ਭਾਜਪਾ ਬੰਦੇ ਖਾਣੀ ਪਾਰਟੀ, ਪੰਜਾਬੀ ਗੱਦਾਰੀ ਨਹੀਂ ਭੁੱਲਣਗੇ! CM ਭਗਵੰਤ ਮਾਨ ਦਾ ਵੱਡਾ ਬਿਆਨ (ਵੇਖੋ ਵੀਡੀਓ)
ਚੰਡੀਗੜ੍ਹ 24 ਅਪ੍ਰੈਲ 2026: ਸੱਤ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਜਾਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਤੇਵਰ ਦਿਖਾਉਂਦਿਆਂ ਕਿਹਾ ਹੈ ਕਿ ਭਾਜਪਾ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਨਾਲ ਖਿਲਵਾੜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਰਲੇਵਾਂ ਲੋਕਤੰਤਰ ਦੀ ਹੱਤਿਆ ਹੈ।
CM ਮਾਨ ਨੇ ਭਾਜਪਾ 'ਤੇ ਤਨਜ਼ ਕੱਸਦਿਆਂ ਕਿਹਾ ਕਿ ਇਹ ਪਾਰਟੀ ਦੂਜੀਆਂ ਪਾਰਟੀਆਂ ਨੂੰ ਖਤਮ ਕਰਨ ਅਤੇ ਆਗੂਆਂ ਨੂੰ ਨਿਗਲਣ ਵਾਲੀ ਪਾਰਟੀ ਹੈ। ਉਨ੍ਹਾਂ ਕਿਹਾ, "ਭਾਜਪਾ ਕੱਢੇ ਹੋਏ, ਵੱਢੇ ਹੋਏ ਅਤੇ ਛੱਡੇ ਹੋਏ ਲੋਕਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ।"
ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਸੱਤ ਰਾਜ ਸਭਾ ਮੈਂਬਰ ਗਏ ਹਨ, ਉਹ ਹੁਣ ਭਾਜਪਾ ਦੀ 'ਵਾਸ਼ਿੰਗ ਮਸ਼ੀਨ' ਵਿੱਚ ਧੋਤੇ ਜਾਣਗੇ। ਉਨ੍ਹਾਂ ਦਾ ਇਸ਼ਾਰਾ ਸੀ ਕਿ ਭਾਜਪਾ ਵਿੱਚ ਜਾ ਕੇ ਇਨ੍ਹਾਂ ਦੇ ਸਾਰੇ 'ਦਾਗ' ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਮਾਨ ਨੇ ਯਾਦ ਦਿਵਾਇਆ ਕਿ ਕਿਸਾਨੀ ਅੰਦੋਲਨ ਵੇਲੇ ਭਾਜਪਾ ਨੇ ਪੰਜਾਬ ਦੇ ਕਿਸਾਨਾਂ ਨਾਲ ਜੋ ਧੱਕਾ ਕੀਤਾ ਸੀ, ਉਸ ਨੂੰ ਪੰਜਾਬੀ ਕਦੇ ਨਹੀਂ ਭੁੱਲ ਸਕਦੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਪੰਜਾਬ ਨਾਲ ਕਦੇ ਵੀ ਸਾਂਝ ਨਹੀਂ ਰਹੀ।
ਸੀਐੱਮ ਨੇ ਕਿਹਾ, "ਭਾਜਪਾ ਸਿੱਧੇ ਤੌਰ 'ਤੇ ਜਿੱਤ ਨਹੀਂ ਸਕਦੀ, ਇਸ ਲਈ ਤਿਕੜਮਬਾਜੀ ਅਤੇ ਛੜਯੰਤਰਾਂ ਦਾ ਸਹਾਰਾ ਲੈ ਕੇ ਸੱਤਾ ਹਥਿਆਉਣ ਦੀ ਕੋਸ਼ਿਸ਼ ਕਰਦੀ ਹੈ।"
ਉਨ੍ਹਾਂ ਸਪੱਸ਼ਟ ਕੀਤਾ ਕਿ ਜਿਨ੍ਹਾਂ ਮੈਂਬਰਾਂ ਨੇ ਪਾਰਟੀ ਅਤੇ ਪੰਜਾਬ ਦੇ ਲੋਕਾਂ ਦੇ ਵਿਸ਼ਵਾਸ ਨੂੰ ਤੋੜਿਆ ਹੈ, ਉਨ੍ਹਾਂ ਨੂੰ ਇਤਿਹਾਸ ਕਦੇ ਮੁਆਫ਼ ਨਹੀਂ ਕਰੇਗਾ।
ਮੁੱਖ ਮੰਤਰੀ ਨੇ ਕਿਹਾ, "ਅਸੀਂ ਜਨਤਾ ਦੇ ਫਤਵੇ ਨਾਲ ਚੁਣੇ ਗਏ ਹਾਂ, ਇਨ੍ਹਾਂ ਸਿਆਸੀ ਚਾਲਾਂ ਨਾਲ ਸਾਡਾ ਹੌਸਲਾ ਨਹੀਂ ਟੁੱਟੇਗਾ। ਪੰਜਾਬ ਦੀ ਜਨਤਾ ਸਭ ਦੇਖ ਰਹੀ ਹੈ।"
Click to Follow Babushahi Facebook Page →