ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਨੇ ਜਿਲ੍ਹਾ ਹਸਪਤਾਲ ਦਾ ਕੀਤਾ ਅਚਨਚੇਤ ਦੌਰਾ
ਲੋਕਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ: ਡਾ. ਹਿਤਿੰਦਰ ਕੌਰ
ਦਲਜੀਤ ਕੌਰ
ਸੰਗਰੂਰ, 24 ਅਪ੍ਰੈਲ, 2026:ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਦੇ ਮਕਸਦ ਤਹਿਤ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਡਾ. ਹਿਤਿੰਦਰ ਕੌਰ ਨੇ ਜਿਲ੍ਹਾ ਹਸਪਤਾਲ ਸੰਗਰੂਰ ਦੀ ਅਚਨਚੇਤ ਚੈਕਿੰਗ ਕੀਤੀ। ਇਸ ਚੈਕਿੰਗ ਦੌਰਾਨ, ਹਸਪਤਾਲ ਦੀ ਓ.ਪੀ.ਡੀ, ਆਪਰੇਸ਼ਨ ਥੀਏਟਰ, ਵਾਰਡ, ਐਮਰਜੰਸੀ ਸਿਹਤ ਸੇਵਾਵਾਂ, ਜੱਚਾ-ਬੱਚਾ ਸਿਹਤ ਸੇਵਾਵਾਂ, ਲੈਬ, ਆਈ.ਸੀ.ਟੀ.ਸੀ.ਸੈਂਟਰ ਆਦਿ ਦਾ ਨਿਰੀਖਣ ਕੀਤਾ।
ਉਹਨਾਂ ਵਾਰਡ ਵਿੱਚ ਦਾਖਲ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਪੁੱਛ-ਗਿੱਛ ਕੀਤੀ, ਉਹਨਾਂ ਦਾਖਲ ਮਰੀਜ਼ਾਂ ਨੂੰ ਕਿਹਾ ਕਿ ਜੇਕਰ ਉਹਨਾਂ ਨੂੰ ਸਿਹਤ ਸੇਵਾਵਾਂ ਲੈਣ ਵਿੱਚ ਕੋਈ ਮੁਸ਼ਕਿਲ ਆਈ ਹੋਵੇ ਤਾਂ ਉਹ ਹਸਪਤਾਲ ਦੇ ਸਬੰਧਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ। ਉਨ੍ਹਾਂ ਹਸਪਤਾਲ ਦੀ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਮਰੀਜ਼ਾਂ ਨੂੰ ਸਾਰੀਆਂ ਲੋੜੀਂਦੀਆਂ ਦਵਾਈਆਂ ਹਸਪਤਾਲ ਦੇ ਅੰਦਰੋਂ ਹੀ ਉਪਲਬਧ ਕਰਾਉਣ ਲਈ ਵੀ ਕਿਹਾ। ਉਹਨਾਂ ਸੰਸਥਾਗਤ ਜਣੇਪੇ ਵਧਾਉਣ ਤੇ ਜ਼ੋਰ ਦੇਣ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਮੂਹ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਪੋ ਆਪਣੀ ਡਿਊਟੀ ਮਿਹਨਤ, ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣੀ ਯਕੀਨੀ ਬਣਾਉਣ ਅਤੇ ਹਸਪਤਾਲ ਵਿੱਚ ਇਲਾਜ ਕਰਾਉਣ ਲਈ ਆਏ ਮਰੀਜ਼ਾਂ ਨਾਲ ਆਪਣਾ ਵਿਵਹਾਰ ਚੰਗਾ ਰੱਖਣ ਤੇ ਸਰਕਾਰ ਆਮ ਲੋਕਾਂ ਲਈ ਉਪਲਬਧ ਸਾਰੀਆਂ ਸਿਹਤ ਸਹੂਲਤਾਂ ਉਹਨਾਂ ਨੂੰ ਪ੍ਰਦਾਨ ਕਰਨੀਆਂ ਯਕੀਨੀ ਬਣਾਉਣ।
ਇਸ ਦੌਰਾਨ ਉਹਨਾਂ ਨੇ ਜਿਲੇ ਭਰ ਦੇ ਪ੍ਰੋਗਰਾਮ ਅਫਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਕੌਮੀ ਪ੍ਰੋਗਰਾਮਾਂ ਸਬੰਧੀ ਰੀਵਿਊ ਮੀਟਿੰਗ ਕੀਤੀ।
ਇਸ ਮੌਕੇ ਸਿਵਲ ਸਰਜਨ ਡਾ. ਅਮਰਜੀਤ ਕੌਰ, ਸਹਾਇਕ ਡਾਇਰੈਕਟਰ ਕਮ ਸਟੇਟ ਪ੍ਰੋਗਰਾਮ ਅਫਸਰ (ਐਨ.ਸੀ.ਡੀ.) ਡਾ. ਗਗਨਦੀਪ ਸਿੰਘ ਗਰੋਵਰ, ਕੰਸਲਟੈਂਟ ਡਾ. ਅਰੁਣ ਚੌਧਰੀ ਹਾਜ਼ਰ ਸਨ
Click to Follow Babushahi Facebook Page →