Diwali Gift: ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਅਨੋਖਾ ਦੀਵਾਲੀ ਗਿਫ਼ਟ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 29 ਅਕਤੂਬਰ 2024- ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਤੇ ਭਾਸ਼ਾ, ਸਕੂਲ ਸਿੱਖਿਆ, ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਵੱਲੋਂ ਦੋਸਤਾਂ, ਮਿੱਤਰਾਂ ਅਤੇ ਖ਼ਾਸਕਰ ਪੱਤਰਕਾਰਾਂ ਨੂੰ ਅਨੋਖਾ ਦੀਵਾਲੀ ਗਿਫ਼ਟ ਦਿੱਤਾ ਗਿਆ ਹੈ। ਉਨ੍ਹਾਂ ਦੇ ਵੱਲੋਂ ਪੰਜਾਬ ਦੀਆਂ ਲੋਕ ਕਹਾਣੀਆਂ ਦੀ ਇੱਕ ਸੋਹਣੀ ਕਿਤਾਬ, ਜਿਸ ਨੂੰ ਕਿ ਭਾਸ਼ਾ ਵਿਭਾਗ ਪੰਜਾਬ ਦੇ ਵੱਲੋਂ ਛਾਪਿਆ ਗਿਆ ਹੈ, ਦਿੱਤੀ ਗਈ। ਕਰੀਬ 834 ਪੰਨਿਆਂ ਦੀ ਇਸ ਕਿਤਾਬ ਵਿੱਚ ਕਰੀਬ ਪੌਣੇ 300 ਪੰਜਾਬ ਦੀਆਂ ਲੋਕ ਕਹਾਣੀਆਂ ਹਨ।
ਦਰਅਸਲ ਇਸ ਕਿਤਾਬ (ਪੰਜਾਬ ਦੀਆਂ ਲੋਕ ਕਹਾਣੀਆਂ) ਦਾ ਸੰਪਾਦਨ ਗਿਆਨੀ ਗੁਰਦਿੱਤ ਸਿੰਘ ਹੁਰਾਂ ਦੇ ਵੱਲੋਂ ਕੀਤਾ ਗਿਆ ਸੀ, ਜਿਨ੍ਹਾਂ ਦੇ ਵੱਲੋਂ ਪਹਿਲੀ ਵਾਰ ਇਸ ਕਿਤਾਬ ਨੂੰ ਸਾਲ 1971 ਵਿੱਚ ਛਾਪਿਆ ਗਿਆ ਸੀ। ਇਸ ਕਿਤਾਬ ਵਿੱਚ ਅਨੋਖੀ ਚੀਜ਼ ਇਹ ਹੈ ਕਿ ਅਜੋਕੇ ਸਮੇਂ ਵਿੱਚ ਜਿਹੜੀਆਂ ਗੱਲਾਂ ਸਮੇਂ ਦੇ ਨਾਲ ਅਲੋਪ ਹੋ ਗਈਆਂ ਹਨ, ਜਾਂ ਫਿਰ ਬੋਲਬਾਣੀ ਵਿੱਚ ਵੀ ਘੱਟ ਵਰਤੀਆਂ ਜਾਂਦੀਆਂ ਹਨ, ਨੂੰ ਇਸ ਕਿਤਾਬ ਵਿੱਚ ਸ਼ਾਮਲ ਕੀਤਾ ਗਿਆ ਹੈ। ਹਰਜੋਤ ਬੈਂਸ ਵੱਲੋਂ ਆਪਣੇ ਦੋਸਤਾਂ, ਮਿੱਤਰਾਂ ਅਤੇ ਖ਼ਾਸਕਰ ਪੱਤਰਕਾਰਾਂ ਨੂੰ ਦੀਵਾਲੀ ਤੋਹਫ਼ੇ ਵਜੋਂ ਦਿੱਤੀ ਗਈ ਕਿਤਾਬ ਦੀ ਪ੍ਰਸ਼ੰਸਾ ਹੋ ਰਹੀ ਹੈ।