Canada: ਸੈਨੇਟਰ ਬਲਤੇਜ ਸਿੰਘ ਢਿੱਲੋਂ ‘ਮਨੁੱਖੀ ਅਧਿਕਾਰਾਂ ਦੇ ਰਾਖੇ’ ਪੁਰਸਕਾਰ ਨਾਲ ਸਨਮਾਨਿਤ
ਰੈਡੀਕਲ ਦੇਸੀ ਵੱਲੋਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਸਮਰਪਿਤ ਯਾਦਗਾਰੀ ਕੈਲੰਡਰ ਜਾਰੀ
ਹਰਦਮ ਮਾਨ
ਸਰੀ, 19 ਅਕਤੂਬਰ 2025: ਮਨੁੱਖੀ ਅਧਿਕਾਰਾਂ ਤੇ ਲੋਕ ਹਿੱਤਾਂ ਲਈ ਸਮਰਪਿਤ ਮੈਗਜ਼ੀਨ ਰੈਡੀਕਲ ਦੇਸੀ ਵੱਲੋਂ ਸਰੀ ਦੇ ਜਰਨੈਲ ਆਰਟਸ ਸਟੂਡੀਓ ਵਿੱਚ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੈਨੇਟਰ ਬਲਤੇਜ ਸਿੰਘ ਢਿੱਲੋਂ ਨੂੰ ‘ਮਨੁੱਖੀ ਅਧਿਕਾਰਾਂ ਦੇ ਰਾਖੇ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਪਿਛਲੇ ਜੇਤੂ ਤੇ ਨਸਲਵਾਦ ਵਿਰੋਧੀ ਸਿੱਖਿਅਕ ਐਨੀ ਓਹਾਨਾ ਅਤੇ ਮੀਡੀਆ ਸ਼ਖ਼ਸੀਅਤ ਡਾ. ਗੁਰਵਿੰਦਰ ਸਿੰਘ ਧਾਲੀਵਾਲ ਵੱਲੋਂ ਪ੍ਰਦਾਨ ਕੀਤਾ ਗਿਆ।
ਇਹ ਜਾਣਕਾਰੀ ਦਿੰਦਿਆਂ ਡਾ. ਗੁਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਇਹ ਸਨਮਾਨ ਉਸ ਸਮੇਂ ਦਿੱਤਾ ਗਿਆ ਜਦੋਂ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਭਾਰਤ ਦੌਰੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰਾਜਨੀਤਿਕ ਗੱਲਬਾਤ ਕਰ ਰਹੀ ਸੀ ਅਤੇ ਸਰੀ ਵਿੱਚ ਬਲਤੇਜ ਸਿੰਘ ਢਿੱਲੋਂ ਨੂੰ ਕੈਨੇਡੀਅਨ ਧਰਤੀ ‘ਤੇ ਮਾਰੇ ਗਏ ਨਾਗਰਿਕ ਹਰਦੀਪ ਸਿੰਘ ਨਿੱਝਰ ਲਈ ਖੜ੍ਹੇ ਹੋਣ ਲਈ ਸਨਮਾਨਿਤ ਕੀਤਾ ਜਾ ਰਿਹਾ ਸੀ। ਰੈਡੀਕਲ ਦੇਸੀ ਨੇ ਸ. ਢਿੱਲੋਂ ਨੂੰ ਇਸ ਤੋਂ ਪਹਿਲਾਂ ਵੀ “ਸਾਲ 2025 ਦੀ ਸ਼ਖ਼ਸੀਅਤ” ਹੋਣ ਦਾ ਐਲਾਨ ਕੀਤਾ ਸੀ, ਜਦ ਉਨ੍ਹਾਂ ਨੇ ਨਰਿੰਦਰ ਮੋਦੀ ਦੇ ਸਵਾਗਤ ਕਰਨ ਸਬੰਧੀ ਸਰਕਾਰੀ ਫੈਸਲੇ ਦੀ ਨਿੰਦਾ ਕੀਤੀ ਸੀ।
