“ਚੜ੍ਹਿਆ ਚੇਤਰ” ਬਣਿਆ ਕਵਿਤਾ, ਸੱਚ ਤੇ ਸੰਘਰਸ਼ ਦਾ ਗੂੰਜਦਾ ਮੰਚ
ਕਵਿਤਾਵਾਂ ਤੇ ਵਿਚਾਰਾਂ ਦਾ ਸੁਹਾਵਣਾ ਮੇਲਾ ਲੱਗਿਆ
ਫਗਵਾੜਾ, 13 ਅਪ੍ਰੈਲ ( ) ਪੈਰਾਡਾਈਜ਼ ਫਾਰਮ ਹਾਊਸ, ਪੱਦੀ ਖਾਲਸਾ (ਫਗਵਾੜਾ) ਵਿਖੇ 12 ਅਪ੍ਰੈਲ 2026 ਨੂੰ “ਚੜ੍ਹਿਆ ਚੇਤਰ” ਸਾਹਿਤਕ ਮਿਲਣੀ ਬੜੇ ਹੀ ਸੁਚੱਜੇ ਅਤੇ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤੀ ਗਈ। ਸਵੇਰੇ 11 ਵਜੇ ਸ਼ੁਰੂ ਹੋਏ ਇਸ ਸਮਾਗਮ ਵਿੱਚ ਪੰਜਾਬ ਦੇ ਉੱਘੇ ਕਵੀ, ਲੇਖਕ ਅਤੇ ਪੱਤਰਕਾਰਾਂ ਦੀ ਵੱਡੀ ਗਿਣਤੀ ਵਿੱਚ ਹਾਜ਼ਰੀ ਨੇ ਇਸਨੂੰ ਇਕ ਯਾਦਗਾਰੀ ਮੇਲੇ ਦਾ ਰੂਪ ਦੇ ਦਿੱਤਾ ਅਤੇ ਸਾਹਿਤਕ ਮਾਹੌਲ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ।
ਇਸ ਮੌਕੇ “ਕਾਵਿ ਲੋਕ ਪੁਰਸਕਾਰ - 2025” ਸੰਦੀਪ ਜਸਵਾਲ ਨੂੰ ਉਹਨਾਂ ਦੇ ਕਾਵਿ-ਸੰਗ੍ਰਹਿ “ਸਮੁੰਦਰ ਨੂੰ ਪੁੱਛੇ ਨਦੀ” ਲਈ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੂੰ ਸਨਮਾਨ ਚਿੰਨ੍ਹ, 21,000 ਰੁਪਏ ਦੀ ਨਕਦ ਰਾਸ਼ੀ ਅਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸੰਦੀਪ ਜਸਵਾਲ ਦੀ ਕਵਿਤਾ ਬਾਰੇ ਡਾ. ਉਮਿੰਦਰ ਜੌਹਲ ਵੱਲੋਂ ਪਰਚਾ ਪੜ੍ਹਿਆ ਗਿਆ, ਜਦਕਿ ਤ੍ਰਿਲੋਚਨ ਲੋਚੀ ਵੱਲੋਂ ਮਾਣ ਪੱਤਰ ਪੜ੍ਹਿਆ ਗਿਆ। ਸੰਦੀਪ ਜਸਵਾਲ ਨੇ ਆਪਣੀਆਂ ਕਵਿਤਾਵਾਂ ਰਾਹੀਂ ਹਾਜ਼ਰੀਨ ਦਾ ਮਨ ਮੋਹ ਲਿਆ।
