮਾਗਮ ਅਤੇ ਨੁੱਕੜ ਨਾਟਕ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਤੋਂ ਸਬ ਇੰਸਪੈਕਟਰ ਗੁਰਚਰਨ ਸਿੰਘ, ਯੂਨੀਵਰਸਿਟੀ ਕਾਲਜ, ਘੁੱਦਾ ਦੇ ਪ੍ਰਿੰਸੀਪਲ ਪ੍ਰੋ. ਕਮਲਜੀਤ ਸਿੰਘ, ਪਿੰਡ ਘੁੱਦਾ ਦੇ ਸਰਪੰਚ ਸ਼੍ਰੀ ਹਰਪਾਲ ਸਿੰਘ ਪਾਲੀ ਅਤੇ ਘੁੱਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਕਰਮਜੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯੂਨੀਵਰਸਿਟੀ ਦੇ ਚੀਫ ਵਿਜੀਲੈਂਸ ਅਧਿਕਾਰੀ ਪ੍ਰੋ. ਅੰਜਨਾ ਮੁਨਸ਼ੀ ਨੇ ਭਾਗੀਦਾਰਾਂ ਦਾ ਸਵਾਗਤ ਕਰਦੇ ਹੋਏ ਇਹ ਗੱਲ ਤੇ ਜ਼ੋਰ ਦਿੱਤਾ ਕਿ ਦੇਸ਼ ਦੀ ਆਰਥਿਕ, ਰਾਜਨੀਤਕ ਅਤੇ ਸਮਾਜਿਕ ਤਰੱਕੀ ਲਈ ਭ੍ਰਿਸ਼ਟਾਚਾਰ ਨੂੰ ਮਿਟਾਉਣਾ ਬਹੁਤ ਜਰੂਰੀ ਹੈ ਅਤੇ ਭ੍ਰਿਸ਼ਟਾਚਾਰ ਵਰਗੀ ਬਿਮਾਰੀ ਨੂੰ ਖਤਮ ਕਰਨ ਲਈ ਸਾਰੀਆਂ ਸੰਬੰਧਿਤ ਧਿਰਾਂ ਨੂੰ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ।ਪ੍ਰੋਗਰਾਮ ਦੌਰਾਨ ਯੂਨੀਵਰਸਿਟੀ ਦੇ ਪ੍ਰਫਾਰਮਿੰਗ ਅਤੇ ਫਾਈਨ ਆਰਟ ਵਿਭਾਗ ਦੇ ਅਧਿਆਪਕਾਂ ਡਾ. ਅਦੀਸ਼ ਵਰਮਾ ਅਤੇ ਡਾ. ਕੁਲੀਨ ਜੋਸ਼ੀ ਦੇ ਨਿਰਦੇਸ਼ਨ ਹੇਠ ਇਕ ਨੁੱਕੜ ਨਾਟਕ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਭ੍ਰਿਸ਼ਟਾਚਾਰ ਮਿਟਾਉਣ ਅਤੇ ਰਾਸ਼ਟਰ ਦੀ ਖੁਸ਼ਹਾਲੀ ਲਈ ਸਚਿਆਰ-ਸਭਿਆਚਾਰ ਦੀ ਭਾਵਨਾ ਨੂੰ ਵਧਾਉਣ ਦਾ ਸੰਦੇਸ਼ ਦਿੱਤਾ।
ਇਸ ਪ੍ਰੋਗ੍ਰਾਮ ਵਿੱਚ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ, ਬਠਿੰਡਾ ਤੋਂ ਸਬ ਇੰਸਪੈਕਟਰ ਗੁਰਚਰਨ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਸਾਰਿਆਂ ਨੂੰ ਆਪਣੇ ਕੰਮ-ਕਾਰ ਦੇ ਸਥਾਨਾਂ ’ਤੇ ਚੌਕਸੀ ਅਪਣਾਉਣ ਅਤੇ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਮਾਮਲਿਆਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ 1800-1800-1000 'ਤੇ ਦਰਜ ਕਰਨ ਦੀ ਅਪੀਲ ਕੀਤੀ।ਇਸ ਮੌਕੇ 'ਤੇ ਰਜਿਸਟਰਾਰ ਡਾ. ਵਿਜੇ ਸ਼ਰਮਾ ਨੇ ਭਾਗੀਦਾਰਾਂ ਨੂੰ ਦਿਆਨਤਦਾਰੀ ਦੀ ਸਹੁੰ ਚੁਕਾਈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਸੱਚਾਈ ਨਾਲ ਕੰਮ ਕਰਨ ਦਾ ਸੰਦੇਸ਼ ਦਿੱਤਾ ਅਤੇ ਸੱਚੀ ਕਮਾਈ ਕਰਨ ਵਾਲੇ ਮਿਹਨਤੀ ਭਾਈ ਲਾਲੋ ਦੀ ਸੁੱਕੀ ਰੋਟੀ ਨੂੰ ਸਵੀਕਾਰ ਕਰਦੇ ਹੋਏ ਮਲਿਕ ਭਾਗੋ ਦੀ ਭ੍ਰਿਸ਼ਟਾਚਾਰ ਦੀ ਕਮਾਈ ਨਾਲ ਬਣੇ ਪਕਵਾਨਾਂ ਨੂੰ ਅਸਵੀਕਾਰ ਕਰ ਦਿੱਤਾ। ਇਸ ਲਈ ਸਾਰਿਆਂ ਨੂੰ ਸੱਚਾਈ ਅਤੇ ਇਮਾਨਦਾਰੀ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਹੋਵੇਗਾ।