250 ਕਿਲੋਮੀਟਰ ਦੀ ਰਫ਼ਤਾਰ ਨਾਲ ਡਿਵਾਈਡਰ ਨਾਲ ਟਕਰਾਈ BMW, ਦੋ ਦੋਸਤਾਂ ਦੀ ਦਰਦਨਾਕ ਮੌਤ
ਮੁੰਬਈ, 22 ਜੂਨ:
ਮਹਾਰਾਸ਼ਟਰ ਦੇ ਮੁੰਬਈ ਵਿੱਚ ਬੀਤੀ ਰਾਤ ਤੇਜ਼ ਰਫ਼ਤਾਰ ਦਾ ਇੱਕ ਬੇਹੱਦ ਭਿਆਨਕ ਕਹਿਰ ਦੇਖਣ ਨੂੰ ਮਿਲਿਆ, ਜਿਸ ਨੇ ਦੋ ਹੱਸਦੇ-ਖੇਡਦੇ ਪਰਿਵਾਰਾਂ ਦੇ ਚਿਰਾਗ ਬੁਝਾ ਦਿੱਤੇ। ਇੱਕ ਨੌਜਵਾਨ ਦੇ ਜਨਮਦਿਨ ਦੀ ਪਾਰਟੀ ਦਾ ਜਸ਼ਨ ਉਸ ਸਮੇਂ ਅਚਾਨਕ ਮਾਤਮ ਵਿੱਚ ਬਦਲ ਗਿਆ ਜਦੋਂ ਮੁੰਬਈ-ਦਿੱਲੀ ਐਕਸਪ੍ਰੈਸਵੇਅ 'ਤੇ ਠਾਣੇ ਦੇ ਬਦਲਾਪੁਰ ਨੇੜੇ ਇੱਕ ਬੇਕਾਬੂ BMW ਕਾਰ ਡਿਵਾਈਡਰ ਨਾਲ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਲਗਭਗ 250 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜ ਰਹੀ ਕਾਰ ਦੇ ਪਰਖੱਚੇ ਉੱਡ ਗਏ ਅਤੇ ਇਸ ਦਾ ਇੰਜਣ ਟੱਕਰ ਤੋਂ ਬਾਅਦ ਗੱਡੀ ਨਾਲੋਂ ਵੱਖ ਹੋ ਕੇ ਹਾਦਸੇ ਵਾਲੀ ਥਾਂ ਤੋਂ ਤਕਰੀਬਨ 30 ਮੀਟਰ ਦੂਰ ਜਾ ਡਿੱਗਿਆ।
ਇਸ ਦਰਦਨਾਕ ਹਾਦਸੇ ਵਿੱਚ ਕਾਰ ਵਿੱਚ ਸਵਾਰ ਦੋ ਦੋਸਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਕਾਰ ਚਲਾ ਰਿਹਾ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ 26 ਸਾਲਾ ਯੋਗੇਸ਼ ਨੇਗੀ ਅਤੇ 24 ਸਾਲਾ ਰੇਬੇਕਾ ਜੈਕਬ ਵਜੋਂ ਹੋਈ ਹੈ, ਜੋ ਦੋਵੇਂ ਮੁੰਬਈ ਦੇ ਬਾਂਦਰਾ ਇਲਾਕੇ ਦੇ ਰਹਿਣ ਵਾਲੇ ਸਨ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਨੂੰ ਯੋਗੇਸ਼ ਨੇਗੀ ਦਾ ਜਨਮਦਿਨ ਸੀ। ਇਸ ਖ਼ਾਸ ਦਿਨ ਨੂੰ ਮਨਾਉਣ ਲਈ ਯੋਗੇਸ਼, ਰੇਬੇਕਾ ਅਤੇ BMW ਕਾਰ ਦਾ ਮਾਲਕ ਅੰਗਦ ਬਦਲਾਪੁਰ (ਪੱਛਮ) ਗਏ ਸਨ। ਉੱਥੇ ਇੱਕ ਹੋਟਲ ਵਿੱਚ ਜਨਮਦਿਨ ਦਾ ਜਸ਼ਨ ਮਨਾਉਣ ਤੋਂ ਬਾਅਦ ਤਿੰਨੋਂ ਦੋਸਤ ਦੇਰ ਰਾਤ ਐਕਸਪ੍ਰੈਸਵੇਅ ਵੱਲ ਨਿਕਲ ਗਏ। ਪੁਲਿਸ ਨੂੰ ਹਾਦਸੇ ਵਾਲੀ ਥਾਂ ਦੀ ਜਾਂਚ ਦੌਰਾਨ ਹੋਟਲ ਦਾ 9,000 ਰੁਪਏ ਦਾ ਬਿੱਲ ਵੀ ਮਿਲਿਆ ਹੈ।
ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਿਸ ਹੁਣ ਪੀੜਤਾਂ ਵਿੱਚੋਂ ਇੱਕ ਦੇ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ ਕਰ ਰਹੀ ਹੈ, ਕਿਉਂਕਿ ਹਾਦਸੇ ਤੋਂ ਥੋੜ੍ਹੀ ਦੇਰ ਪਹਿਲਾਂ ਇੱਕ ਵੀਡੀਓ ਪੋਸਟ ਕੀਤੀ ਗਈ ਸੀ ਜਿਸ ਵਿੱਚ ਕਾਰ ਦੀ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਰਿਕਾਰਡ ਹੋਈ ਦਿਖਾਈ ਦੇ ਰਹੀ ਸੀ। ਪੁਲਿਸ ਨੂੰ ਸ਼ੱਕ ਹੈ ਕਿ ਹਾਈਵੇਅ 'ਤੇ ਲਾਪਰਵਾਹੀ ਨਾਲ ਗੱਡੀ ਚਲਾਉਣਾ ਅਤੇ ਕੋਈ ਸਟੰਟ ਕਰਨਾ ਹੀ ਇਸ ਭਿਆਨਕ ਹਾਦਸੇ ਦਾ ਮੁੱਖ ਕਾਰਨ ਬਣਿਆ। ਦਰਅਸਲ, ਐਕਸਪ੍ਰੈਸਵੇਅ 'ਤੇ ਆਵਾਜਾਈ ਨੂੰ ਕੰਟਰੋਲ ਕਰਨ ਲਈ ਕਈ ਥਾਵਾਂ 'ਤੇ ਕੰਕਰੀਟ ਦੇ ਬੈਰੀਕੇਡ ਲਗਾਏ ਗਏ ਹਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਬੇਹੱਦ ਤੇਜ਼ ਰਫ਼ਤਾਰ ਕਾਰਨ ਡਰਾਈਵਰ ਨੇ ਅਚਾਨਕ ਇਨ੍ਹਾਂ ਬੈਰੀਕੇਡਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੋਵੇਗੀ, ਜਿਸ ਕਾਰਨ ਗੱਡੀ ਤੋਂ ਸੰਤੁਲਨ ਖ਼ਤਮ ਹੋ ਗਿਆ ਅਤੇ ਕਾਰ ਸਿੱਧੀ ਸੈਂਟਰ ਡਿਵਾਈਡਰ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਹਵਾ ਵਿੱਚ ਉਛਲਦੀ ਹੋਈ ਡਿਵਾਈਡਰ ਦੇ ਦੋ ਹਿੱਸਿਆਂ ਦੇ ਵਿਚਕਾਰ ਜਾ ਕੇ ਫਸ ਗਈ।
ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਉਹ ਸ਼ਨੀਵਾਰ ਦੇਰ ਰਾਤ ਸੈਰ ਕਰ ਰਿਹਾ ਸੀ, ਜਦੋਂ ਸਵੇਰੇ 2 ਤੋਂ 3 ਵਜੇ ਦੇ ਵਿਚਕਾਰ ਇਹ ਕਾਰ ਦੋ ਵਾਰ ਬਹੁਤ ਤੇਜ਼ ਰਫ਼ਤਾਰ ਨਾਲ ਉਸ ਦੇ ਕੋਲੋਂ ਲੰਘੀ। ਜਦੋਂ ਤੀਜੀ ਵਾਰ ਇੱਕ ਜ਼ੋਰਦਾਰ ਧਮਾਕੇ ਵਰਗੀ ਆਵਾਜ਼ ਸੁਣ ਕੇ ਉਹ ਮੌਕੇ 'ਤੇ ਪਹੁੰਚਿਆ ਤਾਂ ਉੱਥੇ ਕਾਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਸੀ। ਹਾਦਸੇ ਵਿੱਚ ਨੌਜਵਾਨ ਔਰਤ ਗੱਡੀ ਤੋਂ ਬਹੁਤ ਦੂਰ ਜਾ ਡਿੱਗੀ ਸੀ ਅਤੇ ਦੂਜੇ ਨੌਜਵਾਨ ਦਾ ਸਿਰ ਬੁਰੀ ਤਰ੍ਹਾਂ ਕੁਚਲਿਆ ਗਿਆ ਸੀ। ਇਸ ਹਾਦਸੇ ਵਿੱਚ ਜ਼ਖਮੀ ਹੋਏ ਕਾਰ ਮਾਲਕ ਅੰਗਦ ਨੂੰ ਤੁਰੰਤ ਕਲਿਆਣ ਦੇ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ, ਜਦਕਿ ਪੁਲਿਸ ਮਾਮਲੇ ਦੀ ਅਗਲੇਰੀ ਕਾਨੂੰਨੀ ਜਾਂਚ ਕਰ ਰਹੀ ਹੈ।
- Download Babushahi App
-
-