ਸਮਾਗਮ ਦੀ ਸ਼ੁਰੂਆਤ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀ.ਐਨ. ਸਾਈ ਬਾਬਾ ਦੀ ਪਹਿਲੀ ਬਰਸੀ ਦੇ ਮੌਕੇ ਉਨ੍ਹਾਂ ਦੀ ਯਾਦ ਵਿੱਚ ਮੌਨ ਰੱਖ ਕੇ ਕੀਤੀ ਗਈ। ਸਾਈ ਬਾਬਾ, ਜੋ ਅਪਾਹਜ ਸਨ, ਨੂੰ ਗਰੀਬਾਂ ਅਤੇ ਹਾਸ਼ੀਏ ਦੇ ਲੋਕਾਂ ਦੇ ਹੱਕਾਂ ਦੀ ਰੱਖਿਆ ਕਰਨ ਕਾਰਨ ਭਾਰਤ ਵਿੱਚ ਝੂਠੇ ਦੋਸ਼ਾਂ ਹੇਠ ਕੈਦ ਕੀਤਾ ਗਿਆ ਸੀ। ਹਰਦੀਪ ਸਿੰਘ ਨਿੱਝਰ ਸਮੇਤ ਕਈ ਕੈਨੇਡੀਅਨਾਂ ਨੇ ਉਨ੍ਹਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕੀਤੀ ਸੀ।
ਸਮਾਗਮ ਦੇ ਆਖਰੀ ਹਿੱਸੇ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦੇ 30 ਸਾਲ ਪੂਰੇ ਹੋਣ ‘ਤੇ ਉਨ੍ਹਾਂ ਨੂੰ ਸਮਰਪਿਤ 2026 ਕੈਲੰਡਰ ਜਾਰੀ ਕੀਤਾ ਗਿਆ। ਕੈਲੰਡਰ ‘ਤੇ ਸਵਰਗੀ ਚਿਤਰਕਾਰ ਜਰਨੈਲ ਸਿੰਘ ਦੀ ਬਣਾਈ ਖਾਲੜਾ ਦੀ ਪੇਂਟਿੰਗ ਸ਼ਾਮਲ ਹੈ। ਉਨ੍ਹਾਂ ਦੀ ਪਤਨੀ ਬਲਜੀਤ ਕੌਰ ਅਤੇ ਧੀ ਨੀਤੀ ਸਿੰਘ ਨੇ ਕੈਲੰਡਰ ਜਾਰੀ ਕਰਨ ਦੀ ਰਸਮ ਵਿੱਚ ਹਿੱਸਾ ਲਿਆ। ਇਹ ਸਮਾਗਮ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਤੌਰ ‘ਤੇ ਉਨ੍ਹਾਂ ਦੇ ਹੀ ਸਟੂਡੀਓ ‘ਜਰਨੈਲ ਆਰਟਸ’ ਵਿੱਚ ਕੀਤਾ ਗਿਆ।
ਇਸ ਮੌਕੇ ‘ਤੇ ਬੀ.ਸੀ. ਦੀ ਸਾਬਕਾ ਸਿੱਖਿਆ ਮੰਤਰੀ ਰਚਨਾ ਸਿੰਘ, ਪਾਕਿਸਤਾਨੀ ਕੈਨੇਡੀਅਨ ਨੇਤਾ ਸੈਫ਼ ਪੰਨੂ, ਮਹਿਕ ਪੰਜਾਬ ਟੀਵੀ ਦੇ ਡਾਇਰੈਕਟਰ ਕਮਲਜੀਤ ਸਿੰਘ ਥਿੰਦ, ਗੁਰਪ੍ਰੀਤ ਸਿੰਘ, ਪੁਰਸ਼ੋਤਮ ਦੁਸਾਂਝ, ਕਵੀ ਅੰਮ੍ਰਿਤ ਦੀਵਾਨਾ, ਕਹਾਣੀਕਾਰ ਹਰਪ੍ਰੀਤ ਸੇਖਾ ਅਤੇ ਕੁਲਵਿੰਦਰ ਸਿੰਘ ਢਿੱਲੋਂ ਸਮੇਤ ਕਈ ਪ੍ਰਸਿੱਧ ਸ਼ਖਸੀਅਤਾਂ ਹਾਜ਼ਰ ਸਨ।