ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਸੈਮੀਨਾਰ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 25 ਅਪ੍ਰੈਲ, 2026: ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਪੰਜਾਬੀ ਵਿਭਾਗ ਵੱਲੋਂ ਇਨਟੈਕ, ਪੰਜਾਬ ਚੈਪਟਰ ਤੇ ਬਠਿੰਡਾ ਚੈਪਟਰ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਵਿੱਚ “ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਅਤੇ ਸ਼ਹਾਦਤ: ਸਰਬਕਾਲੀ ਸਾਰਥਿਕਤਾ” ਵਿਸ਼ੇ ਤੇ ਇੱਕ-ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਯੋਗ ਅਗਵਾਈ ਵਿੱਚ ਕਰਵਾਏ ਗਏ ਇਸ ਸੈਮੀਨਾਰ ਵਿੱਚ ਪ੍ਰਸਿੱਧ ਪੰਜਾਬੀ ਚਿੰਤਕ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪ੍ਰੋਫ਼ੈਸਰ ਆਫ਼ ਐਮੀਨੈਂਸ ਡਾ. ਮਨਮੋਹਨ ਸਿੰਘ, ਸਾਬਕਾ ਆਈਪੀਐਸ ਨੇ ਕੁੰਜੀਵਤ ਭਾਸ਼ਣ ਪੇਸ਼ ਕੀਤਾ ਅਤੇ ਸਿੱਖ ਇਨਸਾਈਕਲੋਪੀਡੀਆ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ. ਪਰਮਵੀਰ ਸਿੰਘ ਨੇ ਵਿਸ਼ੇਸ਼ ਭਾਸ਼ਣ ਪੇਸ਼ ਕੀਤਾ। ਇਨਟੈਕ ਪੰਜਾਬ ਚੈਪਟਰ ਦੇ ਕਨਵੀਨਰ ਮੇਜਰ ਜਨਰਲ (ਸੇਵਾਮੁਕਤ) ਬਲਵਿੰਦਰ ਸਿੰਘ ਅਤੇ ਬਠਿੰਡਾ ਚੈਪਟਰ ਦੇ ਕਨਵੀਨਰ ਸ੍ਰੀ ਕੰਵਰ ਭੀਮ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ, ਬਠਿੰਡਾ ਦੇ ਸਾਬਕਾ ਮੁਖੀ ਪ੍ਰੋਫੈਸਰ ਡਾ. ਸਤਨਾਮ ਸਿੰਘ ਜੱਸਲ, ਪੰਜਾਬੀ ਵਿਭਾਗ, ਰਿਜਨਲ ਸੈਂਟਰ, ਬਠਿੰਡਾ ਤੋਂ ਪ੍ਰੋ. ਰਾਜਿੰਦਰ ਸਿੰਘ ਅਤੇ ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ, ਧਰਮਸ਼ਾਲਾ ਦੇ ਪੰਜਾਬੀ ਅਤੇ ਡੋਗਰੀ ਵਿਭਾਗ ਦੇ ਮੁਖੀ ਪ੍ਰੋ. ਨਰੇਸ਼ ਕੁਮਾਰ ਨੇ ਵੱਖੋ-ਵੱਖ ਅਕਾਦਮਿਕ ਸੈਸ਼ਨਾਂ ਦੀ ਪ੍ਰਧਾਨਗੀ ਕੀਤੀ ਅਤੇ ਸੈਮੀਨਾਰ ਦੌਰਾਨ ਪੇਸ਼ ਹੋਏ ਖੋਜ-ਪਰਚਿਆਂ ਦਾ ਮੁਲਾਂਕਣ ਕੀਤਾ। ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਪ੍ਰੋ. ਰਾਮਾਕ੍ਰਿਸ਼ਨਾ ਵੁਸੀਰਿਕਾ ਨੇ ਕੀਤੀ।ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਵਿੱਚ ਆਪਣਾ ਕੁੰਜੀਵਤ ਭਾਸ਼ਣ ਪੇਸ਼ ਕਰਦਿਆਂ ਡਾ. ਮਨਮੋਹਨ ਸਿੰਘ ਨੇ ਸ਼ਹਾਦਤ ਦੇ ਸੰਕਲਪ ਦੀ ਇਤਿਹਾਸਕ ਰੂਪਰੇਖਾ ਉਲੀਕਦਿਆਂ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਬਾਰੇ ਵਿਸਤ੍ਰਿਤ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਕੇਵਲ ਧਾਰਮਿਕ ਦ੍ਰਿਸ਼ਟੀ ਤੋਂ ਹੀ ਨਹੀਂ ਸਗੋਂ ਰਾਜਨੀਤਿਕ ਤੇ ਆਰਥਿਕ ਦ੍ਰਿਸ਼ਟੀ ਤੋਂ ਵੀ ਦੇਖਣ-ਸਮਝਣ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਨੇ ਨੌਵੇਂ ਗੁਰੂ ਸਾਹਿਬ ਨਾਲ ਸ਼ਹੀਦ ਹੋਏ ਸਿੱਖਾਂ ਅਤੇ ਗੁਰੂ ਘਰ ਦੇ ਹੋਰ ਅਨਿੰਨ ਸੇਵਕਾਂ ਬਾਰੇ ਵੀ ਮਹੱਤਵਪੂਰਨ ਤੱਥ ਸਾਂਝੇ ਕੀਤੇ।
ਪ੍ਰੋ. ਪਰਮਵੀਰ ਸਿੰਘ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਬਾਰੇ ਗੰਭੀਰ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਬਾਣੀ ਵਿਚ ਪੇਸ਼ ਕੀਤੇ ਵਿਚਾਰ ਨੂੰ ਵਿਹਾਰਕ ਪੱਧਰ ਤੇ ਲਾਗੂ ਕੀਤਾ। ਉਨ੍ਹਾਂ ਹਿੰਦੋਸਤਾਨ ਨੂੰ ਨਿਰਭੈਅਤਾ ਦਾ ਪਾਠ ਪੜਾਇਆ ਤੇ ਮੌਤ ਦੇ ਡਰ ਤੋਂ ਮੁਕਤ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਨਾਲ ਹਿੰਦੋਸਤਾਨ ਵਿਚ ਸਨਮਾਨ ਨਾਲ ਜੀਣ ਦੀ ਚੇਤਨਾ ਦਾ ਸੰਚਾਰ ਹੋਇਆ ਤੇ ਹੌਲੀ-ਹੌਲੀ ਮੁਗਲ ਹਕੂਮਤ ਦੇ ਜਬਰ ਜ਼ੁਲਮ ਦਾ ਅੰਤ ਹੋ ਗਿਆ। ਉਨ੍ਹਾਂ ਅੱਗੇ ਕਿਹਾ ਕਿ ਖਾਲਸਾ ਸਾਜਣਾ ਦੇ ਆਦਿ ਬੀਜ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਿਚ ਪਏ ਹਨ।ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਐਂਡ ਕਲਚਰਲ ਹੈਰੀਟੇਜ (ਇਨਟੈਕ) ਪੰਜਾਬ ਦੇ ਕਨਵੀਨਰ ਮੇਜਰ ਜਨਰਲ (ਸੇਵਾਮੁਕਤ) ਬਲਵਿੰਦਰ ਸਿੰਘ ਨੇ ਟਰੱਸਟ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੰਦੇ ਹੋਏ ਸਿੱਖ ਇਤਿਹਾਸ ਨਾਲ ਜੁੜੀਆਂ ਇਤਿਹਾਸਕ ਥਾਵਾਂ ਦੀ ਸਾਂਭ-ਸੰਭਾਲ ਅਤੇ ਸਿੱਖੀ ਸਿਧਾਂਤਾਂ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੰਮ ਕਰਨ ਦੀ ਲੋੜ ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਆਪਣੇ ਗੌਰਵਮਈ ਇਤਿਹਾਸਕ ਵਿਰਸੇ ਪ੍ਰਤੀ ਨਵੀਂ ਪੀੜ੍ਹੀ ਨੂੰ ਜਾਗਰੂਕ ਕਰਨ ਦੀ ਲੋੜ ਹੈ।