ਸੁਲਤਾਨਪੁਰ ਲੋਧੀ ‘ਚ ਰੂਹ ਕੰਬਾ ਦੇਣ ਵਾਲੀ ਘਟਨਾ, ਮਾਂ ਨੇ ਬੱਚਿਆਂ ਸਮੇਤ ਵੇਈਂ ਨਦੀ ‘ਚ ਮਾਰੀ ਛਾਲ
ਰਾਹਗੀਰਾਂ ਨੇ ਮਾਂ ਨੂੰ ਬਚਾਇਆ, ਪਰ ਦੋ ਮਾਸੂਮ ਪੁੱਤਰਾਂ ਦੀ ਦਰਦਨਾਕ ਮੌਤ, ਪੁਲਿਸ ਵੱਲੋਂ ਮਾਮਲੇ ਦੀ ਗੰਭੀਰ ਜਾਂਚ ਜਾਰੀ
ਸੁਲਤਾਨਪੁਰ ਲੋਧੀ, ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ ਦੇ ਇਲਾਕੇ ‘ਚ ਅੱਜ ਇਕ ਐਸੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਹਰ ਇੱਕ ਦਾ ਦਿਲ ਝੰਝੋੜ ਕੇ ਰੱਖ ਦਿੱਤਾ। ਇੱਕ ਮਾਂ ਵੱਲੋਂ ਆਪਣੇ ਨਿੱਕੇ-ਨਿੱਕੇ ਮਾਸੂਮ ਬੱਚਿਆਂ ਸਮੇਤ ਵੇਈਂ ਨਦੀ ‘ਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਸਿਮਰਨ ਕੌਰ, ਪਤਨੀ ਭਰਪੂਰ ਸਿੰਘ ਵਾਸੀ ਪਿੰਡ ਅਦਾਲਤ ਚੱਕ, ਕਿਸੇ ਅਣਜਾਣੇ ਦਰਦ ਅਤੇ ਮਾਨਸਿਕ ਤਣਾਅ ਹੇਠ ਆ ਕੇ ਇਹ ਖੌਫਨਾਕ ਕਦਮ ਚੁੱਕ ਬੈਠੀ। ਉਹ ਆਪਣੇ ਦੋ ਨਨ੍ਹੇ ਪੁੱਤਰਾਂ ਵੀਰ ਪ੍ਰਤਾਪ ਸਿੰਘ ਅਤੇ ਗੁਰਪ੍ਰਤਾਪ ਸਿੰਘ ਨੂੰ ਨਾਲ ਲੈ ਕੇ ਨਦੀ ਵਿੱਚ ਕੂਦ ਪਈ। ਜਿਹਨਾਂ ਵਿੱਚੋਂ ਇੱਕ ਬੱਚੇ ਨੂੰ ਉਹ ਸਕੂਲ ਤੋਂ ਲੈ ਕੇ ਆਈ ਸੀ।
ਉਥੋਂ ਲੰਘ ਰਹੇ ਰਾਹਗੀਰਾਂ ਨੇ ਜਦੋਂ ਇਹ ਦ੍ਰਿਸ਼ ਦੇਖਿਆ ਤਾਂ ਤੁਰੰਤ ਹਿੰਮਤ ਦਿਖਾਉਂਦੇ ਹੋਏ ਮਾਂ ਨੂੰ ਬਚਾ ਲਿਆ। ਪਰ ਕਿਸਮਤ ਇੰਨੀ ਮਿਹਰਬਾਨ ਨਾ ਹੋ ਸਕੀ… ਦੋਹਾਂ ਮਾਸੂਮ ਬੱਚਿਆਂ ਦੀ ਜ਼ਿੰਦਗੀ ਪਾਣੀ ਦੀਆਂ ਲਹਿਰਾਂ ਵਿੱਚ ਹੀ ਖਤਮ ਹੋ ਗਈ। ਇਹ ਮੰਜ਼ਰ ਦੇਖ ਕੇ ਹਰ ਅੱਖ ਨਮੀ ਹੋ ਗਈ ਅਤੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ।
ਏਐਸਆਈ ਬਲਦੇਵ ਸਿੰਘ ਥਾਣਾ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਦੋਹਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਰ ਪੱਖ ਤੋਂ ਮਾਮਲੇ ਨੂੰ ਖੰਗਾਲਿਆ ਜਾ ਰਿਹਾ ਹੈ।
ਇਹ ਹਾਦਸਾ ਨਾ ਸਿਰਫ਼ ਇੱਕ ਪਰਿਵਾਰ ਲਈ, ਸਗੋਂ ਪੂਰੇ ਸਮਾਜ ਲਈ ਇੱਕ ਵੱਡਾ ਸਵਾਲ ਛੱਡ ਗਿਆ ਹੈ—ਆਖਿਰ ਉਹ ਕਿਹੜਾ ਦਰਦ ਸੀ, ਜਿਸ ਨੇ ਇੱਕ ਮਾਂ ਨੂੰ ਆਪਣੇ ਹੀ ਲਾਡਲਿਆਂ ਸਮੇਤ ਇਹ ਕਦਮ ਚੁੱਕਣ ‘ਤੇ ਮਜਬੂਰ ਕਰ ਦਿੱਤਾ…।
- Download Babushahi App
-
-