ਉਰਮਲਜੀਤ ਸਿੰਘ ਵਾਲੀਆ, ਤ੍ਰਿਲੋਚਨ ਲੋਚੀ ਅਤੇ ਮਨਜਿੰਦਰ ਸਿੰਘ ਧਨੋਆ , ਦਰਸ਼ਨ ਬੁਟਰ ਨੇ ਖ਼ੂਬਸੂਰਤ ਅੰਦਾਜ਼ ਵਿੱਚ ਆਪਣੀਆਂ ਗ਼ਜ਼ਲਾਂ, ਕਵਿਤਾਵਾਂ ਪੇਸ਼ ਕਰਕੇ ਦਰਸ਼ਕਾਂ ਤੋਂ ਖੂਬ ਵਾਹ-ਵਾਹ ਹਾਸਲ ਕੀਤੀ।
ਇਸ ਸਮਾਗਮ ਵਿੱਚ ਵਰਿਆਮ ਸਿੰਘ ਸੰਧੂ, ਗੁਰਭਜਨ ਗਿੱਲ ਅਤੇ ਜਨਮੇਜਾ ਜੌਹਲ ਵੱਲੋਂ ਖ਼ਾਸ ਤੌਰ ’ਤੇ ਰੌਣਕ ਲਾਈ ਗਈ, ਜਦਕਿ ਦਰਸ਼ਨ ਖਟਕੜ ਦੀਆਂ ਵਿਚਾਰਧਾਰਕ ਗੱਲਾਂ ਨੇ ਦਰਸ਼ਕਾਂ ਨੂੰ ਡੂੰਘਾ ਪ੍ਰਭਾਵਿਤ ਕੀਤਾ। ਦਰਸ਼ਨ ਖਟਕੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੇ ਮਨੁੱਖ ਦੀ ਜੜ੍ਹ ਆਮ ਲੋਕਾਂ ਨਾਲ ਜੁੜੀ ਹੋਵੇ ਅਤੇ ਉਸਦੀ ਸੋਚ ਨਿਰੋਲ ਤੇ ਨਿਰਸਵਾਰਥ ਹੋਵੇ ਤਾਂ ਉਸਨੂੰ ਮਿਟਾਉਣਾ ਆਸਾਨ ਨਹੀਂ ਹੁੰਦਾ। ਗੁਰਭਜਨ ਗਿੱਲ ਨੇ ਚਿੰਤਾ ਜ਼ਾਹਰ ਕੀਤੀ ਕਿ ਅੱਜ ਦਾ ਲੇਖਕ ਸਮਾਜ ਨਾਲੋਂ ਦੂਰ ਹੁੰਦਾ ਜਾ ਰਿਹਾ ਹੈ, ਇਸ ਲਈ ਸੱਚੀ ਪਹਿਚਾਣ ਅਤੇ ਜ਼ਿੰਮੇਵਾਰੀ ਦੀ ਲੋੜ ਹੈ।
ਚੰਗੀ ਲਿਖਤ ਨੂੰ ਪ੍ਰਮੋਟ ਕਰਨਾ ਅਤੇ ਆਪਣੇ ਅੰਦਰਲੇ ਨਾਇਕ ਨੂੰ ਜਗਾਉਣਾ ਹੀ ਸਮਾਜਿਕ ਬਦਲਾਅ ਦਾ ਸਹੀ ਰਸਤਾ ਹੈ।
ਸਤਨਾਮ ਸਿੰਘ ਮਾਣਕ ਨੇ ਆਪਣੇ ਸੰਬੋਧਨ ਵਿੱਚ ਮੌਜੂਦਾ ਸਮਾਜਿਕ ਤੇ ਰਾਜਨੀਤਿਕ ਹਾਲਾਤਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਜਮਹੂਰੀਅਤ, ਧਰਮ ਨਿਰਪੱਖਤਾ ਅਤੇ ਸੰਘੀ ਢਾਂਚੇ ’ਤੇ ਲਗਾਤਾਰ ਹਮਲੇ ਹੋ ਰਹੇ ਹਨ ਅਤੇ ਸੋਚਣ-ਸਮਝਣ ਦੀ ਆਜ਼ਾਦੀ ਨੂੰ ਸੀਮਿਤ ਕੀਤਾ ਜਾ ਰਿਹਾ ਹੈ। ਉਹਨਾਂ ਪੰਜਾਬ ਦੀ ਆਰਥਿਕ, ਵਾਤਾਵਰਣਕ ਅਤੇ ਸਮਾਜਿਕ ਸਥਿਤੀ ਨੂੰ “ਐਮਰਜੈਂਸੀ ਸਮਾਨ ਹਾਲਤ” ਦੱਸਦਿਆਂ ਸਮਾਜਕ ਚੇਤਨਾ ਦੀ ਲੋੜ ’ਤੇ ਜ਼ੋਰ ਦਿੱਤਾ।
