ਲੁਧਿਆਣਾ ਦੇ SBS ਨਗਰ ‘ਚ ਨਾਜਾਇਜ਼ ਕਮਰਸ਼ਲ ਧੰਧਿਆਂ ਖ਼ਿਲਾਫ਼ ਫੂਟਿਆ ਜਨਤਾ ਦਾ ਗੁੱਸਾ, 14 ਅਪ੍ਰੈਲ ਨੂੰ LIT ਦਫ਼ਤਰ ਦੇ ਬਾਹਰ ਧਰਨੇ ਦਾ ਐਲਾਨ
ਅਵੈਧ ਹੋਟਲ ਨਿਰਮਾਣ ਆਗੂ ਯੋਗੇਸ਼ ਸ਼ਰਮਾ
ਸੁਖਮਿੰਦਰ ਭੰਗੂ
ਲੁਧਿਆਣਾ, 13 ਅਪ੍ਰੈਲ 2026
ਪੱਖੋਵਾਲ ਰੋਡ ‘ਤੇ ਸਥਿਤ ਸ਼ਹੀਦ ਭਗਤ ਸਿੰਘ (SBS) ਨਗਰ ਵਿੱਚ ਵਧ ਰਹੀਆਂ ਨਾਜਾਇਜ਼ ਕਮਰਸ਼ਲ ਗਤੀਵਿਧੀਆਂ ਖ਼ਿਲਾਫ਼ ਇਲਾਕਾ ਵਾਸੀਆਂ ਦਾ ਗੁੱਸਾ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਰਿਹਾਇਸ਼ੀ ਮਕਸਦ ਲਈ ਤਿਆਰ ਕੀਤੀ ਗਈ ਲੁਧਿਆਣਾ ਇੰਪਰੂਵਮੈਂਟ ਟਰੱਸਟ (LIT) ਦੀ 475 ਏਕੜ ਸਕੀਮ ਵਿੱਚ ਬੇਰੋਕ-ਟੋਕ ਹੋ ਰਹੀਆਂ ਵਪਾਰਕ ਉਸਾਰੀਆਂ ਨੇ ਨਿਵਾਸੀਆਂ ਨੂੰ ਸੜਕਾਂ ‘ਤੇ ਆਉਣ ਲਈ ਮਜਬੂਰ ਕਰ ਦਿੱਤਾ ਹੈ।
ਸਥਾਨਕ ਆਗੂ ਯੋਗੇਸ਼ ਸ਼ਰਮਾ ਦੀ ਅਗਵਾਈ ਹੇਠ
ਨਿਵਾਸੀਆਂ ਵੱਲੋਂ 14 ਅਪ੍ਰੈਲ (ਮੰਗਲਵਾਰ) ਨੂੰ ਸਵੇਰੇ 11 ਵਜੇ ਨਹਿਰੂ ਸਿਧਾਂਤ ਕੇਂਦਰ (LIT ਦਫ਼ਤਰ ਨੇੜੇ) ਬਾਹਰ ਵੱਡਾ ਅਤੇ ਸ਼ਾਂਤਮਈ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਹੁਣ ਵੀ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਨਿਵਾਸੀਆਂ ਮੁਤਾਬਕ, SBS ਨਗਰ ਦੇ ਵੱਖ-ਵੱਖ ਬਲਾਕਾਂ—E, F, D, G, H ਆਦਿ—ਵਿੱਚ ਨਾਜਾਇਜ਼ ਕਮਰਸ਼ਲ ਨਿਰਮਾਣ ਧੜੱਲੇ ਨਾਲ ਚੱਲ ਰਹੇ ਹਨ, ਜਿਸ ਨਾਲ ਇਲਾਕੇ ਦੀ ਰਿਹਾਇਸ਼ੀ ਪਛਾਣ ਖ਼ਤਰੇ ਵਿੱਚ ਪੈ ਗਈ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਇਹ ਸਭ ਕੁਝ ਟਰੱਸਟ ਦੀਆਂ ਨਰਮ ਨੀਤੀਆਂ ਅਤੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਹੋ ਰਿਹਾ ਹੈ।
