ਅੱਧੇ ਘੰਟੇ ਲਈ ਸਬਜ਼ੀ ਲੈਣ ਗਈ ਔਰਤ ਪਿੱਛੋਂ ਚੋਰ ਕਰ ਗਿਆ ਦਿਨ -ਦਿਹਾੜੇ ਕਾਰਾ
ਗਰੀਬ ਦੀ ਐਲ ਈ ਡੀ , 10 ਹਜਾਰ ਨਗਦ ਅਤੇ ਗੈਸ ਚੁੱਲਿਆਂ ਦੇ ਬਰਨਰ ਲੈ ਉਡਿਆ ਚੋਰ , ਸੀਸੀ ਟੀਵੀ ਵਿੱਚ ਨਜ਼ਰ ਆਇਆ ਸ਼ੱਕੀ ਚੋਰ
ਰੋਹਿਤ ਗੁਪਤਾ
ਗੁਰਦਾਸਪੁਰ , 13 ਅਪ੍ਰੈਲ 2026 :
ਅੱਧੇ ਘੰਟੇ ਲਈ ਘਰ ਨੂੰ ਤਾਲਾ ਲਗਾ ਕੇ ਸਬਜ਼ੀ ਲੈਣ ਬਾਹਰ ਗਈ ਔਰਤ ਤੇ ਘਰ ਵਿੱਚ ਤਾਲੇ ਤੋੜ ਕੇ ਚੋਰ ਵੜ ਗਿਆ ਤੇ ਘਰ ਵਿੱਚ ਪਏ 10,000 ਨਕਦ ਐਲ ਈ ਡੀ ਅਤੇ ਮਿਕਸੀ ਚੋਰੀ ਕਰ ਲਏ । ਚੋਰ ਨੇ ਚੁੱਲਿਆਂ ਦੇ ਪਿੱਤਲ ਦੇ ਵਰਨਰ ਵੀ ਨਹੀਂ ਛੱਡੇ । ਘਰ ਦਾ ਮਾਲਕ ਇੱਕ ਸੋਡਾ ਵਾਟਰ ਬਣਾਉਣ ਵਾਲੀ ਰੇਹੜੀ ਤੇ ਨੌਕਰੀ ਕਰਦਾ ਹੈ ਅਤੇ ਉਸਨੇ ਇਹ ਪੈਸੇ ਬੀਤੇ ਦਿਨੀ ਦੁਰਘਟਨਾ ਦਾ ਸ਼ਿਕਾਰ ਹੋਏ ਇੱਕ ਨੌਜਵਾਨ ਹਿਮਾਂਸ਼ੂ ਦੇ ਇਲਾਜ ਵਿੱਚ ਮਦਦ ਲਈ ਆਪਣੇ ਮਾਲਕ ਕੋਲੋਂ ਐਡਵਾਂਸ ਲੈ ਕੇ ਘਰ ਵਿੱਚ ਰੱਖੇ ਸੀ। ਉੱਥੇ ਹੀ ਗਲੀ ਵਿੱਚ ਲੱਗੇ ਇੱਕ ਸੀਸੀ ਟੀਵੀ ਕੈਮਰੇ ਵਿੱਚ ਇੱਕ ਸ਼ੱਕੀ ਚੋਰ ਦੀਆਂ ਤਸਵੀਰਾਂ ਵੀ ਕੈਦ ਹੋਈਆਂ ਹਨ ਜੋ ਨਸ਼ੇ ਦੀ ਹਾਲਤ ਵਿੱਚ ਝੂਮਦਾ ਹੋਇਆ ਘਰ ਵਿੱਚ ਵੜਦਾ ਨਜ਼ਰ ਆ ਰਿਹਾ ਹੈ।
ਘਟਨਾ ਸ਼ਹਿਰ ਦਾ ਦਿਲ ਕਹੇ ਜਾਣ ਵਾਲੇ ਹਨੂਮਾਨ ਚੌਂਕ ਦੇ ਨਜ਼ਦੀਕ ਦਰਜੀਆਂ ਵਾਲੀ ਗਲੀ ਦੀ ਹੈ ।
ਘਰ ਦੇ ਮਾਲਕ ਚਰਨਦਾਸ ਅਨੁਸਾਰ ਚੋਰ ਘਰ ਵਿੱਚ ਤਾਲਾ ਤੋੜ ਕੇ ਵੜਿਆ ਸੀ ਅਤੇ ਤਾਲਾ ਵੀ ਸ਼ਾਇਦ ਨਾਲ ਹੀ ਲੈ ਗਿਆ ਹੈ। ਉਸ ਦੀ ਪਤਨੀ ਜਦੋਂ ਸਬਜ਼ੀ ਲੈ ਕੇ ਆਈ ਤਾਂ ਉਸਨੇ ਵੇਖਿਆ ਕਿ ਦਰਵਾਜ਼ਾ ਖੁੱਲਿਆ ਹੋਇਆ ਸੀ ਅਤੇ ਜਦੋਂ ਅੰਦਰ ਗਈ ਤਾਂ ਸਾਰਾ ਸਮਾਨ ਵਿਖਰਿਆ ਹੋਇਆ ਸੀ। ਚੋਰੀ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਦਾ ਥਾਣਾ ਸਿਟੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਨੇੜੇ ਦੇ ਸੀਸੀ ਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।
Click to Follow Babushahi Facebook Page →