ਵਰਿਆਮ ਸਿੰਘ ਸੰਧੂ ਨੇ ਆਪਣੇ ਵਿਚਾਰਾਂ ਵਿੱਚ ਸਾਹਿਤਕ ਜ਼ਿੰਮੇਵਾਰੀ ਨੂੰ ਉਜਾਗਰ ਕਰਦਿਆਂ ਕਿਹਾ ਕਿ ਅੱਜ ਲੇਖਕਾਂ ਅਤੇ ਬੁੱਧੀਜੀਵੀਆਂ ਦਾ ਸਮਾਜ ਨਾਲ ਰਾਬਤਾ ਲਗਾਤਾਰ ਕਮਜ਼ੋਰ ਪੈਂਦਾ ਜਾ ਰਿਹਾ ਹੈ ਅਤੇ ਸੱਚੀ ਲਿਖਤ ਨੂੰ ਪ੍ਰਮੋਟ ਕਰਨ ਦੀ ਲੋੜ ਹੈ। ਉਹਨਾਂ ਇਹ ਵੀ ਕਿਹਾ ਕਿ ਚੰਗੀਆਂ ਕਿਤਾਬਾਂ ਨੂੰ ਪੜ੍ਹਨਾ ਅਤੇ ਅੱਗੇ ਪਹੁੰਚਾਉਣਾ ਵੀ ਇੱਕ ਵੱਡਾ ਧਰਮ ਹੈ।
ਜਨਮੇਜਾ ਜੌਹਲ ਨੇ ਕਿਹਾ ਕਿ ਮੋਟੀਵੇਸ਼ਨਲ ਕਿਤਾਬਾਂ ਦੀ ਵਧਦੀ ਮੰਗ ਕਾਰਨ ਕ੍ਰੀਏਟਿਵ ਸਾਹਿਤ ਪਿੱਛੇ ਰਹਿ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਹਨਾਂ ਜ਼ੋਰ ਦਿੱਤਾ ਕਿ ਸਾਨੂੰ ਆਪਣੀ ਸੱਭਿਆਚਾਰਕ ਸੋਚ ਅਤੇ ਰਚਨਾਤਮਕ ਲਿਖਤ ਨੂੰ ਮੁੜ ਮਜ਼ਬੂਤ ਕਰਨਾ ਚਾਹੀਦਾ ਹੈ।
ਇਸ ਮੌਕੇ ਪ੍ਰਿੰ. ਗੁਰਮੀਤ ਸਿੰਘ ਪਲਾਹੀ, ਲਖਵਿੰਦਰ ਜੌਹਲ, ਦਰਸ਼ਨ ਬੁੱਟਰ, ਨਿਰਮਲ ਜੌੜਾ ਅਤੇ ਸੁਖਦੇਵ ਫਗਵਾੜਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਸਮਾਗਮ ਵਿੱਚ ਰਘਵੀਰ ਕੌਰ, ਜਸਵਿੰਦਰ ਫਗਵਾੜਾ, ਬਲਬੀਰ ਸਿੰਘ, ਬਲਬੀਰ ਕੌਰ ਬੱਬੂ ਸੈਣੀ, ਦਵਿੰਦਰ ਸਿੰਘ ਪੂਨੀਆ, ਸਿਮਰਤ ਕੌਰ, ਬਲਦੇਵ ਰਾਜ ਕੋਮਲ, ਪਰਵਿੰਦਰਜੀਤ ਸਿੰਘ, ਸ਼ਾਮ ਸਰਗੂੰਦੀ, ਆਸ਼ਾ ਅਰਮਾਨ, ਜੱਸ ਸਰੋਆ, ਗੁਰਮੁੱਖ ਲੋਹਾਰ, ਤਰਸੇਮ ਸਿੰਘ, ਕੁਲਵੰਤ ਭਿੰਡਰ, ਹਰਜਿੰਦਰ ਨਿਆਣਾ, ਭੁਪਿੰਦਰ ਕੌਰ, ਡਾ: ਦੁਲਚਾ ਸਿੰਘ ਬਰਾੜ, ਗੁਰਨੂਰ ਕੌਰ, ਸਮੇਤ ਅਨੇਕਾਂ ਕਵੀਆਂ, ਲੇਖਕਾਂ ਅਤੇ ਪੱਤਰਕਾਰਾਂ ਨੇ ਸ਼ਿਰਕਤ ਕਰਕੇ ਸਾਹਿਤਕ ਰੰਗ ਭਰਿਆ। ਇਸ ਸਮੇਂ ਪਰਿਵਾਰਾਂ ਵਿੱਚ ਰਾਜਕੁਮਾਰੀ, ਜਨਕ ਪਲਾਹੀ, ਰਾਜਵੰਤ ਸੰਧੂ, ਰਜਿੰਦਰ ਕੌਰ, ਪਰਮਜੀਤ ਕੌਰ, ਬਲਬੀਰ ਸਿੰਘ, ਮਲਕੀਤ ਸਿੰਘ ਹੱਪੋਵਾਲ, ਬਲਵਿੰਦਰ ਸਿੰਘ ਸੁਮਾਇਆ, ਬਲਦੇਵ ਸਿੰਘ ਅੱਟਾ ਆਦਿ ਸ਼ਾਮਲ ਸਨ।
ਇੰਦਰਜੀਤ ਆਰਟਿਸਟ ਵੱਲੋਂ ਕਵਿਤਾਵਾਂ ’ਤੇ ਆਧਾਰਿਤ ਚਿੱਤਰ ਪ੍ਰਦਰਸ਼ਨੀ ਵਿਸ਼ੇਸ਼ ਆਕਰਸ਼ਣ ਰਹੀ, ਜਦਕਿ ਸਾਂਝ ਪਬਲੀਕੇਸ਼ਨ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
ਇਸ ਸਮਾਗਮ ਦੀ ਸਫ਼ਲਤਾ ਵਿੱਚ ਗੁਰਮੀਤ ਸਿੰਘ ਪਲਾਹੀ ਦਾ ਮਹੱਤਵਪੂਰਨ ਯੋਗਦਾਨ ਰਿਹਾ, ਜਦਕਿ ਲਖਵਿੰਦਰ ਜੌਹਲ ਵੱਲੋਂ ਵਿਸ਼ੇਸ਼ ਭੂਮਿਕਾ ਨਿਭਾਈ ਗਈ। ਰਵਿੰਦਰ ਚੋਟ ਅਤੇ ਕਮਲੇਸ਼ ਸੰਧੂ ਨੇ ਪ੍ਰੋਗਰਾਮ ਦੇ ਸੁਚੱਜੇ ਪ੍ਰਬੰਧ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ।
ਸੁਲੱਖਣ ਸਿੰਘ ਜੌਹਲ ਵੱਲੋਂ ਮਹਿਮਾਨਾਂ ਦੀ ਆਓ-ਭਗਤ ਅਤੇ ਖਾਣ-ਪੀਣ ਦੀ ਵਿਵਸਥਾ ਬਹੁਤ ਸੁਚੱਜੇ ਢੰਗ ਨਾਲ ਕੀਤੀ ਗਈ, ਜਿਸ ਨਾਲ ਪੂਰਾ ਮਾਹੌਲ ਖ਼ੁਸ਼ਨੁਮਾ ਬਣਿਆ ਰਿਹਾ। ਕਵੀਆਂ, ਚਿੰਤਕਾਂ ਨੇ ਆਪਣੇ ਪਰਿਵਾਰਾਂ ਸਮੇਤ ਹਾਜ਼ਰੀ ਲਗਾ ਕੇ ਇਸਨੂੰ ਇੱਕ ਪਰਿਵਾਰਕ ਸਮਾਗਮ ਦਾ ਰੂਪ ਦੇ ਦਿੱਤਾ।
ਕੁੱਲ ਮਿਲਾ ਕੇ “ਚੜ੍ਹਿਆ ਚੇਤਰ” ਇੱਕ ਸਫ਼ਲ, ਯਾਦਗਾਰ ਅਤੇ ਪ੍ਰੇਰਣਾਦਾਇਕ ਸਾਹਿਤਕ ਸਮਾਗਮ ਸਾਬਤ ਹੋਇਆ।
Click to Follow Babushahi Facebook Page →