ਤਪਾ ਮੰਡੀ 'ਚ ਸਿਆਸੀ ਗਰਮਾਹਟ: ਜੇਤੂ ਕੌਂਸਲਰ 'ਤੇ 'ਆਪ' ਵਰਕਰ ਦੀ ਕੁੱਟਮਾਰ ਅਤੇ ਪੱਗ ਲਾਹੁਣ ਦੇ ਦੋਸ਼
Kamaljeet singh / ਬਾਬੂਸ਼ਾਹੀ ਬਿਊਰੋ
ਤਪਾ ਮੰਡੀ (ਬਰਨਾਲਾ), 22 ਜੂਨ:
ਬਰਨਾਲਾ ਜ਼ਿਲ੍ਹੇ ਦੇ ਅਧੀਨ ਆਉਂਦੇ ਕਸਬਾ ਤਪਾ ਮੰਡੀ ਵਿੱਚ ਨਗਰ ਕੌਂਸਲ ਚੋਣਾਂ ਬੀਤਣ ਦੇ ਇੱਕ ਮਹੀਨੇ ਤੋਂ ਵੱਧ ਸਮਾਂ ਹੋਣ ਦੇ ਬਾਵਜੂਦ ਵੀ ਸਿਆਸੀ ਰੰਜਿਸ਼ ਥਮਣ ਦਾ ਨਾਮ ਨਹੀਂ ਲੈ ਰਹੀ। ਤਾਜ਼ਾ ਮਾਮਲੇ ਵਿੱਚ ਵਾਰਡ ਨੰਬਰ 14 ਤੋਂ ਚੋਣ ਜਿੱਤੇ ਆਜ਼ਾਦ ਕੌਂਸਲਰ ਅਤੇ ਚੋਣ ਹਾਰੇ ਆਮ ਆਦਮੀ ਪਾਰਟੀ (AAP) ਦੇ ਉਮੀਦਵਾਰ ਵਿਚਾਲੇ ਖ਼ੂਨੀ ਟਕਰਾਅ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਮਲੇ ਦੇ ਗੰਭੀਰ ਦੋਸ਼ਾਂ ਤਹਿਤ ਪੁਲਿਸ ਵੱਲੋਂ ਮੌਜੂਦਾ ਕੌਂਸਲਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿੱਚ ਅਦਾਲਤ ਨੇ ਤੁਰੰਤ ਰਿਲੀਜ਼ ਕਰਨ ਦੇ ਹੁਕਮ ਜਾਰੀ ਕਰ ਦਿੱਤੇ।
ਤਪਾ ਮੰਡੀ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ 'ਆਪ' ਦੇ ਚੋਣ ਹਾਰੇ ਉਮੀਦਵਾਰ ਅਤੇ ਵਰਕਰ ਜਸਵੀਰ ਸਿੰਘ ਪੁਰਬਾ ਨੇ ਦੱਸਿਆ ਕਿ ਉਹ ਵਾਰਡ ਨੰਬਰ 14 ਵਿੱਚ ਸਮਾਜ ਸੇਵਾ ਵਜੋਂ ਪੰਜਾਬ ਸਰਕਾਰ ਦੀ ਔਰਤਾਂ ਲਈ ਚਲਾਈ ਜਾ ਰਹੀ "ਮਾਵਾਂ-ਧੀਆਂ ਸਤਿਕਾਰ ਯੋਜਨਾ" ਦੇ ਫਾਰਮ ਭਰ ਰਹੇ ਸਨ। ਦੋਸ਼ ਹੈ ਕਿ ਇਸੇ ਦੌਰਾਨ ਉੱਥੇ ਮੌਜੂਦਾ ਆਜ਼ਾਦ ਕੌਂਸਲਰ ਰਣਜੀਤ ਸਿੰਘ ਉਰਫ਼ ਲਾਡੀ ਪਹੁੰਚ ਗਿਆ ਅਤੇ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਜਸਵੀਰ ਸਿੰਘ ਅਨੁਸਾਰ ਕੌਂਸਲਰ ਨੇ ਗੁੱਸੇ ਵਿੱਚ ਆ ਕੇ ਉਨ੍ਹਾਂ ਦੀ ਪੱਗ ਉਤਾਰ ਦਿੱਤੀ, ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਸਰਕਾਰੀ ਯੋਜਨਾ ਵਾਲੇ ਫਾਰਮ ਵੀ ਪਾੜ ਦਿੱਤੇ।
ਪੁਲਿਸ ਵੱਲੋਂ ਮਾਮਲਾ ਦਰਜ ਅਤੇ ਗ੍ਰਿਫ਼ਤਾਰੀ
ਸਿਟੀ ਪੁਲਿਸ ਚੌਂਕੀ ਤਪਾ ਮੰਡੀ ਦੇ ਇੰਚਾਰਜ ਏ.ਐਸ.ਆਈ. (ASI) ਬਲਜੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਸਵੀਰ ਸਿੰਘ ਪੁਰਬਾ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਤਪਾ ਮੰਡੀ ਵਿੱਚ ਮੁਕਦਮਾ ਨੰਬਰ 71 ਦਰਜ ਕੀਤਾ ਗਿਆ ਹੈ। ਪੁਲਿਸ ਨੇ ਮੌਜੂਦਾ ਕੌਂਸਲਰ ਰਣਜੀਤ ਸਿੰਘ ਲਾਡੀ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ (BNS) ਦੀਆਂ ਧਾਰਾਵਾਂ 299, 115(2), 351(2) ਅਤੇ 351(3)B ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਜ਼ਿਕਰਯੋਗ ਹੈ ਕਿ ਤਪਾ ਮੰਡੀ ਨਗਰ ਕੌਂਸਲ ਚੋਣਾਂ ਤੋਂ ਬਾਅਦ ਇਹ ਦੂਜੀ ਅਜਿਹੀ ਘਟਨਾ ਹੈ, ਇਸ ਤੋਂ ਪਹਿਲਾਂ ਇੱਕ ਹੋਰ ਜੇਤੂ ਕੌਂਸਲਰ 'ਤੇ ਮਹਿਲਾ ਉੱਪਰ ਗੱਡੀ ਚੜ੍ਹਾਉਣ ਦੇ ਦੋਸ਼ ਹੇਠ ਮਾਮਲਾ ਦਰਜ ਹੋਇਆ ਸੀ।
ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਕੌਂਸਲਰ ਰਣਜੀਤ ਸਿੰਘ ਲਾਡੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਤਾਂ ਉਨ੍ਹਾਂ ਦੇ ਵਕੀਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਅਦਾਲਤ ਵਿੱਚ ਜ਼ੋਰਦਾਰ ਦਲੀਲਾਂ ਪੇਸ਼ ਕੀਤੀਆਂ। ਐਡਵੋਕੇਟ ਰਾਹੀ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਇਹ ਗ੍ਰਿਫ਼ਤਾਰੀ ਸਿਆਸੀ ਦਬਾਅ ਹੇਠ ਕੀਤੀ ਗਈ ਹੈ ਅਤੇ ਨਿਯਮਾਂ ਮੁਤਾਬਕ ਇਸ ਮਾਮਲੇ ਵਿੱਚ ਗ੍ਰਿਫ਼ਤਾਰੀ ਬਣਦੀ ਹੀ ਨਹੀਂ ਸੀ। ਮਾਨਯੋਗ ਅਦਾਲਤ ਦੇ ਜੱਜ ਸਾਹਿਬਾਨ ਨੇ ਬਚਾਅ ਪੱਖ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਕੌਂਸਲਰ ਰਣਜੀਤ ਸਿੰਘ ਨੂੰ ਬਿਨਾਂ ਜ਼ਮਾਨਤ (ਤੁਰੰਤ ਰਿਲੀਜ਼) ਰਿਹਾਅ ਕਰਨ ਦੇ ਹੁਕਮ ਦੇ ਦਿੱਤੇ।
"ਪ੍ਰਧਾਨਗੀ ਦੀ ਚੋਣ ਲਈ ਬਣਾਇਆ ਜਾ ਰਿਹਾ ਸਿਆਸੀ ਦਬਾਅ"
ਦੂਜੇ ਪਾਸੇ ਜੇਤੂ ਕੌਂਸਲਰ ਰਣਜੀਤ ਸਿੰਘ ਲਾਡੀ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਸਿਰਫ਼ ਲੋਕਾਂ ਦੇ ਹੱਕ ਵਿੱਚ ਆਵਾਜ਼ ਚੁੱਕੀ ਸੀ ਅਤੇ ਸੱਤਾਧਾਰੀ ਧਿਰ ਦੇ ਦਬਾਅ ਹੇਠ ਪੁਲਿਸ ਨੇ ਉਨ੍ਹਾਂ 'ਤੇ ਝੂਠਾ ਮੁਕਦਮਾ ਦਰਜ ਕੀਤਾ ਹੈ।
ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਸਿੱਧਾ ਨਿਸ਼ਾਨਾ ਸਾਧਦਿਆਂ ਕਹਾ ਕਿ ਨਗਰ ਕੌਂਸਲ ਤਪਾ ਮੰਡੀ ਦੀ ਪ੍ਰਧਾਨਗੀ ਦੀ ਚੋਣ ਜਿੱਤਣ ਲਈ ਅਤੇ ਕੌਂਸਲਰਾਂ ਦੀਆਂ ਵੋਟਾਂ ਆਪਣੇ ਪੱਖ ਵਿੱਚ ਭੁਗਤਾਉਣ ਲਈ ਵਿਰੋਧੀ ਕੌਂਸਲਰਾਂ 'ਤੇ ਸਿਆਸੀ ਸ਼ਹਿ ਹੇਠ ਝੂਠੇ ਪਰਚੇ ਦਰਜ ਕਰਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਤੁਰੰਤ ਦਿੱਤੀ ਰਿਹਾਈ ਨੇ ਸਾਫ਼ ਕਰ ਦਿੱਤਾ ਹੈ ਕਿ ਪੁਲਿਸ ਦੀ ਕਾਰਵਾਈ ਕਾਨੂੰਨ ਮੁਤਾਬਕ ਨਹੀਂ ਸਗੋਂ ਸਿਆਸੀ ਇਸ਼ਾਰੇ 'ਤੇ ਸੀ।
- Download Babushahi App
-
-