ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਮੋਹਰੀ ਬਨਾਉਣ ਲਈ ਅਧਿਆਪਕਾਂ ਨੂੰ ਦਿੱਤੀ ਸਿਖਲਾਈ
ਅਸ਼ੋਕ ਵਰਮਾ
ਮਾਨਸਾ 30 ਅਕਤੂਬਰ 2024: ਪੰਜਾਬ ਸਰਕਾਰ ਵੱਲ੍ਹੋਂ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚਲੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਨਾਲ ਸੰਬੰਧਿਤ ਨਵੀਆਂ ਤਕਨੀਕਾਂ ਵਿੱਚ ਹੋਰ ਮੁਹਾਰਤ ਹਾਸਲ ਕਰਵਾਉਣ ਲਈ ਮਾਨਸਾ ਜ਼ਿਲ੍ਹੇ ਦੇ 25 ਅਧਿਆਪਕਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਕਿ ਹਰ ਵਿਦਿਆਰਥੀ ਅਕਾਦਮਿਕ ਅਤੇ ਭਾਸ਼ਾਈ ਤੌਰ 'ਤੇ ਨਿਪੁੰਨ ਹੋ ਕੇ ਆਪਣਾ ਸੁਨਹਿਰੀ ਭਵਿੱਖ ਸਿਰਜ ਸਕੇ।
ਸਰਕਾਰੀ ਸੈਕੰਡਰੀ ਗਰਲਜ਼ ਸਕੂਲ ਮਾਨਸਾ ਵਿਖੇ ਚੱਲ ਰਹੀ ਤਿੰਨ ਰੋਜ਼ਾ ਟ੍ਰੇਨਿੰਗ ਦੌਰਾਨ ਸੰਬੋਧਨ ਕਰਦਿਆਂ ਐੱਸ.ਸੀ.ਈ.ਆਰ.ਟੀ. ਦੇ ਸਹਾਇਕ ਡਾਇਰੈਕਟਰ ਡਾ.ਬੂਟਾ ਸਿੰਘ ਸੇਖੋਂ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵੱਲ ਇਹ ਇਕ ਮਹੱਤਵਪੂਰਨ ਕਦਮ ਹੈ।
ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਦੌਰਾਨ ਇੰਗਲਿਸ਼ ਲੈਂਗੁਏਜ ਟੀਚਿੰਗ ਦੀ ਬੁਨਿਆਦ ਅਤੇ ਸਿੱਖਿਆਰਥੀਆਂ ਦੀਆਂ ਲੋੜਾਂ, ਹਦਾਇਤਾਂ ਨੂੰ ਅਨੁਕੂਲ ਬਣਾਉਣਾ ਅਤੇ ਵਿਭਿੰਨਤਾ ਦਾ ਪ੍ਰਬੰਧਨ ਕਰਨਾ, ਕਲਾਸਰੂਮ ਪ੍ਰਬੰਧਨ ਤਕਨੀਕਾਂ ਸਿੱਖਣ ਲਈ ਅਨੁਕੂਲ ਮਹੌਲ ਬਣਾਉਣ ਲਈ ਪ੍ਰਭਾਵਸ਼ਾਲੀ ਕਲਾਸਰੂਮ ਪ੍ਰਬੰਧ ਮਹੱਤਵਪੂਰਨ ਹੈ।
ਇਸ ਤੋਂ ਇਲਾਵਾ ਬੂਸਟ ਮੋਟੀਵੇਸ਼ਨ ਭਾਵ ਕਿ ਪ੍ਰੇਰਿਤ ਵਿਦਿਆਰਥੀ ਸਫ਼ਲ ਹੋਣ ਦੀ ਜ਼ਿਆਦਾ ਸੰਭਾਵਨਾ ਰੱਖਦੇ ਹਨ,ਇਹ ਮੋਡਿਊਲ ਵਿਦਿਆਰਥੀਆਂ ਦੀ ਪ੍ਰੇਰਨਾ ਨੂੰ ਵਧਾਉਣ ਲਈ ਰਣਨੀਤੀਆਂ 'ਤੇ ਕੇਂਦਰਿਤ ਕਰਦਾ ਹੈ।
ਅਧਿਆਪਕਾਂ ਨੂੰ ਟ੍ਰੇਨਿੰਗ ਦੇ ਰਹੇ ਅੰਗਰੇਜ਼ੀ ਮਾਸਟਰ ਤੇਜਿੰਦਰ ਸਿੰਘ, ਮੈਡਮ ਆਰਤੀ, ਮੈਡਮ ਮਨਪ੍ਰੀਤ ਕੌਰ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲ੍ਹੋਂ ਦਿੱਤੀ ਜਾ ਰਹੀ ਇਹ ਟ੍ਰੇਨਿੰਗ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਹੋਵੇਗੀ।
ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲ੍ਹੋਂ ਟ੍ਰੇਨਿੰਗ ਦੌਰਾਨ ਜਿੰਨਾਂ ਪੱਖੋਂ ਤੋਂ ਵਿਦਿਆਰਥੀਆਂ ਨੂੰ ਅੰਗਰੇਜ਼ੀ ਪ੍ਰਤੀ ਮੁਹਾਰਤ ਹਾਸਲ ਕਰਨ ਦੀਆਂ ਤਕਨੀਕਾਂ ਨੂੰ ਅਪਣਾਇਆ ਜਾ ਰਹੇ ਹੈ,ਉਹ ਵਿਦਿਆਰਥੀਆਂ ਲਈ ਸੁਖਾਲੀਆਂ ਤੇ ਪ੍ਰਭਾਵਸ਼ਾਲੀ ਸਾਬਤ ਹੋਣਗੀਆਂ।ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਭੁਪਿੰਦਰ ਕੌਰ, ਨੈਸ਼ਨਲ ਐਵਾਰਡੀ ਅਧਿਆਪਕ ਅਮਰਜੀਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਅਜਿਹੀਆਂ ਟ੍ਰੇਨਿੰਗਾਂ ਬੇਹੱਦ ਜ਼ਰੂਰੀ ਹਨ। ਉਨ੍ਹਾਂ ਅੰਗਰੇਜ਼ੀ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਹਾਸਲ ਕੀਤੀ ਟ੍ਰੇਨਿੰਗ ਮੁਤਾਬਕ ਵਿਦਿਆਰਥੀਆਂ ਨੂੰ ਲੋੜੀਂਦੀ ਸਾਰੀ ਜਾਣਕਾਰੀ ਦੇਣ ਤਾਂ ਕਿ ਵਿਭਾਗ ਵੱਲੋਂ ਮਿਥੇ ਟੀਚੇ ਦੀ ਪੂਰਤੀ ਹੋ ਸਕੇ।