ਪੰਜਾਬ ਦੇ ਰਾਜਪਾਲ ਦੇ ਸੰਭਾਵਿਤ ਦੌਰੇ ਦੇ ਮੱਦੇਨਜ਼ਰ ਕੂੜੇ ਦੇ ਡੰਪ ਨੂੰ ਹਟਾਉਣ ਦੀ ਕੀਤੀ ਮੰਗ
ਪਰਮੋਦ ਭਾਰਤੀ
ਨਵਾਂਸ਼ਹਿਰ, 22 ਜੂਨ 2026
ਮੁਕਤੀਨਾਥ ਮਹਾਦੇਵ ਮੰਦਰ ਅਤੇ ਗੋਕੁਲਧਾਮ ਗਊਸ਼ਾਲਾ, ਪੰਡੋਰਾ ਮੁਹੱਲਾ ਦੇ ਇੱਕ ਵਫ਼ਦ ਨੇ ਅੱਜ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨਾਲ ਮੁਲਾਕਾਤ ਕਰਕੇ ਮੰਦਰ ਨਾਲ ਲੱਗਦੀ ਜ਼ਮੀਨ ਉੱਤੇ ਪਏ ਕੂੜੇ ਦੇ ਡੰਪ ਨੂੰ ਸਾਫ਼ ਕਰਵਾਉਣ ਦੀ ਮੰਗ ਕੀਤੀ।
ਵਫ਼ਦ ਵਿੱਚ ਵਿਵੇਕ ਮਾਰਕੰਡਾ, ਰਾਜ ਕੁਮਾਰ ਸੋਂਧੀ, ਵਿਜੈ ਅੱਬੀ, ਪਰਮੋਦ ਭਾਰਤੀ, ਮਨੋਜ ਲਾਡੀ, ਮੁਕੇਸ਼ ਬਿੱਟੂ, ਵਰਿੰਦਰ ਚੋਪੜਾ (ਐਮ.ਸੀ.ਅਤੇ ਮਾਸਟਰ ਦਵਿੰਦਰ (ਐਮ.ਸੀ.) ਸ਼ਾਮਲ ਸਨ। ਉਨ੍ਹਾਂ ਨੇ ਡੀ.ਸੀ. ਨੂੰ ਦੱਸਿਆ ਕਿ ਮੰਦਰ ਕਮੇਟੀ ਵੱਲੋਂ ਮੁਕਤੀਨਾਥ ਮਹਾਦੇਵ ਮੰਦਰ ਪਰਿਸਰ ਵਿੱਚ ਬਾਬਾ ਬਾਲਕ ਨਾਥ, ਖਾਟੂ ਸ਼ਿਆਮ ਅਤੇ ਮਾਂ ਜਵਾਲਾ ਜੀ ਦੇ ਮੰਦਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਆਧੁਨਿਕ ਤਕਨੀਕ ਨਾਲ ਬਣਾਏ ਜਾ ਰਹੇ ਇਨ੍ਹਾਂ ਮੰਦਰਾਂ ਦਾ ਨਿਰਮਾਣ ਕੰਮ ਜੰਗੀ ਪੱਧਰ ’ਤੇ ਜਾਰੀ ਹੈ।
ਮੰਦਰ ਕਮੇਟੀ ਵੱਲੋਂ ਪੰਜਾਬ ਦੇ ਮਾਣਯੋਗ ਰਾਜਪਾਲ ਨੂੰ ਇਸ ਸਾਲ ਅਕਤੂਬਰ ਜਾਂ ਨਵੰਬਰ ਮਹੀਨੇ ਵਿੱਚ ਨਵੇਂ ਬਣੇ ਮੰਦਰਾਂ ਦੇ ਉਦਘਾਟਨ ਸਮਾਰੋਹ ਵਿੱਚ ਸ਼ਿਰਕਤ ਕਰਨ ਲਈ ਬੇਨਤੀ ਕੀਤੀ ਗਈ ਹੈ। ਉਦਘਾਟਨ ਸਮਾਰੋਹ ਦੇ ਸਬੰਧ ਵਿੱਚ ਇੱਕ ਵਿਸ਼ਾਲ ਸਮਾਗਮ ਇੰਪਰੂਵਮੈਂਟ ਟਰੱਸਟ ਦੀ ਨਾਲ ਲੱਗਦੀ ਜ਼ਮੀਨ ’ਤੇ ਕਰਵਾਇਆ ਜਾਣਾ ਹੈ, ਜਿੱਥੇ ਇਸ ਸਮੇਂ ਕੂੜੇ ਦਾ ਵੱਡਾ ਡੰਪ ਪਿਆ ਹੋਇਆ ਹੈ।
ਇਸ ਲਈ ਮੰਦਰ ਕਮੇਟੀ ਨੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕਰਕੇ ਮਾਣਯੋਗ ਰਾਜਪਾਲ ਦੇ ਸੰਭਾਵਿਤ ਦੌਰੇ ਤੋਂ ਪਹਿਲਾਂ ਹੀ ਇਸ ਕੂੜੇ ਦੇ ਡੰਪ ਨੂੰ ਹਟਵਾਇਆ ਜਾਵੇ।
ਗੋਕੁਲਧਾਮ ਗਊਸ਼ਾਲਾ ਦੇ ਪ੍ਰਧਾਨ ਵਿਵੇਕ ਮਾਰਕੰਡਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਇਸ ਮੰਗ ਪ੍ਰਤੀ ਸਕਾਰਾਤਮਕ ਰਵੱਈਆ ਅਪਣਾਉਂਦਿਆਂ ਸਮੱਸਿਆ ਦੇ ਹੱਲ ਲਈ ਲੋੜੀਂਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ।
- Download Babushahi App
-
-