ਯੂਨੀਵਰਸਿਟੀ ਦੇ ਡੀਨ ਇੰਚਾਰਜ ਅਕਾਦਮਿਕ ਪ੍ਰੋ. ਰਾਮਾਕ੍ਰਿਸ਼ਨਾ ਵੁਸੀਰਿਕਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਇਹ ਸੈਮੀਨਾਰ ਕਰਵਾਉਣ ਲਈ ਪੰਜਾਬੀ ਵਿਭਾਗ ਦੀ ਪ੍ਰਸੰਸਾ ਕਰਦੇ ਹੋਏ ਯੂਨੀਵਰਸਿਟੀ ਵੱਲੋਂ ਨਵੇਂ ਸ਼ੁਰੂ ਕੀਤੇ ਜਾ ਰਹੇ ਸ੍ਰੀ ਗੁਰੂ ਤੇਗ ਬਹਾਦਰ ਸੈਂਟਰ ਆਫ਼ ਸਟੱਡੀਜ਼ ਇਨ ਇੰਡਿਕ ਸਿਵਿਲਾਈਜ਼ੇਸ਼ਨ ਐਂਡ ਰਿਲੀਜ਼ਸ ਸਟੱਡੀਜ਼ ਬਾਰੇ ਜਾਣਕਾਰੀ ਦਿੱਤੀਜਿਸ ਅਧੀਨ ਐਮ.ਏ. ਧਰਮ ਅਧਿਐਨ ਅਤੇ ਐਮ.ਏ. ਸਿਵਿਲਾਈਜ਼ੇਸ਼ਨ ਸਟੱਡੀਜ਼ ਆਦਿ ਕੋਰਸ ਅਗਲੇ ਅਕਾਦਮਿਕ ਸੈਸ਼ਨ ਤੋਂ ਸ਼ੁਰੂ ਕਰਨ ਦੀ ਤਜਵੀਜ਼ ਹੈ।ਪ੍ਰੋਗਰਾਮ ਦੇ ਅਕਾਦਮਿਕ ਸੈਸ਼ਨਾਂ ਲਈ 70 ਤੋਂ ਵਧੇਰੇ ਰਜਿਸਟ੍ਰੇਸ਼ਨਾਂ ਪ੍ਰਾਪਤ ਹੋਈਆਂ ਅਤੇ ਤਿੰਨ ਅਕਾਦਮਿਕ ਸੈਸ਼ਨਾਂ ਦੌਰਾਨ ਚੋਣਵੇਂ ਪਰਚੇ ਪੜ੍ਹੇ ਗਏ। ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਪ੍ਰੋ. ਸਤਨਾਮ ਸਿੰਘ ਜੱਸਲ ਨੇ ਭਾਈ ਜੈਤਾ ਜੀ ਦੀ ਗੁਰੂ ਸਾਹਿਬ ਦੇ ਪਾਵਨ ਸੀਸ ਨੂੰ ਕੀਰਤਪੁਰ ਸਾਹਿਬ ਤਕ ਲੈ ਜਾਣ ਦੇ ਸਫ਼ਰ ਬਾਰੇ ਚਰਚਾ ਕੀਤੀ।
ਦੂਸਰੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਪ੍ਰੋ. ਰਾਜਿੰਦਰ ਸਿੰਘ ਨੇ ਗੁਰੂ ਸਾਹਿਬ ਦੀ ਸ਼ਹਾਦਤ ਦੀ ਵਿਲੱਖਣਤਾ ਤੇ ਚਰਚਾ ਕੀਤੀ ਤੇ ਕਿਹਾ ਕਿ ਇਹ ਸ਼ਹਾਦਤ ਵਿਸ਼ਵ ਇਤਿਹਾਸ ਵਿਚ ਮਨੁੱਖੀ ਅਧਿਕਾਰਾਂ ਦੀ ਰਾਖੀ ਵੱਲ ਚੁੱਕਿਆ ਜਾਣ ਵਾਲਾ ਪਹਿਲਾ ਕਦਮ ਸੀ। ਤੀਸਰੇ ਆਨਲਾਈਨ ਸੈਸ਼ਨ ਵਿੱਚ ਪ੍ਰੋ. ਨਰੇਸ਼ ਕੁਮਾਰ ਨੇ ਪਰਚਾ ਲੇਖਕਾਂ ਨੂੰ ਆਪਣੇ ਖੋਜ-ਪੱਤਰਾਂ ਨੂੰ ਹੋਰ ਵਧੀਆ ਬਣਾਉਣ ਲਈ ਹਵਾਲਿਆਂ ਅਤੇ ਪ੍ਰਮਾਣਾਂ ਦੇ ਅਧਾਰ ਤੇ ਆਪਣੀ ਗੱਲ ਰੱਖਣ ਲਈ ਸੁਚੇਤ ਕੀਤਾ।ਇਸ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਵਿਭਾਗ ਮੁਖੀ ਡਾ. ਅਮਨਦੀਪ ਸਿੰਘ ਨੇ ਸਭ ਦਾ ਸਵਾਗਤ ਕੀਤਾ ਅਤੇ ਪ੍ਰੋ. ਰਮਨਪ੍ਰੀਤ ਕੌਰ ਨੇ ਸੈਮੀਨਾਰ ਬਾਰੇ ਜਾਣ-ਪਛਾਣ ਕਰਵਾਈ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਸਰਬਜੀਤ ਸਿੰਘ ਨੇ ਨਿਭਾਈ। ਸਹਾਇਕ ਪ੍ਰੋਫ਼ੈਸਰ ਡਾ. ਸਤਪ੍ਰੀਤ ਸਿੰਘ ਜੱਸਲ ਅਤੇ ਗੁਰਪ੍ਰੀਤ ਕੌਰ ਨੇ ਧੰਨਵਾਦ ਕੀਤਾ।
Click to Follow Babushahi Facebook Page →