ਰਮਨ ਬਹਿਲ ਨੇ 66 ਕੇ.ਵੀ ਸਬ-ਸਟੇਸ਼ਨ ਦਾ ਨੀਂਹ ਪੱਥਰ ਰੱਖਿਆ
ਗੁਰਦਾਸਪੁਰ ਹਲਕੇ ਦੇ ਸਰਬਪੱਖੀ ਵਿਕਾਸ ਲਈ ਲੋਕਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਹਾਂ-ਰਮਨ ਬਹਿਲ
ਰੋਹਿਤ ਗੁਪਤਾ
ਗੁਰਦਾਸਪੁਰ, 25 ਅਪ੍ਰੈਲ
ਗੁਰਦਾਸਪੁਰ ਹਲਕੇ ਦੇ ਇੰਚਾਰਜ ਰਮਨ ਬਹਿਲ ਵਲੋਂ ਲਗਾਤਾਰ ਹਲਕੇ ਅੰਦਰ ਸਰਬਪੱਖੀ ਵਿਕਾਸ ਕੰਮ ਕਰਵਾਏ ਜਾ ਰਹੇ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਵਲੋਂ ਗੁਰਦਾਸਪੁਰ ਸ਼ਹਿਰ ਵਾਸੀਆਂ ਨੂੰ ਵੱਡਾ ਤੋਹਫਾ ਦਿੰਦਿਆਂ 8 ਕਰੋੜ 90 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ 66 ਕੇ.ਵੀ ਸਬ-ਸਟੇਸ਼ਨ ਦਾ ਨੀਂਹ ਪੱਥਰ ਪਾਵਰ ਕਾਲੋਨੀ, ਜ਼ੇਲ ਰੋਡ ਗੁਰਦਾਸਪੁਰ ਵਿਖੇ ਰੱਖਿਆ। ਇਸ ਮੌਕੇ ਅਰਵਿੰਦਰਜੀਤ ਸਿੰਘ ਬੋਪਾਰਾਏ, ਚੀਫ਼ ਇੰਜੀਨੀਅਰ ਬਾਰਡਰ ਜ਼ੋਨ, ਪਾਵਰਕਾਮ ਵੀ ਮੌਜੂਦ ਸਨ।
ਇਸ ਮੌਕੇ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਰਮਨ ਬਹਿਲ ਨੇ ਕਿਹਾ ਕਿ 66 ਕੇ.ਵੀ ਨਵੇਂ ਸਬ-ਸਟੇਸ਼ਨ ਬਣਨ ਨਾਲ ਸ਼ਹਿਰ ਵਾਸੀਆਂ ਨੂੰ ਹੋਰ ਬਿਹਤਰ ਢੰਗ ਨਾਲ ਬਿਜਲੀ ਸਪਲਾਈ ਮੁਹੱਈਆ ਹੋਵੇਗੀ,ਜਿਸ ਨਾਲ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੂੰ ਫਾਇਦਾ ਮਿਲੇਗਾ। ਉਨ੍ਹਾਂ ਦੱਸਿਆ ਕਿ ਟੈਂਡਰ ਲੱਗ ਚੁੱਕਾ ਹੈ ਅਤੇ ਜਲਦ ਕੰਮ ਸ਼ੁਰੂ ਹੋ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਭਰ ਅੰਦਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਜਿਸ ਦੇ ਚੱਲਦਿਆਂ ਵਿਧਾਨ ਸਭਾ ਹਲਕੇ ਗੁਰਦਾਸਪੁਰ ਅੰਦਰ ਪਿਛਲੇ ਚਾਰ ਸਾਲਾਂ ਵਿੱਚ ਲੋਕ ਹਿੱਤ ਵਿੱਚ ਵੱਖ-ਵੱਖ ਵਿਕਾਸ ਕਾਰਜ ਕਰਵਾਏ ਹਨ ਅਤੇ ਵਿਕਾਸ ਕੰਮ ਨਿਰੰਤਰ ਜਾਰੀ ਹਨ।
ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵੱਡੀ ਆਰਥਿਕ ਸਹਾਇਤਾ ਦੇਣ ਦੇ ਮੰਤਵ ਨਾਲ 600 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਗਈ ਹੈ ਅਤੇ ਲਗਭਗ 90 ਫੀਸਦੀ ਲੋਕਾਂ ਦੇ ਬਿਜਲੀ ਦੇ ਬਿੱਲ ਜੀਰੋ ਆ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਹਲਕੇ ਦੇ ਸਰਬਪੱਖੀ ਵਿਕਾਸ ਲਈ ਉਹ ਦਿਨ ਰਾਤ ਲੋਕਾਂ ਵਿੱਚ ਹਨ ਅਤੇ ਹਲਕੇ ਦੇ ਵਿਕਾਸ ਕੰਮਾਂ ਵਿੱਚ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ।
ਰਮਨ ਬਹਿਲ ਨੇ ਅੱਗੇ ਕਿਹਾ ਕਿ ਗੁਰਦਾਸਪੁਰ ਸ਼ਹਿਰ ਸਮੇਤ ਹਲਕੇ ਦੇ ਪਿੰਡਾਂ ਵਿੱਚ ਲੋਕਾਂ ਦੀ ਸਹੂਲਤਾਂ ਨੂੰ ਮੁੱਖ ਰੱਖਦਿਆਂ ਪਾਰਦਰਸ਼ੀ ਢੰਗ ਵਿਕਾਸ ਕਾਰਜ ਕੀਤੇ ਹਨ ਅਤੇ ਉਹ 24 ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜਰ ਹਨ। ਉਨ੍ਹਾਂ ਕਿਹਾ ਕਿ ਉਹ ਵਿਕਾਸ ਦੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਲੋਕਾਂ ਸੇਵਾ ਹੀ ਉਨ੍ਹਾਂ ਦੀ ਪਹਿਲ ਹੈ।
ਇਸ ਮੌਕੇ ਚੇਅਰਮੈਨ ਭਾਰਤ ਭੂਸ਼ਣ ਸ਼ਰਮਾ, ਹਲਕਾ ਕੁਆਰਡੀਨੇਟਰ ਨੀਰਜ ਸਲਹੋਤਰਾ, ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਆਕਸੀਜਨ ਕੁਲਦੀਪ ਸਿੰਘ, ਚੇਅਰਮੈਨ ਰਜਿੰਦਰ ਨੰਦਾ, ਗਗਨ ਮਹਾਜਨ, ਵਪਾਰ ਮੰਡਲ ਦੇ ਪ੍ਧਾਨ ਅਸ਼ਵਨੀ ਮਹਾਜਨ, ਹਿਤੇਸ਼ ਮਹਾਜਨ ਅਤੇ ਸ਼ਹਿਰ ਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ।
Click to Follow Babushahi Facebook Page →