ਮੁਲਾਜਮਾਂ ਅਤੇ ਪੈਨਸ਼ਨਰਾਂ 'ਤੇ ਕੀਤੇ ਲਾਠੀਚਾਰਜ ਵਿਰੁੱਧ ਬਠਿੰਡਾ ਵਿੱਚ ਘੜੇ ਭੰਨਕੇ ਰੋਸ ਪ੍ਰਦਰਸ਼ਨ
ਅਸ਼ੋਕ ਵਰਮਾ
ਬਠਿੰਡਾ, 9 ਮਾਰਚ 2026: ਪੰਜਾਬ ਸਰਕਾਰ ਵੱਲੋਂ 8 ਮਾਰਚ ਨੂੰ ਪੇਸ਼ ਕੀਤੇ ਮੁਲਾਜ਼ਮ ਅਤੇ ਪੈਨਸ਼ਨਰਜ ਵਿਰੋਧੀ ਬਜਟ ਅਤੇ ਚੰਡੀਗੜ੍ਹ ਬਾਰਡਰ ਤੇ ਮੁਲਾਜ਼ਮਾਂ ਉੱਤੇ ਕੀਤੇ ਲਾਠੀਚਾਰਜ ਦੇ ਰੋਸ ਵਜੋਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਤਹਿਤ ਜ਼ਿਲ੍ਹਾ ਬਠਿੰਡਾ ਦੇ ਮੁਲਾਜ਼ਮਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਗੇਟ ਅੱਗੇ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਬਜਟ ਅਤੇ ਲਾਠੀ ਚਾਰਜ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਦੇ ਖਿਲਾਫ 11 ਘੜੇ ਭੰਨੇ। ਮੁਲਾਜ਼ਮਾਂ ਨੂੰ ਸਾਂਝੇ ਫਰੰਟ ਤੇ ਆਗੂਆਂ ਗਗਨਦੀਪ ਸਿੰਘ ਭੁੱਲਰ,ਹਰਨੇਕ ਸਿੰਘ ਗਹਿਰੀ,ਦਰਸ਼ਨ ਮੌੜ, ਗੁਰਮੇਲ ਸਿੰਘ ਮਹਿੰਦਰ ਪਾਲ ਸਿੰਘ ਜਤਿੰਦਰ ਕ੍ਰਿਸ਼ਨ , ਭੁਪਿੰਦਰ ਸਿੰਘ, ਰੂਪ ਸਿੰਘ,ਬਲਰਾਜ ਮੌੜ,ਕਿਸ਼ੋਰ ਗਾਜ, ਬੂਟਾ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਸੰਬੋਧਨ ਕੀਤਾ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ , ਕੱਟੇ ਭੱਤੇ ਬਹਾਲ ਕਰਨ, ਬਕਾਇਆ ਰਹਿੰਦੇ ਡੀਏ ਅਤੇ ਹੋਰ ਮੁਲਾਜ਼ਮ ਮੰਗਾਂ ਬਾਰੇ ਕੋਈ ਗੱਲ ਨਹੀਂ ਕੀਤੀ ਗਈ। ਆਗੂਆਂ ਨੇ ਅੱਗੇ ਕਿਹਾ ਕਿ ਮੌਜੂਦਾ ਸਰਕਾਰ ਪਹਿਲਾਂ ਬਣੀਆਂ ਸਰਕਾਰਾਂ ਦੇ ਮੁਕਾਬਲੇ ਨਖਿੱਧ ਸਾਬਤ ਹੋਈ ਹੈ। ਇਸ ਸਰਕਾਰ ਦੇ ਰਾਜ ਵਿੱਚ ਲੋਕਾਂ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ਤੇ ਬੰਦ ਕੀਤਾ ਜਾ ਰਿਹਾ ਹੈ। ਆਗੂਆਂ ਨੇ ਮੁਹਾਲੀ ਚੰਡੀਗੜ੍ਹ ਬਾਰਡਰ ਤੇ ਰੋਸ ਕਰਦੇ ਮੁਲਾਜ਼ਮਾਂ ਉੱਤੇ ਸੁੱਟੀਆਂ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲੇ ਅਤੇ ਲਾਠੀਚਾਰਜ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਗੌਰਤਲਬ ਹੈ ਕਿ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਵਿਧਾਨ ਸਭਾ ਵੱਲ ਰੋਸ ਮਾਰਚ ਕਰ ਰਹੇ ਸਨ। ਰੋਸ ਮਾਰਚ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਧੱਕੇਸ਼ਾਹੀ ਵਿੱਚ ਦੋ ਦਰਜਨ ਦੇ ਕਰੀਬ ਮੁਲਾਜਮ ਸਖਤ ਫੱਟੜ ਹੋ ਗਏ ਸਨ। ਇਸ ਮੌਕੇ ਤੇ ਗੁਰਮੀਤ ਸਿੰਘ ਭੋਡੀਪੁਰਾ ਅਮਨਦੀਪ ਕੁਮਾਰ ਲੰਬੀ ਅਤੇ ਜਸਵਿੰਦਰ ਸ਼ਰਮਾ ਆਦਿ ਆਗੂ ਮੌਜੂਦ ਸਨ।
Click to Follow Babushahi Facebook Page →