ਹਾਲਾਂਕਿ LIT ਵੱਲੋਂ ਕੁਝ ਨਾਜਾਇਜ਼ ਨਿਰਮਾਣਾਂ ਨੂੰ ਲੈ ਕੇ ਨੋਟਿਸ ਜਾਰੀ ਕਰਨ ਦੀ ਗੱਲ ਕਹੀ ਗਈ ਹੈ, ਪਰ ਨਿਵਾਸੀਆਂ ਦਾ ਮੰਨਣਾ ਹੈ ਕਿ ਮੈਦਾਨੀ ਪੱਧਰ ‘ਤੇ ਕੋਈ ਸਖ਼ਤ ਕਾਰਵਾਈ ਨਹੀਂ ਹੋ ਰਹੀ। ਵਿਭਾਗ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਸਹਾਇਤਾ ਮੰਗਣ ਦੇ ਬਾਵਜੂਦ ਕਾਰਵਾਈ ਵਿੱਚ ਹੋ ਰਹੀ ਦੇਰੀ ਨੇ ਲੋਕਾਂ ਦੇ ਗੁੱਸੇ ਨੂੰ ਹੋਰ ਭੜਕਾ ਦਿੱਤਾ ਹੈ।
ਸਥਾਨਕ ਜੀ ਬਲਾਕ ਨਿਵਾਸੀ ਤੇ ਆਗੂ ਯੋਗੇਸ਼ ਸ਼ਰਮਾ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਮੰਗ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਲਾਇਸੈਂਸ ਤੁਰੰਤ ਰੱਦ ਕੀਤੇ ਜਾਣ ਅਤੇ ਨਾਜਾਇਜ਼ ਢਾਂਚਿਆਂ ਨੂੰ ਢਾਇਆ ਜਾਵੇ। ਉਨ੍ਹਾਂ ਨੇ ਮੀਡੀਆ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਗੰਭੀਰ ਮਸਲੇ ਨੂੰ ਜ਼ੋਰ ਨਾਲ ਉਠਾਇਆ ਜਾਵੇ, ਤਾਂ ਜੋ ਜ਼ਿੰਮੇਵਾਰ ਅਧਿਕਾਰੀਆਂ ‘ਤੇ ਦਬਾਅ ਬਣੇ ਅਤੇ ਇਲਾਕੇ ਨੂੰ ਇਨਸਾਫ਼ ਮਿਲ ਸਕੇ। ਇਸੇ ਸਥਾਨ ਤੇ ਇਕ ਬਹੁ ਮੰਜਲੀ ਹੋਟਲ ਦਾ ਵੀ ਨਿਰਮਾਣ ਹੋ ਰਿਹਾ ਹੈ ਜੋਂ ਕਿ ਗੈਰ ਕਾਨੂੰਨੀ ਹੈ ਕਿਉਂਕਿ ਇਹ ਸਾਰੇ ਪਲਾਂਟ 40-40 ਵਰਗ ਗਜ ਦੇ ਹਨ ਜੋ ਕਿ ਇਕਨੋਮਿਕਲੀ ਵੀਕਰ ਸੈਕਸ਼ਨ ਵਾਸਤੇ ਅਲੋਟ ਕੀਤੇ ਜਾਂਦੇ ਹਨ । ਇਸ ਹੋਟਲ ਦਾ ਨਿਰਮਾਣ ਦੋ ਪਲਾਟਾਂ ਨੂੰ ਇਕੱਠਾ ਕਰਕੇ ਕਲੱਬ ਕਰਕੇ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਇੰਪਰੂਵਮੈਂਟ ਟਰੱਸਟ ਲੁਧਿਆਣਾ ਦੇ ਮੁਤਾਬਿਕ ਢਾਈ ਮੰਜਿਲ ਤੋਂ ਵੱਧ ਨਿਰਮਾਣ ਨਹੀਂ ਕੀਤਾ ਜਾ ਸਕਦਾ ਜਦਕਿ ਇਹ ਹੋਟਲ ਪੰਜ ਮੰਜਲਾਂ ਤੱਕ ਨਿਰਮਾਣ ਕੀਤਾ ਹੋਇਆ ਹੈ ਜੋ ਕਿ ਪੂਰੀ ਤਰਾਂ ਗੈਰ ਕਾਨੂੰਨੀ ਹੈ ।
ਹੁਣ ਸਭ ਦੀਆਂ ਨਜ਼ਰਾਂ 14 ਅਪ੍ਰੈਲ ਦੇ ਧਰਨੇ ‘ਤੇ ਟਿਕੀਆਂ ਹਨ, ਜਿੱਥੇ ਨਿਵਾਸੀਆਂ ਦੀ ਇਕਤਾ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣ ਸਕਦੀ ਹੈ।
Click to Follow Babushahi Facebook Page →